ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਦਿਨ ਮੰਗਲਵਾਰ ਨੂੰ ਲੱਗਣ ਵਾਲੇ ਜੋੜ ਮੇਲੇ ’ਚ ਪੰਜਾਬ ਪੁਲਸ ਵਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੇਲੇ ਵਾਲੀ ਥਾਂ ’ਤੇ ਚੱਪੇ-ਚੱਪੇ ’ਤੇ ਪੁਲਸ ਦੇ ਜਵਾਨ ਕਰੜੀ ਨਜ਼ਰ ਰੱਖਣਗੇ। ਉਪਰੋਕਤ ਜਾਣਕਾਰੀ ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲਾ ਇਹ ਮੇਲਾ ਸ਼ਰਧਾ ਵਾਲਾ ਹੈ, ਇਸ ’ਤੇ ਕਿਸੇ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪੁਲਸ ਵਲੋਂ ਲੋਕਾਂ ਨੂੰ ਸੁਰੱਖਿਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹਰ ਤਰ੍ਹਾ ਦੀ ਸਹਾਇਤਾ ਕਰੇਗੀ।

ਪਹਿਲੀ ਵਾਰ ਮੇਲੇ ’ਚ ਛੱਡਿਆ ਜਾ ਰਿਹਾ 1 ਡੋਰਨ
ਮਾਘੀ ਮੇਲੇ ਦੌਰਾਨ ਐਤਕੀਂ ਪਹਿਲੀ ਵਾਰ ਪੁਲਸ ਵਲੋਂ ਇਕ ਡੋਰਨ ਛੱਡਿਆ ਜਾ ਰਿਹਾ ਹੈ, ਜੋ ਹਰ ਥਾਂ ਦੀ ਨਜ਼ਰ ਰੱਖੇਗਾ। ਇਸ ਤੋਂ ਇਲਾਵਾ ਵਿਸ਼ੇਸ਼ ਵੈਨਾਂ ਜਿੰਨਾਂ ਦੀ ਗਿਣਤੀ ਇਕ ਦਰਜਨ ਦੇ ਕਰੀਬ ਹੈ, ਵੀ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖਣਗੀਆਂ। ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਮੇਲੇ ’ਚ ਜੇਬ ਕਤਰਿਆਂ 'ਤੇ ਪੂਰੀ ਬਰੀਕੀ ਨਾਲ ਨਜ਼ਰ ਰੱਖੀ ਜਾਵੇਗੀ। ਕੁਝ ਜੇਬ ਕਤਰਿਆਂ ਦੀਆਂ ਫੋਟੋਆਂ ਵੀ ਮੰਗਵਾਈਆਂ ਗਈਆਂ ਹਨ, ਜਿੰਨਾਂ ਦੀ ਤੁਰੰਤ ਪਛਾਣ ਕੀਤੀ ਜਾਵੇਗੀ।
ਸੜਕਾਂ ’ਤੇ ਲਗਾਏ ਗਏ ਹਨ ਵਿਸ਼ੇਸ਼ ਨਾਕੇ
ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਬਾਹਰਲੇ ਸ਼ਹਿਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਪੰਜਾਬ ਪੁਲਸ ਵਲੋਂ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਇਸ ਨਾਲ ਹਰ ਆਉਣ ਜਾਣ ਵਾਲੇ ਵਾਹਨ ਅਤੇ ਵਾਹਨ ਚਾਲਕ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਮਲੋਟ ਰੋਡ, ਜਿਥੇ ਮੇਲਾ ਪੂਰੀ ਤਰ੍ਹਾਂ ਨਾਲ ਭਰਨਾ ਹੈ ਅਤੇ ਮਨੋਰੰਜਨ ਮੇਲਾ ਲੱਗਣਾ ਹੈ, ਨੂੰ ਵਨ ਵੇ ਕੀਤਾ ਜਾਵੇਗਾ। ਪੰਜਾਬ ਪੁਲਸ ਵਲੋਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਜੋੜ ਮੇਲੇ ਦੌਰਾਨ ਪੁਲਸ ਨੂੰ ਸਹਿਯੋਗ ਦੇਣ, ਕਿਉਂਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੋਈ ਕੰਮ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ।
ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਲੁੱਟ ਦੇ ਮਾਮਲੇ 'ਚ ਪੁਲਸ ਦਾ ਵੱਡਾ ਖੁਲਾਸਾ
NEXT STORY