ਮਾਨਸਾ(ਮਿੱਤਲ)-ਮਾਲਵਾ ਖੇਤਰ ਅੰਦਰ ਜਾਰੀ ਖੁਦਕੁਸ਼ੀਆਂ ਦੇ ਦੁਖਦਾਈ ਦੌਰ ’ਚ ਅੱਜ ਇਸ ਖੇਤਰ ਦੇ ਦੋ ਹੋਰ ਮੰਦਭਾਗੇ ਕਿਸਾਨਾਂ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜੀਤਸਰ ਕੋਠੇ (ਬੱਛੋਆਣਾ) ਦੇ ਕਿਸਾਨ ਬਲਜੀਤ ਸਿੰਘ (55) ਪੁੱਤਰ ਰਘਵੀਰ ਸਿੰਘ ਤੇ ਟਾਹਲੀਆ ਦੇ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ (25) ਪੁੱਤਰ ਜਰਨੈਲ ਸਿੰਘ ਨੇ ਕਰਜ਼ੇ ਤੋਂ ਮੰਗ ਆ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਬਲਜੀਤ ਸਿੰਘ ਬੱਛੂਆਣਾ ਦੇ ਬੇਟੇ ਸੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 2 ਏਕਡ਼ ਆਪਣੀ ਤੇ 37 ਏਕਡ਼ ਠੇਕੇ ਦੀ ਜ਼ਮੀਨ ਤੇ ਹੈ, ਜਿਸ ਤੇ ਉਹ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਸਿਰ ਸਾਢੇ 7 ਲੱਖ ਰੁਪਏ ਆਡ਼ਤੀਏ ਦਾ ਕਰਜ਼ਾ ਤੇ 16 ਲੱਖ ਰੁਪਏ ਦੀ ਹੋਰ ਦੇਣਦਾਰੀ ਸੀ, ਜਿਸ ਕਰ ਕੇ ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦੇ ਸਨ, ਜਿਸ ਕਾਰਨ ਉਸ ਨੇ ਘਰ ’ਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਤੋਂ ਇਲਾਵਾ ਮ੍ਰਿਤਕ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਟਾਹਲੀਆਂ, ਜਿਸ ਸਿਰ 13 ਲੱਖ ਰੁਪਏ ਕਰਜ਼ਾ ਦੱਸਿਆ ਜਾਂਦਾ ਹੈ, ਨੇ ਆਪਣੇ ਖੇਤਾਂ ’ਚ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਇਕਬਾਲ ਸਿੰਘ ਫਫਡ਼ੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨਾਂ ਦੇ ਕਰਜ਼ੇ ਉਪਰ ਲਕੀਰ ਮਾਰਦੇ ਹੋਏ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਮਦਦ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇੱਥੋਂ ਕੁੱਝ ਕਿਲੋਮੀਟਰ ਦੂਰ ਪਿੰਡ ਉਭਾ ਦੇ ਵਸਨੀਕ ਕਿਸਾਨ ਰਾਜਿੰਦਰ ਸਿੰਘ ਵਲੋਂ ਕਰਜ਼ੇ ਦੀ ਮਾਰ ਹੇਠ ਦੱਬੇ ਹੋਣ ਕਾਰਨ ਕੀਡ਼ੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਰਾਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਕੋਲ ਕਰੀਬ ਤਿੰਨ ਏਕਡ਼ ਜ਼ਮੀਨ ਸੀ, ਜਦੋਂ ਕਿ ਉਸ ਦੇ ਸਿਰ ਕਰਜ਼ਾ 19 ਲੱਖ ਰੁਪਏ ਸੀ, ਜਿਸ ਪ੍ਰੇਸ਼ਾਨੀ ਦੇ ਕਾਰਨ ਉਸ ਨੇ ਆਪਣੇ ਖੇਤ ’ਚ ਕੀਡ਼ੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਤੇ ਇਕ ਬੱਚਾ ਛੱਡ ਗਿਆ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ।
ਅੱਧੀ ਦਰਜਨ ਵਿਅਕਤੀਆਂ ਵੱਲੋਂ ਨੌਜਵਾਨ ਅਗਵਾ, ਕੀਤੀ ਕੁੱਟਮਾਰ
NEXT STORY