ਪਠਾਨਕੋਟ (ਸ਼ਾਰਦਾ) - ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਅੰਤਿਮ ਕੋਨੇ 'ਚ ਸਥਿਤ ਪਠਾਨਕੋਟ ਦੇ ਸਟੇਡੀਅਮ ਦੇ ਗਰਾਊਂਡ 'ਚ ਸੂਬਾ ਪੱਧਰੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲੀ ਵਾਰ ਸੂਬੇ ਦੇ ਰਾਜਪਾਲ ਬੀ. ਪੀ. ਬਦਨੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਰਾਜਪਾਲ ਦੀ 26 ਜਨਵਰੀ ਦੀ ਇਸ ਇਤਿਹਾਸਕ ਫੇਰੀ ਲਈ ਜਿਥੇ ਪੂਰੇ ਜ਼ਿਲੇ ਦੀ ਜਨਤਾ ਹੈਰਾਨ ਹੈ ਤੇ ਮਾਣ ਮਹਿਸੂਸ ਕਰ ਰਹੀ ਹੈ, ਉਥੇ ਹੀ ਸਮਾਗਮ ਵਾਲੀ ਜਗ੍ਹਾ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਥੇ ਸਮਾਗਮ ਹੋਣ ਜਾ ਰਿਹਾ ਹੈ, ਉਸ ਸਟੇਡੀਅਮ ਦੀ ਅਜੇ ਤੱਕ ਉਸਾਰੀ ਪ੍ਰਕਿਰਿਆ ਵੀ ਪੂਰੀ ਨਹੀਂ ਹੋਈ।ਹਾਲਾਂਕਿ ਪਿਛਲੀ ਸਰਕਾਰ ਸਮੇਂ 8 ਕਰੋੜ ਦੀ ਲਾਗਤ ਨਾਲ ਇਸ ਸਟੇਡੀਅਮ ਦੀ ਉਸਾਰੀ ਸ਼ੁਰੂ ਹੋਈ ਸੀ ਪਰ ਅਜੇ ਤੱਕ ਨਿਰਧਾਰਿਤ ਬਜਟ ਪੂਰਾ ਖਰਚ ਨਾ ਹੋ ਸਕਣ ਨਾਲ ਇਸ ਦੀ ਉਸਾਰੀ ਅੱਧਵਿਚਕਾਰ ਹੈ। ਸਟੇਡੀਅਮ ਦਾ ਵੀ. ਆਈ. ਪੀ. ਮੰਚ ਤਾਂ ਫਿਲਹਾਲ ਤਿਆਰ ਹੋ ਚੁੱਕਾ ਹੈ ਤੇ ਸਟੇਜ ਦਾ ਕੰਮ ਜਾਰੀ ਹੈ।
ਰਾਜਪਾਲ ਨਾਲ ਆਉਣਗੇ ਪ੍ਰਿੰਸੀਪਲ ਸਕੱਤਰ ਤੇ ਡੀ. ਜੀ. ਪੀ. ਪੰਜਾਬ
ਵਰਣਨਯੋਗ ਹੈ ਕਿ ਗਣਤੰਤਰ ਦਿਵਸ 'ਤੇ ਰਾਜਪਾਲ ਨਾਲ ਹੋਣ ਵਾਲੇ ਸੂਬਾ ਪੱਧਰੀ ਸਮਾਗਮ 'ਚ ਪ੍ਰਿੰਸੀਪਲ ਸਕੱਤਰ ਤੇ ਡੀ. ਜੀ. ਪੀ. ਨਾਲ ਰਹਿੰਦੇ ਹਨ।
ਸਟੇਡੀਅਮ ਦੀ ਚਾਰਦੀਵਾਰੀ ਪੂਰੀ ਨਾ ਹੋਣ ਨਾਲ ਸੁਰੱਖਿਆ ਪ੍ਰਬੰਧ ਵੱਡੀ ਚੁਣੌਤੀ
ਉਥੇ ਹੀ ਸਟੇਡੀਅਮ ਦੀ ਚਾਰਦੀਵਾਰੀ ਵੀ ਅਜੇ ਤੱਕ ਸੌ ਫੀਸਦੀ ਪੂਰੀ ਨਹੀਂ ਹੋ ਸਕੀ। ਅਜਿਹੇ 'ਚ ਵੀ. ਆਈ. ਪੀਜ਼ ਤੇ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ ਲਈ ਪੁਲਸ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਪ੍ਰਬੰਧ ਸਮਾਗਮ ਦੀ ਤੁਲਨਾ 'ਚ ਕਿਤੇ ਵਧ ਸਖ਼ਤ ਕਰਨ ਦੀ ਜ਼ਰੂਰਤ ਹੈ। ਅਜਿਹੇ 'ਚ ਸੁਰੱਖਿਆ ਸੰਬੰਧੀ ਵੀ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਸਖ਼ਤ ਚੁਣੌਤੀਆਂ ਹਨ।
ਕੀ ਕਹਿਣੈ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਾ
ਇਸ ਸੰਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਉਸਾਰੀ ਜ਼ੋਰਾਂ 'ਤੇ ਹੈ ਤੇ ਕਾਫ਼ੀ ਕੰਮ ਹੋ ਚੁੱਕਾ ਹੈ ਤੇ ਛੇਤੀ ਹੀ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਕੀ ਕਹਿਣੈ ਪ੍ਰਸ਼ਾਸਨ ਦਾ?
ਇਸ ਸੰਬੰਧ 'ਚ ਵਧੀਕ ਡਿਪਟੀ ਕਮਿਸ਼ਨਰ (ਜ.) ਕੁਲਵੰਤ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਸਮਾਗਮ ਸੰਬੰਧੀ ਤਿਆਰੀਆਂ ਲੱਗਭਗ ਪੂਰੀਆਂ ਹਨ। ਸਟੇਜ ਦਾ ਕੰਮ ਕੱਲ ਤੱਕ ਪੂਰਾ ਕਰ ਲਿਆ ਜਾਵੇਗਾ, ਉਥੇ ਹੀ ਤਿੰਨ ਥਾਵਾਂ 'ਤੇ ਪੰਡਾਲ ਲਾਉਣਾ ਹੈ।
ਮੋਗਾ 'ਚ ਨਗਰ ਨਿਗਮ ਨੇ ਹਟਾਏ 239 ਨਾਜਾਇਜ਼ ਖੋਖੇ, ਸਥਿਤੀ ਤਣਾਅਪੂਰਨ
NEXT STORY