ਚੰਡੀਗੜ੍ਹ (ਰਾਜਿੰਦਰ) - ਚੰਡੀਗੜ੍ਹ ਨਗਰ ਨਿਗਮ ਦੇ ਅੰਡਰ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਵਿਚ 1 ਅਪ੍ਰੈਲ ਤੋਂ ਰੇਟ ਵਧਾਉਣ ਦੇ ਮੁੱਦੇ 'ਤੇ ਕੌਂਸਲਰਾਂ ਤੇ ਅਧਿਕਾਰੀਆਂ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਨਿਗਮ ਅਧਿਕਾਰੀਆਂ ਨੇ ਪਾਰਕਿੰਗ ਕੰਪਨੀ ਨੂੰ ਫਾਇਦਾ ਦਿੰਦਿਆਂ ਲੋਕਪ੍ਰਤੀਨਿਧੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਆਪ ਹੀ ਕੰਪਨੀ ਨੂੰ ਰੇਟ ਵਧਾਉਣ ਦੀ ਛੋਟ ਦੇ ਦਿੱਤੀ। ਉਥੇ ਹੀ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਤਹਿਤ ਹੀ ਪਾਰਕਿੰਗ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦੇ ਤਹਿਤ ਹੀ ਕੰਪਨੀ ਨੂੰ ਕਾਂਟ੍ਰੈਕਟ ਅਲਾਟ ਕੀਤਾ ਗਿਆ ਸੀ। ਐਤਵਾਰ ਤੋਂ ਕੰਪਨੀ ਨੇ ਜੋ ਪਾਰਕਿੰਗ ਰੇਟਾਂ ਵਿਚ ਵਾਧਾ ਕੀਤਾ ਹੈ, ਉਸ ਦੇ ਤਹਿਤ ਚਾਰ ਪਹੀਆ ਵਾਹਨਾਂ ਤੋਂ ਪਹਿਲੇ ਚਾਰ ਘੰਟਿਆਂ ਦੇ 20 ਰੁਪਏ ਵਸੂਲੇ ਜਾਣਗੇ, ਉਸ ਤੋਂ ਬਾਅਦ ਹਰ ਘੰਟੇ ਲਈ 10 ਰੁਪਏ ਵੱਧ ਵਸੂਲੇ ਜਾਣਗੇ। ਇਸੇ ਤਰ੍ਹਾਂ ਦੋਪਹੀਆ ਵਾਹਨਾਂ ਤੋਂ ਪਹਿਲੇ ਚਾਰ ਘੰਟਿਆਂ ਲਈ 10 ਰੁਪਏ ਤੇ ਉਸ ਤੋਂ ਬਾਅਦ ਦੋ ਘੰਟਿਆਂ ਲਈ ਵਾਧੂ 5 ਰੁਪਏ ਵਸੂਲੇ ਜਾਣਗੇ।
ਅਧਿਕਾਰੀ ਕੰਪਨੀ ਦਾ ਲੈ ਰਹੇ ਹਨ ਪੱਖ : ਮੇਅਰ
ਮੇਅਰ ਦੇਵੇਸ਼ ਮੌਦਗਿਲ ਨੇ ਕਿਹਾ ਹੈ ਕਿ ਅਧਿਕਾਰੀ ਕੰਪਨੀ ਦਾ ਪੱਖ ਲੈ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਲੋਕਪ੍ਰਤੀਨਿਧੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਕੰਪਨੀ ਰੇਟ ਵਧਾਉਣ ਦੀ ਚਿੱਠੀ ਜਾਰੀ ਕਰ ਦਿੱਤੀ। ਫੈਸਲਾ ਲਿਆ ਗਿਆ ਸੀ ਕਿ ਨਿਗਮ ਹਾਊਸ ਵਿਚ ਹੀ ਇਸ ਸਬੰਧੀ ਕੋਈ ਵੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਦੇ ਨਾਲ ਉਹ ਇਸ ਮੁੱਦੇ ਨੂੰ ਉਠਾਉਣਗੇ, ਕਿਉਂਕਿ ਉਹ ਆਮ ਜਨਤਾ 'ਤੇ ਕਿਸੇ ਵੀ ਤਰ੍ਹਾਂ ਦਾ ਭਾਰ ਪਾਉਣਾ ਨਹੀਂ ਚਾਹੁੰਦੇ, ਜਦਕਿ ਪਾਰਕਿੰਗ ਵਿਚ ਸਹੂਲਤਾਂ ਨਹੀਂ ਹਨ।
ਨਿਗਮ ਅਧਿਕਾਰੀਆਂ ਨੇ ਕੀਤਾ ਗਲਤ : ਰਾਜਬਾਲਾ
ਬੀ. ਜੇ. ਪੀ. ਕੌਂਸਲਰ ਰਾਜਬਾਲਾ ਮਲਿਕ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਇਹ ਗਲਤ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਹੀ ਨਿਗਮ ਹਾਊਸ ਦੇ ਫੈਸਲੇ ਨੂੰ ਦਰਕਿਨਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਕਿੰਗ ਕੋਈ ਸਮਾਰਟ ਨਹੀਂ ਹੋਈ ਹੈ, ਇਸ ਲਈ ਰੇਟ ਵਧਾਉਣ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਨਿਗਮ ਅਧਿਕਾਰੀ ਨੇ ਕਿਹਾ ਕਿ ਪਾਰਕਿੰਗਜ਼ ਸਬੰਧੀ ਸਭ ਕੁਝ ਸਹੀ ਹੈ ਕਿਉਂਕਿ ਟੈਕਨੀਕਲ ਕਮੇਟੀ ਨੇ ਵੀ ਇਸ ਸਬੰਧੀ ਆਪਣੀ ਰਿਪੋਰਟ ਦਿੱਤੀ ਸੀ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਹੀ ਕੰਪਨੀ ਨੂੰ ਰੇਟ ਵਧਾਉਣ ਦੀ ਅਪਰੂਵਲ ਦਿੱਤੀ ਗਈ ਸੀ ਕਿਉਂਕਿ ਉਹ ਹੀ ਇਸ ਸਬੰਧੀ ਕੋਈ ਵੀ ਫੈਸਲਾ ਲੈਣ ਵਿਚ ਸਮਰਥ ਹਨ।
ਪਾਰਕਿੰਗਜ਼ 'ਚ ਇਨ੍ਹਾਂ ਸਹੂਲਤਾਂ ਦੀ ਕਮੀ
* ਸਾਰੀਆਂ ਪਾਰਕਿੰਗਜ਼ ਵਿਚ ਅਵਿਵਸਥਾ ਹੈ।
* 50 ਮੀਟਰ ਦੇ ਦਾਇਰੇ 'ਚ ਕੋਈ ਕਰਮਚਾਰੀ ਤਾਇਨਾਤ ਨਹੀਂ ਹੈ।
* ਔਰਤਾਂ ਤੇ ਅੰਗਹੀਣਾਂ ਲਈ ਪਾਰਕਿੰਗ ਸਪੇਸ ਮਾਰਕ ਨਹੀਂ ਕੀਤੀ ਗਈ ਹੈ।
* ਐਗਜ਼ਿਟ ਗੇਟਾਂ ਵਿਚ ਜਾਣ ਲਈ ਪਾਰਕਿੰਗ ਦਿਸ਼ਾ ਬੋਰਡ ਨਹੀਂ ਲੱਗੇ ਹਨ।
* ਕੰਪਨੀ ਵਲੋਂ ਸਪੇਸ ਬੁਕ ਕਰਵਾਉਣ ਲਈ ਲਾਂਚ ਕੀਤੀ ਗਈ ਮੋਬਾਇਲ ਐਪ ਵੀ ਕੰਮ ਨਹੀਂ ਕਰ ਰਹੀ ਹੈ। ਇਹ ਗਲਤ ਜਾਣਕਾਰੀ ਦਿੰਦੀ ਹੈ।
* ਦੋ ਪਾਰਕਿੰਗਜ਼ ਤੋਂ ਇਲਾਵਾ ਕਿਸੇ ਵੀ ਪਾਰਕਿੰਗ 'ਚ ਆਟੋਮੈਟਿਕ ਬੂਮ ਬੈਰੀਅਰ ਨਹੀਂ ਲੱਗੇ ਹਨ।
55 ਨਿਸ਼ਾਨੇਬਾਜ਼ਾਂ ਨੂੰ ਪ੍ਰਾਈਡ ਆਫ ਪੰਜਾਬ-2017 ਐਵਾਰਡ
NEXT STORY