ਲੁਧਿਆਣਾ (ਸਲੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਅਤੇ ਸਮਾਜਿਕ ਵਿਭਾਗ ਦੇ ਮੁਖੀ ਡਾ. ਸੁਖਪਾਲ ਸਿੰਘ ਨੇ ਕਿਸਾਨ ਮਜ਼ਦੂਰਾਂ ਦੇ ਕਰਜ਼ਿਆਂ ਅਤੇ ਖੁਦਕੁਸ਼ੀਆਂ ਦੇ ਸਹੀ ਕਾਰਨਾਂ 'ਤੇ ਚਰਚਾ ਕਰਦਿਆਂ ਇਹ ਖੁਲਾਸਾ ਕੀਤਾ ਹੈ ਕਿ ਪਿਛਲੇ 10 ਸਾਲਾਂ ਦੌਰਾਨ 4000 ਕਿਸਾਨਾਂ ਅਤੇ 3000 ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ। ਇਨ੍ਹਾਂ 'ਚ 63 ਫੀਸਦੀ ਤਾਂ ਨਸ਼ਾ ਨਹੀ ਕਰਦੇ ਸਨ ਅਤੇ ਬੇਰੁਜ਼ਗਾਰ ਵੀ ਨਹੀਂ ਸਨ। ਡਾ. ਸੁਖਪਾਲ ਨੇ ਪੰਜਾਬ ਦੇ 7 ਜ਼ਿਲਿਆਂ 'ਤੇ ਆਧਾਰਿਤ ਪਟਿਆਲਾ ਯੂਨੀਵਰਸਿਟੀ ਵੱਲੋਂ ਹੁਣ ਪੇਸ਼ ਕੀਤੀ ਰਿਪੋਰਟ ਦੇ ਹਵਾਲੇ ਰਾਹੀਂ ਦੱਸਿਆ ਕਿ 737 ਲੋਕਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ, ਜਿਨ੍ਹਾਂ 'ਚ 397 ਮਜ਼ਦੂਰ ਅਤੇ 340 ਕਿਸਾਨ ਹਨ। ਇਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਕਿ ਮਜ਼ਦੂਰਾਂ 'ਚ ਖੁਦਕੁਸ਼ੀਆਂ ਕਰਨ ਦਾ ਰੁਝਾਨ ਕਿਸਾਨਾਂ ਤੋਂ ਵੀ ਵੱਧ ਰਿਹਾ ਹੈ। ਉਨ੍ਹਾਂ ਖੁਦਕੁਸ਼ੀਆਂ ਦੇ ਕਾਰਨ ਨੂੰ ਸਮਾਜਿਕ ਨਹੀਂ ਬਲਕਿ ਆਰਥਿਕ ਅਤੇ ਰਾਜਨੀਤਿਕ ਦੱਸਿਆ। ਉਨ੍ਹਾਂ ਨੇ ਖੁਦਕੁਸ਼ੀਆਂ ਦੇ ਕਾਰਨਾਂ ਸਬੰਧੀ ਇਹ ਵੀ ਦੱਸਿਆ ਕਿ ਖੇਤੀ ਦੇ ਕੰਮ 'ਚ ਮਸ਼ੀਨਰੀ ਦੀ ਵੱਧ ਵਰਤੋਂ ਕਰਨ ਨਾਲ ਮਜ਼ਦੂਰ ਕੰਮ ਤੋਂ ਬੇਰੁਜ਼ਗਾਰ ਹੋ ਰਹੇ ਹਨ ਅਤੇ ਇਸ ਦੇ ਬਦਲ 'ਚ ਕਿਸੇ ਹੋਰ ਖੇਤੀ ਸੈਕਟਰ ਅਤੇ ਫੈਕਟਰੀ ਆਦਿ ਨਿਰਮਾਣ ਨਹੀਂ ਹੋਇਆ, ਜਿੱਥੇ ਉਨ੍ਹਾਂ ਨੂੰ ਵੱਧ ਕੰਮ ਮਿਲਦਾ ਹੋਵੇ, ਜਿਸ ਕਾਰਨ ਉਨ੍ਹਾਂ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਿਸਾਨ ਅਤੇ ਮਜ਼ਦੂਰ ਦੋਵਾਂ ਨੂੰ ਹੀ ਕਰਜ਼ੇ ਦਾ ਸਹਾਰਾ ਲੈਣਾ ਪੈ ਰਿਹਾ ਹੈ ਪਰ ਆਮਦਨ ਘੱਟ ਹੋਣ ਕਾਰਨ ਕਰਜ਼ਾ ਵਾਪਸ ਨਹੀਂ ਹੁੰਦਾ ਜੋ ਵੱਧਦਾ ਹੀ ਜਾ ਰਿਹਾ ਹੈ, ਜਿਸ ਨਾਲ ਸਥਿਤੀ ਹਰ ਸਾਲ ਹੀ ਵਿਸਫੋਟਕ ਬਣਦੀ ਜਾ ਰਹੀ ਹੈ।
ਕਿਸਾਨਾਂ ਦੇ ਦੁੱਖ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੌਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਖੇਤੀ ਲਾਗਤ ਇੰਨੀ ਵਧ ਗਈ ਹੈ ਕਿ ਖੇਤੀ ਘਾਟੇ 'ਚ ਜਾ ਰਹੀ ਹੈ। ਸਰਕਾਰ ਬਣਾਉਣ ਦੇ ਸਮੇਂ ਸਾਰੇ ਰਾਜਨੀਤਿਕ ਦਲ ਵੋਟਾਂ ਲੈਣ ਲਈ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਸਰਕਾਰ ਬਣਦੇ ਹੀ ਪਲਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰਾਂ ਨੂੰ ਇਕਜੁੱਟ ਹੋ ਕੇ ਬਿਹਤਰ ਜ਼ਿੰਦਗੀ ਬਣਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਗੁਰਮੇਲ ਸਿੰਘ ਕੈਨੇਡਾ ਨੇ ਸੁਝਾਅ ਦਿੱਤਾ ਕਿ ਖੇਤੀ ਦੇ ਖਰਚੇ ਘੱਟ ਕਰਨ ਲਈ ਸਾਂਝੇ ਫਾਰਮ ਦੀ ਨੀਤੀ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਸ ਮੌਕੇ ਸਰਪੰਚ ਬਲਦੇਵ ਸਿੰਘ, ਕਮਲਜੀਤ ਸਿੰਘ, ਜਰਨੈਲ ਸਿੰਘ, ਸਿੱਖਿਆ ਅਧਿਕਾਰੀ ਨਿੱਜਰ ਸਿੰਘ, ਬੁੱਧ ਸਿੰਘ, ਅਵਤਾਰ ਸਿੰਘ, ਤਾਰਾ ਸਿੰਘ ਆਦਿ ਸਮੇਤ ਕਿਸਾਨ ਅਤੇ ਮਜ਼ਦੂਰ ਮੌਜੂਦ ਸਨ।
ਕਪੂਰਥਲਾ 'ਚ ਜ਼ਿਆਦਾਤਰ ਸੜਕਾਂ ਦਾ ਬੇਹੱਦ ਬੁਰਾ ਹਾਲ : ਢੱਪਈ
NEXT STORY