ਸ੍ਰੀ ਮੁਕਤਸਰ ਸਾਹਿਬ/ਜਲਾਲਾਬਾਦ (ਪਵਨ, ਖੁਰਾਣਾ, ਦਰਦੀ, ਸੇਤੀਆ)- ''ਜੇਕਰ ਕੈਪਟਨ ਸਰਕਾਰ ਨਾਲ 31 ਅਗਸਤ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਮੀਟਿੰਗ 'ਚ ਕੱਚਾ ਆੜ੍ਹਤੀਆ ਫੈੱਡਰੇਸ਼ਨ ਦੀਆਂ ਮੰਗਾਂ ਦਾ ਸਾਰਥਕ ਹੱਲ ਨਾ ਨਿਕਲਿਆ ਤਾਂ ਪੰਜਾਬ ਭਰ ਦੀਆਂ ਮੰਡੀਆਂ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ''। ਇਸ ਗੱਲ ਦਾ ਐਲਾਨ ਦਾਣਾ ਮੰਡੀ ਵਿਖੇ ਫੈੱਡਰੇਸ਼ਨ ਵੱਲੋਂ ਰੱਖੀ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਵਿਜੈ ਕਾਲੜਾ ਵਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਮਨੀ ਲੈਂਡਰਿੰਗ ਐਕਟ ਪਾਸ ਨਹੀਂ ਹੋਵੇਗਾ ਕਿਉਂਕਿ ਸਰਕਾਰ ਨੇ ਆੜ੍ਹਤੀਆਂ ਦੀ ਏਕਤਾ ਨੂੰ ਦੇਖਦਿਆਂ ਆਪਣਾ ਕਦਮ ਪਿੱਛੇ ਹਟਾ ਲਿਆ ਹੈ। ਆੜ੍ਹਤੀਆਂ 'ਤੇ ਲਾਇਆ ਜਾਣ ਵਾਲਾ 20 ਫੀਸਦੀ ਸੈੱਸ ਨਹੀਂ ਲੱਗੇਗਾ ਤੇ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਤੁਲਾਈ ਵਾਸਤੇ ਕੰਪਿਊਟਰ ਕੰਡੇ ਖਰੀਦਣ ਦੀ ਹਦਾਇਤ ਨੂੰ ਆੜ੍ਹਤੀਏ ਲਾਗੂ ਨਹੀਂ ਕਰਨਗੇ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਇਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿਜੈ ਇੰਦਰ ਸਿੰਗਲਾ, ਆਸ਼ੂਤੋਸ਼ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਾਮਲ ਹਨ, ਜੋ ਕਿ ਆੜ੍ਹਤੀਆ ਫੈੱਡਰੇਸ਼ਨ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਗੇ, ਜੇਕਰ ਸੀ. ਸੀ. ਆਈ. ਨੇ ਕਿਸਾਨਾਂ ਦੇ ਖਾਤੇ 'ਚ ਸਿੱਧੀ ਪੇਮੈਂਟ ਪਾਉਣ ਦਾ ਕੀਤਾ ਨਾਦਰਸ਼ਾਹੀ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਦੇ ਆੜ੍ਹਤੀਏ ਸੀ. ਸੀ. ਆਈ. ਨੂੰ ਪੰਜਾਬ ਦੀਆਂ ਮੰਡੀਆਂ 'ਚ ਦਾਖਲ ਨਹੀਂ ਹੋਣ ਦੇਣਗੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬੈਂਕਾਂ ਵੱਲੋਂ ਕਿਸਾਨਾਂ ਨੂੰ ਧੜਾ-ਧੜ ਦਿੱਤੇ ਕਰਜ਼ੇ ਹਨ, ਜਦਕਿ ਆੜ੍ਹਤੀਏ ਤਾਂ ਕਿਸਾਨਾਂ ਨੂੰ ਲੋੜ ਮੁਤਾਬਕ ਹੀ ਕਰਜ਼ੇ ਦਿੰਦੇ ਹਨ। ਇਸ ਬਾਰੇ ਪੰਜਾਬ ਕੈਬਨਿਟ ਨੇ ਕਰਜ਼ਿਆਂ ਦੀ ਲਿਮਟ ਬਾਰੇ ਵੀ ਇਕ ਬਿੱਲ ਲਿਆਂਦਾ ਹੈ, ਜੋ ਕਿ ਆੜ੍ਹਤੀਆਂ 'ਤੇ ਲਾਗੂ ਨਹੀਂ ਹੋਵੇਗਾ। ਅਸੀਂ ਆਪਣੀ ਏਕਤਾ ਦੇ ਜ਼ੋਰ 'ਤੇ ਹੀ ਆਪਣੀਆਂ ਮੰਗਾਂ ਮਨਵਾ ਸਕਦੇ ਹਾਂ ਅਤੇ ਸਾਨੂੰ ਇਸ ਖਾਤਰ ਇਕਜੁਟ ਹੋਣ ਦੀ ਲੋੜ ਹੈ। ਬਾਦਲ ਸਰਕਾਰ ਨੇ ਵੀ ਪਹਿਲਾਂ ਅਜਿਹਾ ਹੀ ਇਕ ਬਿੱਲ ਲਿਆਂਦਾ ਸੀ ਪਰ ਬਾਦਲ ਸਰਕਾਰ ਨੂੰ ਆੜ੍ਹਤੀਆਂ ਦੀ ਏਕਤਾ ਨੂੰ ਦੇਖਦਿਆਂ ਇਸ ਨੂੰ ਵਾਪਸ ਲੈਣਾ ਪਿਆ ਸੀ। ਇਸ ਵਿਸ਼ਾਲ ਇਕੱਠ 'ਚ ਆੜ੍ਹਤੀਆ ਫੈੱਡਰੇਸ਼ਨ ਹਰਿਆਣਾ ਦੇ ਪ੍ਰਧਾਨ ਅਸ਼ੋਕ ਕੁਮਾਰ, ਰਾਜਸਥਾਨ ਦੇ ਪ੍ਰਧਾਨ ਰਮੇਸ਼ ਕੁਮਾਰ, ਜ਼ਿਲਾ ਪ੍ਰਧਾਨ ਨੱਥਾ ਸਿੰਘ, ਪਿੱਪਲ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤੇਜਿੰਦਰ ਬੱਬੂ ਬਾਂਸਲ, ਬੰਟੀ ਗੋਇਲ, ਜਗਦੇਵ ਸਿੰਘ ਬਰਾੜ ਆਦਿ ਹਾਜ਼ਰ ਸਨ। ਆੜ੍ਹਤੀਆ ਫੈੱਡਰੇਸ਼ਨ ਦੇ ਇਸ ਸੰਘਰਸ਼ ਦੀ ਹਮਾਇਤ ਪੈਸਟੀਸਾਈਡਜ਼ ਐਸੋਸੀਏਸ਼ਨ ਅਤੇ ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਰਦਿਆਂ ਕਿਹਾ ਕਿ ਉਹ ਆੜ੍ਹਤੀਆਂ ਦੇ ਹਰ ਸੰਘਰਸ਼ ਵਿਚ ਪੂਰਾ ਸਮਰਥਨ ਦੇਣਗੇ।
ਲੁਧਿਆਣਾ 'ਚ ਨਕਲੀ ਦੁੱਧ ਦਾ ਟੈਂਕਰ ਫੜ੍ਹਿਆ, ਕਈ ਕਿੱਲੋ ਪਨੀਰ ਕੀਤਾ ਨਸ਼ਟ
NEXT STORY