ਡੇਰਾ ਬਾਬਾ ਨਾਨਕ,(ਵਤਨ) : ਬੀਤੇ ਕੱਲ ਤੋਂ ਹੋ ਰਹੀ ਲਗਾਤਾਰ ਸਰਦ ਰੁੱਤ ਦੀ ਪਹਿਲੀ ਬਾਰਿਸ਼ ਕਾਰਣ ਕਰਤਾਰਪੁਰ ਸਾਹਿਬ ਦਾ ਲਾਂਘਾ ਨੁਕਸਾਨਿਆ ਗਿਆ ਹੈ। ਮੀਂਹ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਈ ਸੜਕ ਖਾਸਕਰ ਸਰਵਿਸ ਰੋਡ ਦੇ ਕੰਢੇ ਨੁਕਸਾਨੇ ਗਏ ਹਨ। ਇਸ ਸੜਕ ਦੇ ਕੰਢਿਆਂ ਨਾਲ ਪਾਈ ਮਿੱਟੀ ਦੇ ਖੁਰ ਜਾਣ ਕਾਰਣ ਜਿੱਥੇ ਕਾਫੀ ਨੁਕਸਾਨ ਹੋਇਆ ਹੈ, ਉੱਥੇ ਸ਼ਰਧਾਲੂਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਰਿਕਾਰਡ 5 ਮਹੀਨਿਆਂ ਅੰਦਰ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਬੀਤੇ ਕੁਝ ਸਮਾਂ ਪਹਿਲਾਂ ਵੀ ਬਾਰਿਸ਼ ਨਾਲ ਸੜਕ ਦੇ ਕੰਢੇ ਨੁਕਸਾਨੇ ਗਏ ਸਨ ਪਰ ਹੁਣ ਦੋ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਣ ਇਸ ਸੜਕ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਕੰਢਿਆਂ ਨਾਲ ਲਗਦੀ ਮਿੱਟੀ ਰੁੜ ਕੇ ਕਿਸਾਨਾਂ ਦੇ ਖੇਤਾਂ ਵਿਚ ਚਲੀ ਗਈ ਹੈ। ਜਿਸ ਕਾਰਣ ਕਿਸਾਨਾਂ ਦਾ ਵੀ ਫਸਲਾਂ ਵਿਚ ਮਿੱਟੀ ਆ ਜਾਣ ਕਾਰਣ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਨੁਕਸਾਨ ਦਾ ਪਤਾ ਲੱਗਣ 'ਤੇ ਬਾਰਿਸ਼ 'ਚ ਹੀ ਇਸ ਦੀ ਆਰਜ਼ੀ ਤੌਰ 'ਤੇ ਰਿਪੇਅਰ ਕਰਦਿਆਂ ਮਿੱਟੀ ਸੁੱਟ ਕੇ ਡੂੰਘੇ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ।
ਪਿਆਜ਼ਾਂ ਨੇ ਪਹਿਲਾਂ ਰੁਲਾਏ ਖਪਤਕਾਰ, ਹੁਣ ਆੜ੍ਹਤੀ ਵੀ ਲਏ ਲਪੇਟ 'ਚ
NEXT STORY