ਸੰਗਰੂਰ, (ਬੇਦੀ)— ਅੱਜ ਇੱਥੋਂ ਦੇ ਸਥਾਨਕ ਡੀ. ਸੀ. ਕੰਪਲੈਕਸ ਅੱਗੇ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਦੇ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕੀਤਾ ਤੇ ਐੱਸ. ਡੀ. ਐੱਮ. ਸੰਗਰੂਰ ਤੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੂੰ ਮੰਗ-ਪੱਤਰ ਦਿੱਤੇ । ਜ਼ਿਕਰਯੋਗ ਹੈ ਕਿ ਡਾਇਟ ਦੇ ਅੰਗਰੇਜ਼ੀ ਦੇ ਲੈਕਚਰਾਰ ਬਲਬੀਰ ਚੰਦ ਦੀ 9 ਅਪ੍ਰੈਲ ਨੂੰ ਸਿੱਖਿਆ ਸਕੱਤਰ ਵੱਲੋਂ ਸਿੱਧੇ ਹੁਕਮਾਂ ਰਾਹੀਂ ਸਰਕਾਰੀ ਸੀਨੀਅਨ ਸੈਕੰਡਰੀ ਸਕੂਲ ਮਨਿਆਣਾ ਵਿਖੇ ਆਰਜੀ ਪ੍ਰਬੰਧਾਂ ਤਹਿਤ ਅਗਲੇ ਹੁਕਮਾਂ ਲਈ ਬਦਲੀ ਕੀਤੀ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਵੇਲੇ 'ਸਾਂਝੇ ਅਧਿਆਪਕ ਮੋਰਚੇ' ਤਹਿਤ ਸਿੱਖਿਆ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਹੋਣ ਕਾਰਨ ਉਨ੍ਹਾਂ ਨੂੰ ਵਿਓਂਤਬੰਧੀ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਇਹ ਬਦਲੀ ਜਾਣ-ਬੁੱਝ ਕੇ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕੇ ਤੇ ਇਸ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ । ਆਰਜੀ ਪ੍ਰਬੰਧਾਂ ਦੇ ਅਜਿਹੇ ਫੈਸਲੇ ਆਮ ਤੌਰ 'ਤੇ ਜ਼ਿਲਾ ਸਿੱਖਿਆ ਅਫਸਰ ਨੇੜਲੇ ਇਲਾਕਿਆਂ 'ਚ ਕਰਦਾ ਹੈ ਪਰ ਇੱਥੇ ਸਿੱਖਿਆ ਸਕੱਤਰ ਦੀ ਸਿੱਧੀ ਸ਼ਮੂਲੀਅਤ ਰਾਹੀਂ ਇੰਨੀ ਦੂਰ ਬਦਲੀ ਕਰਨ ਤੋਂ ਇਹ ਸਾਜ਼ਿਸ਼ ਸਾਫ਼ ਹੋ ਜਾਂਦੀ ਹੈ। ਮਨਿਆਣਾ ਸਕੂਲ 'ਚ ਦਾਖਲਿਆਂ ਦੇ ਜਿਸ ਬਹਾਨੇ ਹੇਠ ਇਹ ਬਦਲੀ ਕੀਤੀ ਗਈ ਹੈ, ਉਹ ਵੀ ਪੂਰੀ ਤਰ੍ਹਾਂ ਗੈਰ-ਵਾਜ਼ਿਬ ਹੈ।
ਬਲਬੀਰ ਚੰਦ ਇਕ ਯੋਗ ਤੇ ਈਮਾਨਦਾਰ ਅਧਿਆਪਕ ਹਨ ਤੇ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਹਮੇਸ਼ਾ ਵਿਦਿਆਰਥੀਆਂ ਦੀ ਮਦਦ ਕਰਦੇ ਹਨ। ਉਹ ਅਧਿਆਪਕ ਦੇ ਨਾਲ-ਨਾਲ ਕਈ ਸਮਾਜ ਸੇਵੀ ਤੇ ਅਗਾਂਹਵਧੂ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਤੇ ਡਾਇਟ ਵਿਚ ਮੁੜ-ਬਹਾਲ ਕਰਵਾਉਣ ਲਈ ਉਹ ਤਿੱਖਾ ਸੰਘਰਸ਼ ਕਰਨਗੇ।
ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਸੌਂਪੇ ਮੰਗ-ਪੱਤਰ 'ਚ ਕਿਹਾ ਗਿਆ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸੂਬੇ ਵਿਚ ਸਿੱਖਿਆ ਦਾ ਵਿਕਾਸ ਕਰਨ ਦੀ ਥਾਂ ਲਗਾਤਾਰ 800 ਪ੍ਰਾਇਮਰੀ ਸਕੂਲ ਬੰਦ ਕਰਨ, ਮਿਡਲ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਤੇ ਅਧਿਆਪਕਾਂ ਉੱਪਰ ਗੈਰ-ਅਧਿਆਪਕ ਤੇ ਗੈਰ-ਵਿੱਦਿਅਕ ਕੰਮਾਂ ਦਾ ਬੋਝ ਵਧਾਉਣ ਜਿਹੇ ਸਿੱਖਿਆ ਵਿਰੋਧੀ ਫੈਸਲੇ ਲੈ ਰਹੇ ਹਨ। ਬਲਵੀਰ ਚੰਦ ਨੂੰ ਨਿਸ਼ਾਨਾ ਬਣਾਉਣਾ ਵੀ ਅਜਿਹਾ ਹੀ ਇਕ ਹੋਰ ਫੈਸਲਾ ਹੈ।
ਵਿਦਿਆਰਥੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇ ਇਹ ਬਦਲੀ ਦੇ ਹੁਕਮ ਵਾਪਸ ਲੈ ਕੇ ਬਲਵੀਰ ਚੰਦ ਨੂੰ ਮੁੜ ਡਾਇਟ ਵਿਖੇ ਨਿਯੁਕਤ ਨਾ ਕੀਤਾ ਗਿਆ ਤਾਂ ਉਹ ਡਾਇਟ ਨੂੰ ਬੰਦ ਕਰ ਕੇ ਧਰਨਾ ਲਾਉਣਗੇ। ਉਨ੍ਹਾਂ ਇਸ ਬਦਲੀ ਦਾ ਵਿਰੋਧ ਕਰ ਰਹੀਆਂ ਅਧਿਆਪਕ ਤੇ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਅਗਲੇਰੀ ਕਾਰਵਾਈ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਸਮੇਂ ਜਸ਼ਨ, ਰਵਿੰਦਰ, ਹਰਜੋਤ, ਕਰਨਦੀਪ, ਕਮਲਜੀਤ, ਅਰਸ਼, ਗੌਰਵ, ਇਕਬਾਲ, ਅਮਨ ਤੇ ਹੋਰ ਵਿਦਿਆਰਥੀ ਹਾਜ਼ਰ ਸਨ।
ਲੌਂਗੋਵਾਲ, (ਵਿਜੇ)-ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਰਗਰਮ ਆਗੂ ਲੈਕਚਰਾਰ ਬਲਵੀਰ ਚੰਦ ਲੌਂਗੋਵਾਲ ਦੀ ਬਿਨਾਂ ਕਾਰਨ ਤੇ ਜਬਰੀ ਬਦਲੀ ਕੀਤੇ ਜਾਣ ਦੇ ਰੋਸ 'ਚ ਅੱਜ ਇਥੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਕ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਡੱਟਵੀਂ ਨਾਅਰੇਬਾਜ਼ੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਸੈਕਟਰੀ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਉੱਘੇ ਡੀ. ਟੀ. ਐੱਫ. ਦੇ ਆਗੂ ਲੈਕਚਰਾਰ ਬਲਵੀਰ ਚੰਦ ਲੌਂਗੋਵਾਲ ਦੀ ਬਿਨਾਂ ਕਾਰਨ ਬਦਲੀ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖਿਆ ਖੇਤਰ ਦੇ ਅੰਦਰ ਵੀ ਪ੍ਰਸ਼ਾਸਨ ਨੂੰ ਜੀ ਹਜ਼ੂਰੀ ਕਰਨ ਵਾਲੇ ਕਰਮਚਾਰੀ ਹੀ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਸ ਬਦਲੀ ਕਰਨ ਪਿੱਛੇ ਕੋਈ ਵੀ ਦਲੀਲ ਨਹੀਂ ਰੱਖ ਸਕਿਆ ਤੇ ਨਾ ਹੀ ਉਨ੍ਹਾਂ ਨੂੰ ਕੋਈ ਮੁੱਢਲੀ ਸੂਚਨਾ ਦਿੱਤੀ ਗਈ । ਇਸ ਤੋਂ ਇਹ ਸਾਫ ਸਿੱਧ ਹੁੰਦਾ ਹੈ ਕਿ ਮੌਜੂਦਾ ਸਮੇਂ ਵਿਚ ਪੰਜਾਬ ਅੰਦਰ ਕੋਈ ਜਮਹੂਰੀਅਤ ਨਹੀਂ ਹੈ, ਇਥੇ ਸਿਰਫ ਤੇ ਸਿਰਫ ਧੱਕੇਸ਼ਾਹੀ ਦਾ ਰਾਜ ਚੱਲ ਰਿਹਾ ਹੈ ।
ਇਸ ਸਮੇਂ ਪੰਜਾਬ ਦੇ ਅੰਦਰ ਕੈਪਟਨ ਸਰਕਾਰ ਹੱਕ-ਸੱਚ ਲਈ ਲੋਕ ਹਿੱਤਾਂ ਲਈ ਉਠਣ ਵਾਲੀ ਆਵਾਜ਼ ਨੂੰ ਬੰਦ ਕਰਨ ਦੇ ਯਤਨ ਕਰ ਰਹੀ ਹੈ ਚਾਹੇ ਇਸ ਦੇ ਲਈ ਬੇਦੋਸ਼ੇ ਲੋਕਾਂ 'ਤੇ ਲਾਠੀਚਾਰਜ ਕਰਨਾ, ਝੂਠੇ ਕੇਸ ਦਰਜ ਕਰ ਕੇ ਜੇਲ 'ਚ ਬੰਦ ਕਿਉਂ ਨਾ ਕਰਨਾ ਪਵੇ। ਇਸ ਰੋਸ ਰੈਲੀ ਨੂੰ ਪ੍ਰਿਥੀ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਰੈਲੀ ਦੀ ਸਮਾਪਤੀ ਸਰਕਾਰ ਦੇ ਜਬਰ ਖਿਲਾਫ ਨਾਅਰੇਬਾਜ਼ੀ ਕਰ ਕੇ ਕੀਤੀ ਗਈ।
ਕਾਂਗਰਸ ਸਰਕਾਰ ਡਰੱਗ ਮਾਫੀਆ ਨੂੰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਦਲਵੀਰ ਢਿੱਲੋਂ
NEXT STORY