ਜਲੰਧਰ/ਬਾਦਲ (ਲਾਭ ਸਿੰਘ ਸਿੱਧੂ): ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ 17 ਸਤੰਬਰ ਨੂੰ ਨਵੀਂ ਦਿੱਲੀ ’ਚ ਮਨਾਏ ਜਾ ਰਹੇ ‘ਕਾਲੇ ਦਿਵਸ’ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਆਗੂ ਤੇ ਵਰਕਰ ਦਿਨ ਰਾਤ ਇਕ ਕਰ ਦੇਣ ’ਤੇ ਉਸ ਦਿਨ ਲੱਖਾਂ ਦੀ ਗਿਣਤੀ ’ਚ ਪਾਰਟੀ ਵਰਕਰ ਤੇ ਕਿਸਾਨ ਦਿੱਲੀ ਪਹੁੰਚ ਕੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਇਥੇ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਦੇ ਅਕਾਲੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਸੁਖਬੀਰ ਬਾਦਲ ਨੇ ਇਹ ਮੀਟਿੰਗ ‘ਕਾਲੇ ਦਿਵਸ’ ਨੂੰ ਕਾਮਯਾਬ ਕਰਨ ਲਈ ਅੱਜ ਇਥੇ ਬੁਲਾਈ ਸੀ।
ਸੁਖਬੀਰ ਨੇ ਕਿਹਾ ਕਿ ਖੇਤੀ ਵਿਰੋਧੀ ਇਹ ਕਾਲੇ ਕਾਨੂੰਨ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਅਤੇ ਇਨ੍ਹਾਂ ਨੂੰ ਵਾਪਸ ਕਰਵਾਉਣ ਲਈ ਅਕਾਲੀ ਦਲ ਉਹ ਹੀਲਾ ਵਰਤੇਗਾ, ਜਿਸ ਨਾਲ ਮੋਦੀ ਸਰਕਾਰ ਝੁਕੇ ਅਤੇ ਕਿਸਾਨਾਂ ਦੀ ਗੱਲ ਮੰਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ 9 ਮਹੀਨਿਆਂ ਤੋਂ ਵਧ ਸਮੇਂ ਤੋਂ ਦਿੱਲੀ ਡੇਰੇ ਲਾਈ ਬੈਠੇ ਹਨ ਪਰ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦਾ ਘੁਮੰਡ ਹੀ ਲੈ ਬੈਠੇਗਾ ਕਿਉਂਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੁੰਦੀ ਹੈ ਪਰ ਮੋਦੀ ਸਰਕਾਰ ਤਾਂ ਕੁਝ ਸਰਮਾਏਦਾਰਾਂ ਦੀ ਤਰਫਦਾਰੀ ਕਰਨ ’ਤੇ ਤੁਲ ਗਈ ਹੈ। ਕਿਸਾਨ, ਜਿਹੜਾ ਪਹਿਲਾਂ ਹੀ ਕਰਜ਼ੇ ’ਚ ਡੁੱਬਿਆ ਪਿਆ ਹੈ, ਨੂੰ ਇਹ ਕਾਲੇ ਕਾਨੂੰਨ ਬਰਬਾਦ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੋਦੀ ਭਗਤ ਬਣਿਆ ਹੋਇਆ ਹੈ ਅਤੇ ਉਹ ਵੀ ਕਿਸਾਨੀ ਲਈ ਕੁਝ ਨਹੀਂ ਕਰ ਰਿਹਾ ਅਤੇ ਆਪਣੀ ਕੁਰਸੀ ਬਚਾਉਣ ਦੇ ਜੋੜ-ਤੋੜ ’ਚ ਹੀ ਲੱਗਿਆ ਰਹਿੰਦਾ ਹੈ। ਕਿਸਾਨੀ ਦੀ ਅੱਜ ਤਕ ਜੇ ਕਿਸੇ ਪਾਰਟੀ ਨੇ ਬਾਂਹ ਫੜੀ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਹੀ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਦਕਿ ਕੈਪਟਨ ਸਰਕਾਰ ਇਹ ਸਹੂਲਤਾਂ ਖੋਹਣ ’ਚ ਹੀ ਲੱਗੀ ਰਹੀ।ਉਨ੍ਹਾਂ ਪਾਰਟੀ ਲੀਡਰਾਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਪਹੁੰਚ ਕੇ ਅਕਾਲੀ ਵਰਕਰਾਂ ਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਲਾਮਬੰਦ ਕਰਨ ਅਤੇ 17 ਸਤੰਬਰ ਨੂੰ ਦਿੱਲੀ ਦੀਆਂ ਸੜਕਾਂ ’ਤੇ ਨੀਲੀਆਂ-ਪੀਲੀਆਂ ਪੱਗਾਂ ਵਾਲਿਆਂ ਦਾ ਹੜ੍ਹ ਆਇਆ ਹੋਵੇ।ਮੀਟਿੰਗ ’ਚ ਜਗਮੀਤ ਬਰਾੜ, ਸਰੂਪ ਚੰਦ ਸਿੰਗਲਾ, ਰੋਜ਼ੀ ਬਰਕੰਦੀ, ਮਨਤਾਰ ਸਿੰਘ ਬਰਾੜ, ਜੀਤ ਮਹਿੰਦਰ ਸਿੰਘ ਭੂੰਦੜ, ਸੂਬੇ ਸਿੰਘ ਬਾਦਲ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ।
'ਅਕਾਲੀ ਦਲ' ਨੂੰ ਦਿੱਲੀ 'ਚ ਰੋਸ ਮਾਰਚ ਕੱਢਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕੀ ਬੋਲੇ ਦਲਜੀਤ ਚੀਮਾ
NEXT STORY