ਪੜ੍ਹਾਈ ਦੀ ਬਜਾਏ ਪ੍ਰੀਖਿਆਰਥੀ ਲੱਭ ਰਹੇ ਨੇ ਨਕਲ ਦੇ ਨਵੇਂ ਤਰੀਕੇ
ਲੁਧਿਆਣਾ(ਵਿੱਕੀ)-ਬੋਰਡ ਪ੍ਰੀਖਿਆਵਾਂ 'ਚ ਨਕਲ 'ਤੇ ਨਕੇਲ ਕੱਸਣ ਦੇ ਲਈ ਅਧਿਕਾਰੀ ਬੇਸ਼ੱਕ ਨਵੇਂ ਤੋਂ ਨਵੇਂ ਫਾਰਮੂਲੇ ਤਿਆਰ ਕਰ ਰਹੇ ਹਨ ਪਰ ਨਕਲਚੀ ਵੀ ਆਪਣੇ ਮਕਸਦ 'ਚ ਕਾਮਯਾਬ ਹੋਣ ਲਈ ਨਵੇਂ ਤਰੀਕਿਆਂ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ ਪਰ ਨਕਲ ਵਰਗੇ ਮਾਮਲਿਆਂ ਨੂੰ ਬੇਨਕਾਬ ਕਰਨ ਦੇ ਲਈ ਜਾਣੇ ਜਾਂਦੇ ਲੁਧਿਆਣਾ ਡਿਪਟੀ ਡੀ. ਈ. ਓ. ਚਰਨਜੀਤ ਸਿੰਘ ਦੀ ਨਜ਼ਰ ਤੋਂ ਨਕਲਚੀ ਬਚ ਨਹੀਂ ਸਕੇ। ਪੀ. ਐੱਸ. ਈ. ਬੀ. 12ਵੀਂ ਦੀ ਪ੍ਰੀਖਿਆ ਦੇ ਅਧੀਨ ਸੋਮਵਾਰ ਨੂੰ ਹੀ ਹਿਸਟਰੀ ਦੀ ਪ੍ਰੀਖਿਆ 'ਚ ਡਾ. ਚਰਨਜੀਤ ਸਿੰਘ ਨੇ ਇਕ ਹੀ ਦਿਨ 'ਚ ਨਕਲ ਦੇ ਮਾਮਲੇ ਫੜਨ ਦਾ ਸਿਕਸਰ ਲਾਇਆ ਹੈ। ਜਗਰਾਓਂ ਦੇ ਆਰ. ਕੇ. ਸੀਨੀਅਰ ਸੈਕੰਡਰੀ ਸਕੂਲ 'ਚ ਬਣੇ ਪ੍ਰੀਖਿਆ ਕੇਂਦਰ 'ਚ ਓਪਨ ਸਕੂਲ ਦੇ 6 ਪ੍ਰੀਖਿਆਰਥੀਆਂ ਨੂੰ ਨਕਲ ਦੀ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰੀਖਿਆ ਕੇਂਦਰ 'ਚ ਪੇਪਰ ਦੇਣ ਆਏ ਇਕ ਨਕਲਚੀ ਨੇ ਮੁੰਨਾ ਬਾਈ ਤੋਂ ਅੱਗੇ ਨਿਕਲਦੇ ਹੋਏ ਨਕਲ ਦਾ ਨਵਾਂ ਤਰੀਕਾ ਵਰਤਿਆ ਪਰ ਕਾਮਯਾਬ ਨਹੀਂ ਹੋਇਆ। ਉਕਤ ਨਕਲਚੀ ਨੇ ਆਪਣੇ ਅੰਡਰਵੀਅਰ 'ਚ ਮੋਬਾਇਲ ਛੁਪਾ ਲਿਆ ਅਤੇ ਉਸ ਨੇ ਆਪਣੀ ਬੁਨੈਣ ਦੇ ਨਾਲ ਮੋਬਾਇਲ ਦੀ ਵਾਇਰਿੰਗ ਬਾਕਾਇਦਾ ਟੇਪ ਨਾਲ ਇਸ ਤਰ੍ਹਾਂ ਕੀਤੀ ਹੋਈ ਸੀ ਕਿ ਤਾਰ ਵੀ ਨਜ਼ਰ ਨਾ ਆਵੇ। ਇਹੀ ਨਹੀਂ ਇਸ ਨਕਲਚੀ ਨੇ ਕੰਨ 'ਚ ਡਿਵਾਈਸ ਵੀ ਲਾਈ ਸੀ ਪਰ ਜਿਉਂ ਹੀ ਫਲਾਇੰਗ ਟੀਮ ਪ੍ਰੀਖਿਆ ਕੇਂਦਰ 'ਚ ਦਾਖਲ ਹੋਈ ਤਾਂ ਉਕਤ ਨਕਲਚੀ ਨੇ ਡਿਵਾਈਸ ਨੂੰ ਤਾਂ ਕਿਤੇ ਦੂਰ ਸੁੱਟ ਦਿੱਤਾ ਪਰ ਮੋਬਾਇਲ ਦੀ ਬੁਨੈਣ ਨਾਲ ਕੀਤੀ ਵਾਇਰਿੰਗ ਨੇ ਉਸ ਨੂੰ ਫਸਾ ਦਿੱਤਾ। ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੋਬਾਇਲ ਅਤੇ ਵਾਇਰ ਤਾਂ ਨਕਲਚੀ ਤੋਂ ਬਰਾਮਦ ਕਰ ਲਏ ਗਏ ਪਰ ਉਸਨੇ ਫਲਾਇੰਗ ਟੀਮ ਦੇ ਪ੍ਰੀਖਿਆ ਕੇਂਦਰ 'ਚ ਆਉਂਦੇ ਹੀ ਡਿਵਾਈਸ ਕਿਤੇ ਸੁੱਟ ਦਿੱਤਾ।
184 ਪੇਜ਼ਾਂ ਦੀ ਪਾਕੇਟ ਲਿਆਇਆ ਨਕਲਚੀ
ਇਸਦੇ ਇਲਾਵਾ ਇਸੇ ਪ੍ਰੀਖਿਆ ਕੇਂਦਰ ਇਕ ਨਕਲਚੀ ਨੂੰ ਹੈੱਡ ਨਾਲ ਫਲਾਇੰਗ ਟੀਮ ਨੇ ਕਾਬੂ ਕੀਤਾ, ਜਿਸ ਤੋਂ ਬਾਕਾਇਦਾ ਪਰਚੀਆਂ ਵੀ ਫੜੀਆਂ ਗਈਆਂ। ਉਥੇ ਪਰਚੀਆਂ ਦੇ ਜ਼ਰੀਏ ਨਕਲ ਕਰ ਰਹੇ ਜਿਨ੍ਹਾਂ 4 ਹੋਰ ਪ੍ਰੀਖਿਆਰਥੀਆਂ ਨੂੰ ਕਾਬੂ ਕੀਤਾ ਗਿਆ, ਉਨ੍ਹਾਂ 'ਚ ਇਕ ਨਕਲਚੀ ਕੋਲੋਂ 184 ਪੇਜ਼ਾਂ ਦੀ ਪਾਕੇਟ ਮਿਲੀ।
22 ਪ੍ਰੀਖਿਆਰਥੀਆਂ 'ਚੋਂ 6 ਨਕਲਚੀ
ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਕੇਂਦਰ 'ਚ ਓਪਨ ਸਕੂਲ ਤਹਿਤ 22 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ, ਜਿਨ੍ਹਾਂ 'ਚੋਂ 6 'ਤੇ ਨਕਲ ਦਾ ਕੇਸ ਬਣਾ ਕੇ ਬੋਰਡ ਨੂੰ ਭੇਜ ਦਿੱਤਾ ਗਿਆ ਹੈ।
ਪਾਵਰਕਾਮ ਪੈਨਸ਼ਨਰਾਂ ਵੱਲੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ
NEXT STORY