ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਹਵਾਲਾਤੀ ਸੁਕੇਸ਼ ਚੰਦਰਸ਼ੇਖਰ ਵੱਲੋਂ ਜੇਲ੍ਹ ’ਚ ਸੁਰੱਖਿਆ ਲਈ ਅਤੇ ਆਮ ਆਦਮੀ ਪਾਰਟੀ ਦਾ ਅਹੁਦਾ ਲੈਣ ਲਈ ਰਿਸ਼ਵਤ ਦੇਣ ਦੇ ਮਾਮਲੇ ਦੀ ਸੀ. ਬੀ. ਆਈ. ਵੱਲੋਂ ਫੌਜਦਾਰੀ ਮੁਕੱਦਮਾ ਦਰਜ ਕਰਨ ਉਪਰੰਤ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਚੰਦਰਸ਼ੇਖਰ ਵੱਲੋਂ ਦਿੱਲੀ ਦੇ ਉਪ ਰਾਜਪਾਲ ਨੂੰ ਲਿਖੇ ਪੱਤਰ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਲ੍ਹ ਮੰਤਰੀ ਸਤੇਂਦਰ ਜੈਨ ਨੇ ਹਵਾਲਾਤੀ ਤੋਂ ਕੱਟੜ ਈਮਾਨਦਾਰ ‘ਆਪ’ ਕਨਵੀਨਰ ਵੱਲੋਂ ਇਹ ਪੈਸਾ ਪ੍ਰਾਪਤ ਕੀਤਾ ਕਿਉਂਕਿ ਸਿਰਫ ਕੇਜਰੀਵਾਲ ਹੀ ਚੰਦਰਸ਼ੇਖਰ ਨੂੰ ਪਾਰਟੀ ਦੇ ਅਹੁਦੇ ਅਤੇ ਮਸਾਜ (ਮਾਲਿਸ਼) ਸਮੇਤ ਵੀ. ਆਈ. ਪੀ. ਟ੍ਰੀਟਮੈਂਟ ਤਿਹਾੜ ਜੇਲ੍ਹ ’ਚ ਉਪਲੱਬਧ ਕਰਵਾ ਸਕਦੇ ਹਨ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਵਾਲਾਤੀਆਂ ਤੋਂ ਫਿਰੌਤੀਆਂ ਦੀ ਰਕਮ ਲੈ ਕੇ ਭਾਰਤ ’ਚ ਸਿਆਸਤ ਨੂੰ ਬਹੁਤ ਹੇਠਲੇ ਪੱਧਰ ’ਤੇ ਪਹੁੰਚਾ ਦਿੱਤਾ ਹੈ ਅਤੇ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਹਵਾਲਾਤੀ ਨੂੰ ਜੇਲ੍ਹ ’ਚ ਸੁਰੱਖਿਅਤ ਰਹਿਣ ਅਤੇ ਵੀ. ਆਈ. ਪੀ. ਸਹੂਲਤਾਂ ਦਾ ਆਨੰਦ ਮਾਣਨ ਲਈ ਕਰੋੜਾਂ ਰੁਪਏ ਜੇਲ੍ਹ ਮੰਤਰੀ ਨੂੰ ਦੇਣੇ ਪਏ ਹਨ।
ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਵਿਭਾਗ ਨੇੇ ਪਰਾਲੀ ਸਾੜਨ ਵਾਲੇ 97 ਕਿਸਾਨਾਂ ਨੂੰ ਕੀਤਾ ਜੁਰਮਾਨਾ
ਉਨ੍ਹਾਂ ਕਿਹਾ ਕਿ ਇਹ ਸਭ ਦਿੱਲੀ ਦੇ ਮੁੱਖ ਮੰਤਰੀ ਦੇ ਧਿਆਨ ਹੋਣ ਤੋਂ ਬਿਨਾਂ ਸੰਭਵ ਨਹੀਂ ਹੈ ਤੇ ਇਸ ਅਪਰਾਧ ਵਿਚ ਮੁੱਖ ਮੰਤਰੀ ਦੀ ਭੂਮਿਕਾ ਦੀ ਸੀ. ਬੀ. ਆਈ. ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਤਿਹਾੜ ਜੇਲ੍ਹ ਵਿਚ ਸਹੂਲਤਾਂ ਦੇਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਸਾਹਮਣੇ ਆ ਗਿਆ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ’ਚ ਰਚੀ ਗਈ ਸੀ। ਹੁਣ ਜਦੋਂ ਜੇਲ੍ਹ ਮੰਤਰੀ ਨੂੰ ਰਿਸ਼ਵਤ ਦੇਣ ਵਰਗੇ ਦੋਸ਼ ਸਾਹਮਣੇ ਆ ਗਏ ਹਨ ਤਾਂ ਇਹ ਜ਼ਰੂਰੀ ਹੈ ਕਿ ਤਿਹਾੜ ਜੇਲ੍ਹ ’ਚ ਗੈਂਗਸਟਰਾਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਮੀਡੀਆ ਵਿਚ ਇਹ ਵੀ ਦੋਸ਼ ਲੱਗੇ ਹਨ ਕਿ ਪੰਜਾਬ ’ਚ ਵੀ ਰਾਜ ਸਭਾ ਟਿਕਟਾਂ ਵੇਚੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੀ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀ ਇਕ ਵੀ ਟਿਕਟ ਆਪਣੇ ਕਿਸੇ ਵਰਕਰ ਜਾਂ ਐੱਸ. ਸੀ. ਭਾਈਚਾਰੇ ਦੇ ਮੈਂਬਰ ਨੂੰ ਨਹੀਂ ਦਿੱਤੀ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਉਹ ਡਾ. ਬੀ ਆਰ. ਅੰਬੇਦਕਰ ਦੀਆਂ ਤਸਵੀਰਾਂ ਲਾ ਕੇ ਵਰਤ ਰਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦੀ ਵਧੀ ਹੋਈ ਗਤੀਵਿਧੀ ਤੇ ਫਿਰੌਤੀਆਂ ਵਸਲੂਣ ਦੇ ਮਾਮਲਿਆਂ ’ਚ ਵਾਧਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਸੁਰੱਖਿਅਤ ਟਿਕਾਣੇ ਦਿੱਤੇ ਗਏ ਹਨ, ਜਿਥੋਂ ਉਹ ਆਪਣੇ ਅਪਰਾਧ ਸਿੰਡੀਕੇਟ ਚਲਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਸ ’ਤੇ ਲਾਏ ਵੱਡੇ ਇਲਜ਼ਾਮ
ਉਨ੍ਹਾਂ ਮੰਗ ਕੀਤੀ ਕਿ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ਵਿਚ ਫਰਾਰ ਹੋਣ ਸਮੇਤ ਇਸ ਸਾਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਫਰਾਰ ਹੋਣ ਦੀ ਯੋਜਨਾ ਸੂਬੇ ਦੀ ਜੇਲ੍ਹ ’ਚ ਘੜੀ ਗਈ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ’ਚ ਵਾਧਾ ਇਹ ਸੰਕੇਤ ਦੇ ਰਿਹਾ ਹੈ ਕਿ ਹਾਈ ਕਮਾਂਡ ‘ਆਪ’ ਦੀ ਪੰਜਾਬ ਇਕਾਈ ’ਤੇ ਕਿਵੇਂ ਫੰਡਾਂ ਵਾਸਤੇ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਹਾਈਕਮਾਂਡ ਨੇ ਹਾਲੇ ਤੱਕ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜੋ ਸ਼ਰੇਆਮ ਫਿਰੌਤੀਆਂ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਗੂਆਂ ਦੀ ਰੇਤ ਮਾਈਨਿੰਗ ’ਚ ਵੱਡੇ ਪੱਧਰ ’ਤੇ ਸ਼ਮੂਲੀਅਤ ਹੈ ਤੇ ਇਹ ਆਗੂ ਗੈਂਗਸਟਰਾਂ ਤੇ ਗੈਰ-ਸਮਾਜੀ ਤੱਤਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ, ਜਿਸ ਕਾਰਨ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡ ਵੀ ‘ਆਪ’ ਕੋਲੋਂ ਸੁਰੱਖਿਅਤ ਨਹੀਂ ਹਨ ਤੇ ਕਰੋੜਾਂ ਰੁਪਏ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਇਸ਼ਤਿਹਾਰਬਾਜ਼ੀ ’ਤੇ ‘ਆਪ’ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੇਸਾਂ ਦੀ ਸੱਚਾਈ ਤਾਂ ਹੀ ਬਾਹਰ ਆ ਸਕਦੀ ਹੈ, ਜੇਕਰ ਇਨ੍ਹਾਂ ਦੀ ਨਿਆਇਕ ਜਾਂਚ ਹੋਵੇ।
ਮਾਲ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
NEXT STORY