ਪਟਿਆਲਾ (ਪਰਮੀਤ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲਾ ਪਟਿਆਲਾ 'ਚ ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਰਾਜਨੀਤੀ ਵਿਚ ਵੱਡਾ ਘਟਨਾਕ੍ਰਮ ਵੇਖਣ ਨੂੰ ਮਿਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ 'ਤੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਗਤੀਵਿਧੀਆਂ ਦੀ ਕਮਾਂਡ ਸੰਭਾਲ ਲਈ ਹੈ।ਲੋਕ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਇਸ ਜੱਦੀ ਜ਼ਿਲੇ 'ਚ ਅਕਾਲੀ ਦਲ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਕਮਾਂਡ ਹੁਣ ਪ੍ਰੋ. ਚੰਦੂਮਾਜਰਾ ਨੇ ਸੰਭਾਲ ਲਈ ਹੈ। ਲੰਘੇ ਕੱਲ ਪਾਰਟੀ ਦੀ ਜ਼ਿਲਾ ਲੀਡਰਸ਼ਿਪ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਪ੍ਰੋ. ਚੰਦੂਮਾਜਰਾ ਵੱਲੋਂ ਕੀਤੇ ਜਾਣ ਨਾਲ ਜ਼ਿਲੇ ਵਿਚ ਅਕਾਲੀ ਰਾਜਨੀਤੀ ਅੰਦਰ ਵੱਡੀ ਤਬਦੀਲੀ ਮਹਿਸੂਸ ਕੀਤੀ ਜਾ ਰਹੀ ਹੈ।
ਜ਼ਿਲੇ 'ਚ ਅਕਾਲੀ ਗਤੀਵਿਧੀਆਂ ਨੂੰ ਚਲਾਉਣ ਵਾਸਤੇ ਲਗਾਤਾਰ ਕਿਸੇ ਧੜੱਲੇਦਾਰ ਨੇਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਅਕਾਲੀ ਦਲ ਦੇ ਸੂਤਰਾਂ ਮੁਤਾਬਕ ਪਟਿਆਲਾ ਜ਼ਿਲੇ ਦੇ ਕਈ ਪ੍ਰਮੁੱਖ ਆਗੂਆਂ ਨੇ ਇਸ ਮਾਮਲੇ 'ਤੇ ਪਾਰਟੀ ਮੁਖੀ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ ਸੀ। ਪ੍ਰੋ. ਚੰਦੂਮਾਜਰਾ ਨੂੰ ਵੀ ਜ਼ਿਲੇ ਵਿਚ ਆਪਣੀ ਸਰਗਰਮੀ ਵਧਾਉਣ ਦੀ ਬੇਨਤੀ ਕੀਤੀ ਸੀ। ਪਾਰਟੀ ਵੱਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਦੌਰਾਨ ਆਪਣੀ ਪਰਚੀ ਆਪਣੇ ਜੱਦੀ ਪਿੰਡ ਚੰਦੂਮਾਜਰਾ, ਹਲਕਾ ਰਾਜਪੁਰਾ ਜ਼ਿਲਾ ਪਟਿਆਲਾ 'ਚ ਭਰਨ ਦੀਆਂ ਪ੍ਰੋ. ਚੰਦੂਮਾਜਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਹ ਚਰਚਾ ਛਿੜ ਗਈ ਸੀ ਕਿ ਹੁਣ ਪ੍ਰੋ. ਚੰਦੂਮਾਜਰਾ ਜ਼ਿਲੇ 'ਚ ਪੂਰੇ ਸਰਗਰਮ ਹੋਣਗੇ। ਉਪਰੰਤ ਹੋਈ ਜ਼ਿਲਾ ਲੀਡਰਸ਼ਿਪ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਕੇ ਪ੍ਰੋ. ਚੰਦੂਮਾਜਰਾ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਹ ਜ਼ਿਲੇ 'ਚ ਅਕਾਲੀ ਰਾਜਨੀਤੀ ਦਾ ਪ੍ਰਮੁੱਖ ਧੁਰਾ ਹੋਣਗੇ।
ਹਰਪਾਲ ਜੁਨੇਜਾ ਨੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਪ੍ਰੋ. ਚੰਦੂਮਾਜਰਾ ਦਿੱਤੀ ਜਾਣਕਾਰੀ
ਦੋਵਾਂ ਆਗੂਆਂ ਨੇ ਅੱਧਾ ਘੰਟਾ ਬੰਦ ਕਮਰੇ 'ਚ ਕੀਤੀ ਮੀਟਿੰਗ
ਪਟਿਆਲਾ, (ਬਲਜਿੰਦਰ)-ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਘਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ-ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ। ਦੋਵਾਂ ਆਗੂਆਂ ਨੇ ਅੱਧੇ ਘੰਟੇ ਤੱਕ ਬੰਦ ਕਮਰਾ ਮੀਟਿੰਗ ਕੀਤੀ। ਇਸ ਦੌਰਾਨ ਹਰਪਾਲ ਜੁਨੇਜਾ ਨੇ ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਖਿਲਾਫ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਈ ਕੇਸ ਅਕਾਲੀ ਦਲ ਦੇ ਸੀਨੀਅਰ ਮੀਤ-ਪ੍ਰਧਾਨ ਚੰਦੂਮਾਜਰਾ ਨੂੰ ਦੱਸੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਸੱਤਾ ਦੇ ਨਸ਼ੇ ਵਿਚ ਮਦਹੋਸ਼ ਹੋ ਕੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪਹਿਲਾਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਨੇ ਗੁੰਡਾਗਰਦੀ ਦਾ ਨੰਦਾ ਨਾਚ ਕੀਤਾ। ਹੁਣ ਅਕਾਲੀ ਵਰਕਰਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਵਿਚ ਹਾਰੀਆਂ ਗਈਆਂ ਸੀਟਾਂ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਹਨ। ਇਸ ਲਈ ਪ੍ਰਧਾਨ ਜੁਨੇਜਾ ਨੇ ਲੋਕ ਸਭਾ ਚੋਣਾਂ ਵਿਚ ਪਟਿਆਲਾ ਸ਼ਹਿਰ ਵਿਚ ਹੋਈਆਂ ਗਤੀਵਿਧੀਆਂ ਅਤੇ ਹਾਰ ਦੇ ਮੁੱਖ ਕਾਰਨਾਂ ਦੀ ਰਿਪੋਰਟ ਵੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸੌਂਪੀ।
ਇਸ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹਰਪਾਲ ਜੁਨੇਜਾ ਪਾਰਟੀ ਦਾ ਨਿਧੜਕ ਜਰਨੈਲ ਹੈ। ਪਹਿਲਾਂ ਉਸ ਨੇ ਵਿਧਾਨ ਸਭਾ ਦੀ ਉੱਪ-ਚੋਣ ਵਿਚ ਕਾਂਗਰਸ ਖਿਲਾਫ ਡਟ ਕੇ ਲੜਾਈ ਲੜੀ। ਇਸ ਤੋਂ ਬਾਅਦ ਪਾਰਟੀ ਨੇ ਉਸ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ, ਉਸ ਨੂੰ ਸਿਰ-ਧੜ ਦੀ ਬਾਜ਼ੀ ਲਾ ਕੇ ਨਿਭਾਇਆ। ਉਨ੍ਹਾਂ ਕਿਹਾ ਕਿ ਬਤੌਰ ਜ਼ਿਲਾ ਪ੍ਰਧਾਨ ਹਰਪਾਲ ਜੁਨੇਜਾ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਵਿਚ ਅਕਾਲੀ ਦਲ ਦਾ ਗਰਾਫ ਵਧਿਆ ਹੈ। ਲੰਘੀਆਂ ਲੋਕ ਸਭਾ ਚੋਣਾਂ ਵਿਚ ਵੀ ਪਟਿਆਲਾ ਸ਼ਹਿਰ ਤੋਂ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਜੁਨੇਜਾ ਪਰਿਵਾਰ ਨੇ ਪਟਿਆਲਾ ਸ਼ਹਿਰ ਦੀ ਕਮਾਂਡ ਸੰਭਾਲੀ ਹੈ, ਅਕਾਲੀ ਦਲ ਦਾ ਵੋਟ ਬੈਂਕ ਵਧਦਾ ਜਾ ਰਿਹਾ ਹੈ। 2014 ਦੀ ਪਟਿਆਲਾ ਵਿਧਾਨ ਸਭਾ ਦੀ ਉੱਪ-ਚੋਣ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਵੀ ਜੁਨੇਜਾ ਨੇ ਕਾਫੀ ਅਹਿਮ ਜ਼ਿੰਮੇਵਾਰੀ ਨਿਭਾਈ। ਜੁਨੇਜਾ ਡਟ ਕੇ ਕਾਂਗਰਸ ਪਾਰਟੀ, ਪੰਜਾਬ ਦੀ ਕਾਂਗਰਸ ਸਰਕਾਰ ਅਤੇ ਗੁੰਡਾਗਰਦੀ ਕਰਨ ਵਾਲੇ ਕਾਂਗਰਸੀ ਆਗੂਆਂ ਖਿਲਾਫ ਲੜਾਈ ਲੜ ਰਹੇ ਹਨ। ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਪੂਰੀ ਤਰ੍ਹਾਂ ਜੁਨੇਜਾ ਪਰਿਵਾਰ ਦੇ ਨਾਲ ਹਨ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੁਮਾਜਰਾ, ਜਥੇ. ਕਰਤਾਰ ਸਿੰਘ ਅਲੌਹਰਾਂ, ਪਟਿਆਲਾ ਦੇ ਸਕੱਤਰ ਜਨਰਲ ਨਰਦੇਵ ਸਿੰਘ ਆਕੜੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਹਰਦੇਵ ਸਿੰਘ ਹਰਪਾਲਪੁਰ, ਸੁਖਬੀਰ ਸਿੰਘ ਸਨੌਰ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਸ਼ੇਖੂਪੁਰ, ਨਵੀਨ ਸ਼ਰਮਾ, ਜਤਿੰਦਰ ਪਹਾੜੀਪੁਰ, ਵਰਿੰਦਰ ਡਕਾਲਾ, ਆਕਾਸ਼ ਸ਼ਰਮਾ ਬਾਕਸਰ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਖੇਡ ਦੇ ਮੈਦਾਨ 'ਚ ਗਰਜੇ ਪਰ ਸਿਆਸਤ 'ਚ ਵਧੇਰੇ ਦਮ ਨਾ ਦਿਖਾ ਸਕੇ ਇਹ ਖਿਡਾਰੀ
NEXT STORY