ਮੋਗਾ, (ਆਜ਼ਾਦ)-ਬੀਤੀ ਦੇਰ ਰਾਤ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਬਾਜੇਕੇ ਫੋਕਲ ਪੁਆਇੰਟ ਸਾਹਮਣੇ ਸਥਿਤ ਅਗਰਵਾਲ ਰਾਈਸ ਐਂਡ ਜਨਰਲ ਮਿਲ ਦੇ ਚੌਕੀਦਾਰ ਅਤੇ ਮੁਨੀਮ ਨੂੰ ਬੰਧਕ ਬਣਾ ਕੇ ਅਣਪਛਾਤੇ ਲੁਟੇਰੇ ਟਰੱਕ ਦੇ ਟਾਇਰ, ਬੈਟਰੇ ਅਤੇ ਹੋਰ ਲੱਖਾ ਰੁਪਏ ਦਾ ਸਮਾਨ ਲੈ ਕੇ ਫਰਾਰ ਹੋ ਗਏ। ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸ਼ੈਲਰ ਮਾਲਕ ਕਪਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਸ਼ੈਲਰ ਪਿੰਡ ਬਾਜੇਕੇ ਦੇ ਫੋਕਲ ਪੁਆਇੰਟ ਦੇ ਸਾਹਮਣੇ ਹੈ। ਰਾਤ 12 ਵਜੇ ਕਰੀਬ 15-20 ਹਥਿਆਰਬੰਦ ਵਿਅਕਤੀ ਟਰੱਕ ਟਰਾਲੇ ’ਤੇ ਸਾਡੇ ਸ਼ੈਲਰ ’ਚ ਆਏ ਜਿਨ੍ਹਾਂ ’ਚ ਮੌਜੂਦ ਚੌਂਕੀਦਾਰ ਭੋਲਾ ਸਿੰਘ ਅਤੇ ਮੁਨੀਮ ਗਿਆਪ੍ਰਸਾਦ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਕਮਰੇ ’ਚ ਬੰਦ ਕਰ ਦਿੱਤਾ ਅਤੇ ਚਾਰ ਵਿਅਕਤੀ ਜੋ ਹਥਿਆਰਬੰਦ ਸਨ, ਉਨ੍ਹਾਂ ਕੋਲ ਖਡ਼ੇ ਰਹੇ ਅਤੇ ਧਮਕੀ ਦਿੰਦੇ ਰਹੇ ਕਿ ਜੇਕਰ ਰੌਲਾ ਪਾਇਆ ਦਾ ਜਾਨ ਤੋਂ ਮਾਰ ਦੇਣਗੇ। ਲੁਟੇਰੇ ਸ਼ੈਲਰ ’ਚ ਖਡ਼ੇ ਟਰੱਕ-ਟਰਾਲੇ ਦੇ ਨਵੇਂ ਟਾਇਰ ਸਮੇਤ ਰਿੰਮ ਲਾ ਕੇ ਲੈ ਜਾਣ ਦੇ ਇਲਾਵਾ ਤਿੰਨਾਂ ਟਰੱਕਾਂ ਦੇ ਬੈਟਰੇ, ਇਕ ਟਰੈਕਟਰ ਦਾ ਬੈਟਰਾ, ਏ. ਸੀ., ਲੈਪਟਾਪ, ਤਿਰਪਾਲਾ ਅਤੇ ਹੋਰ ਵੀ ਸਮਾਨ ਉੱਥੋਂ ਚੋਰੀ ਕਰਕੇ ਲੈ ਗਏ। ਇਸ ਉਪਰੰਤ ਉਹ ਚੌਂਕੀਦਾਰ ਨੂੰ ਕਮਰੇ ’ਚ ਬੰਦ ਕਰਕੇ ਚੱਲੇ ਗਏ। ਜਿਨ੍ਹਾਂ ਕਿਸੇ ਤਰ੍ਹਾਂ ਸਾਨੂੰ ਸੂਚਿਤ ਕੀਤਾ ਅਤੇ ਇਸਦੀ ਜਾਣਕਾਰੀ ਅਸੀ ਪੁਲਸ ਨੂੰ ਦਿੱਤੀ। ਸ਼ੈਲਰ ਮਾਲਕ ਨੇ ਕਿਹਾ ਕਿ ਲੁਟੇਰੇ ਕਰੀਬ 2.50 ਲੱਖ ਰੁਪਏ ਦਾ ਸਮਾਨ ਲੈ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਚਾਵਲ ਲੁੱਟਣ ਦੀ ਨੀਅਤ ਨਾਲ ਆਏ ਸਨ, ਲੇਕਿਨ ਸ਼ੈਲਰ ’ਚ ਚਾਵਲ ਨਾ ਹੋਣ ਕਰਕੇ ਉਹ ਦੂਜਾ ਸਮਾਨ ਚੋਰੀ ਕਰਕੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਧਰਮਕੋਟ ਦੇ ਮੁੱਖ ਅਫਸਰ ਜੋਗਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਜਦੋਂ ਮੌਕੇ ’ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਇਲਾਵਾ ਚੌਕੀਦਾਰ ਅਤੇ ਮੁਨੀਮ ਕੋਲੋਂ ਵੀ ਪੁੱਛਗਿੱਛ ਕੀਤੀ, ਲੇਕਿਨ ਕੋਈ ਸੁਰਾਗ ਨਹੀਂ ਮਿਲ ਸਕਿਆ। ਜਦੋਂ ਇਸ ਸਬੰਧੀ ਥਾਣਾ ਮੁੱਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਜਲਦ ਹੀ ਕੋਈ ਸੁਰਾਗ ਮਿਲਣ ਦੀ ਸੰਭਾਵਾਨਾ ਹੈ।
ਡੈਮੋਕਰੇਟਿਕ ਮੁਲਾਜ਼ਮ ਫਰੰਟ ਵੱਲੋਂ ਰੋਸ ਮੁਜ਼ਾਹਰਾ
NEXT STORY