ਲਹਿਰਾਗਾਗਾ- ਲਹਿਰਾਗਾਗਾ ਤੋਂ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਈ ਵਾਰ ਇਸ ਹਲਕੇ ਵਿੱਚ ਆ ਚੁੱਕੇ ਹਨ, ਪਰ ਅੱਜ ਇੰਨਾ ਵੱਡਾ ਇਕੱਠ ਹੋਣਾ ਇੱਕ ਰਿਕਾਰਡ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਗਗਨਦੀਪ ਸਿੰਘ ਖੰਡੇਵਾੜ ਨੂੰ ਵਿਧਾਇਕ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਲਕੇ ਦਾ ਇੰਚਾਰਜ ਜਾਂ ਵਿਧਾਇਕ ਇਮਾਨਦਾਰ ਹੋਵੇ, ਨੇਕ ਹੋਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ, ਤਾਂ ਅੱਧੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਸਕਦਾ ਹੈ। ਇਸ ਦੌਰਾਨ ਬਾਦਲ ਨੇ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦੀ ਬਹੁਤ ਕੀਮਤੀ ਸਮਾਂ ਬਰਬਾਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਉਸ ਵੇਲੇ ਪੰਜਾਬ ਵਿੱਚ ਤੇਜ਼ੀ ਨਾਲ ਤਰੱਕੀ ਹੋ ਰਹੀ ਸੀ, ਹਰ ਪਾਸੇ ਵਿਕਾਸ ਦੇ ਕੰਮ ਹੁੰਦੇ ਸਨ ਅਤੇ ਸੜਕਾਂ ਤੇ ਪੁਲ ਬਣਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਲੋਕ ਗੱਲਾਂ ਅਤੇ ਲਾਅਰਿਆਂ ਵਿੱਚ ਆ ਕੇ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਾ ਬੈਠੇ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ, ਜਿਸ ‘ਤੇ ਲੋਕਾਂ ਨੇ ਭਰੋਸਾ ਕਰ ਲਿਆ।
ਇਹ ਵੀ ਪੜ੍ਹੋ- ਲਹਿਰਾਗਾਗਾ ਤੋਂ ਸੁਖਬੀਰ ਬਾਦਲ ਨੇ ਐਲਾਨ'ਤਾ ਅਕਾਲੀ ਦਲ ਦਾ ਉਮੀਦਵਾਰ
ਬਾਦਲ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ “ਝਾੜੂ” ਵਾਲਿਆਂ ਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਕਿ ਇੱਕ ਮੌਕਾ ਦਿਓ, ਪਰ ਹੁਣ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਕੇਜਰੀਵਾਲ ਕਿਤੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਹਾਲਾਤ ਬੇਹੱਦ ਖ਼ਰਾਬ ਹੋ ਗਏ ਹਨ, ਗੈਂਗਸਟਰ ਰਾਜ ਕਰ ਰਹੇ ਹਨ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਅਫਸਰ ਵੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ ਅਤੇ ਸਰਕਾਰ ਦੇ ਮੰਤਰੀ ਹੀ ਗੈਂਗਸਟਰ ਬਣ ਗਏ ਹਨ। ਬਾਦਲ ਨੇ ਕਿਹਾ ਕਿ ਨਸ਼ਾ ਘਰ-ਘਰ ਤੱਕ ਫੈਲ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੌਰਾਨ ਸਰਕਾਰ ਵੱਲੋਂ ਸਾਰੇ ਨੁਕਸਾਨ ਦੀ ਭਰਪਾਈ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਉਹ ਪੂਰੇ ਨਹੀਂ ਹੋਏ। ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਚਾਰ ਸਾਲਾਂ ਵਿੱਚ ਕੋਈ ਨਵਾਂ ਕਾਲਜ ਸ਼ੁਰੂ ਨਹੀਂ ਹੋਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਤੱਕ ਗਾਇਬ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਚੁੱਕੇ ਹਨ ਅਤੇ ਸਮਾਂ ਆ ਗਿਆ ਹੈ ਕਿ ਸਹੀ ਫ਼ੈਸਲਾ ਲਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਹਕੀਕਤ ਵੱਖਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਸਰਕਾਰੀ ਜ਼ਮੀਨਾਂ ਵੇਚਣ ਤੱਕ ਦੀ ਨੌਬਤ ਆ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਵੀ ਵੱਧ ਆਉਣ ਲੱਗ ਪਏ ਹਨ ਕਿਉਂਕਿ ਸਬਸਿਡੀ ਘਟਾ ਦਿੱਤੀ ਗਈ ਹੈ, ਅਤੇ ਹੁਣ ਉਹੀ ਪੈਸਾ ਲੋਕਾਂ ਨੂੰ ਦੇਣ ਦੇ ਨਾਂ ‘ਤੇ ਵਾਪਸ ਦਿਵਾਇਆ ਜਾਵੇਗਾ। ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਵੋਟਾਂ ਲੈਣ ਤੋਂ ਬਾਅਦ ਇਹ ਲੋਕ ਮੁੜ ਗਾਇਬ ਹੋ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੋ ਕੁਝ ਮਿਲ ਰਿਹਾ ਹੈ, ਲੈ ਲਓ, ਪਰ ਵੋਟ ਸਮਝਦਾਰੀ ਨਾਲ ਪਾਓ।
ਇਹ ਵੀ ਪੜ੍ਹੋ- Dm ਰੰਧਾਵਾ ਦੇ ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ, ਅੱਜ ਹੋਵੇਗਾ ਅੰਤਿਮ ਸਸਕਾਰ
ਬਾਦਲ ਨੇ ਅੱਗੇ ਕਿਹਾ ਕਿ ਲੋਕ ਦੱਸਣ ਕਿ ਕੀ ਇਨ੍ਹਾਂ ਸਰਕਾਰਾਂ ਨੇ ਕੋਈ ਵੱਡਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵੱਖ-ਵੱਖ ਪਾਰਟੀਆਂ ਨੇ ਪਿਛਲੇ 25 ਸਾਲਾਂ ਵਿੱਚ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਵੀ ਵੱਡਾ ਵਿਕਾਸ ਹੋਇਆ ਹੈ ਅਤੇ ਜਿਹੜੀਆਂ ਵੀ ਮੁੱਖ ਸਕੀਮਾਂ ਆਈਆਂ ਹਨ, ਉਹ ਬਾਦਲ ਸਰਕਾਰ ਦੇ ਦੌਰਾਨ ਹੀ ਲਾਗੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਾਬ੍ਹ ਸਿਆਸਤ ਵਿੱਚ ਨਾ ਹੁੰਦੇ, ਤਾਂ ਅਸੀਂ ਅੱਜ ਇੱਥੇ ਤੱਕ ਨਹੀਂ ਪਹੁੰਚ ਸਕਦੇ ਸੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੀ ਪਾਰਟੀ ਆਪਣੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੋਚ ਅਤੇ ਹੋਰ ਪਾਰਟੀਆਂ ਦੀ ਸੋਚ ਵਿੱਚ ਵੱਡਾ ਫਰਕ ਹੈ, ਉਹ ਸਿਰਫ਼ ਰਾਜ ਕਰਨ ਆਉਂਦੀਆਂ ਹਨ, ਜਦਕਿ ਬਾਦਲ ਸਾਬ੍ਹ ਹਮੇਸ਼ਾ ਸੇਵਾ ਕਰਨ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਤੁਹਾਡੇ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਮਾਣ ਦਿੱਤਾ, ਪਰ ਇਹ ਦੱਸੋ ਕਿ ਉਹ ਕਿੰਨੀ ਵਾਰ ਤੁਹਾਡੇ ਇਲਾਕੇ ਵਿੱਚ ਆਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅੱਜ ਉਹ ਗੁਜਰਾਤ ਵਿੱਚ ਹਨ ਕਿਉਂਕਿ ਕੇਜਰੀਵਾਲ ਉੱਥੇ ਚੋਣਾਂ ਲੜ ਰਹੇ ਹਨ। ਬਾਦਲ ਨੇ ਦੋਸ਼ ਲਗਾਇਆ ਕਿ ਸਰਕਾਰੀ ਪੈਸੇ ਨਾਲ ਜਹਾਜ਼ਾਂ ਅਤੇ ਇਸ਼ਤਿਹਾਰਾਂ ‘ਤੇ ਖਰਚ ਕੀਤਾ ਜਾ ਰਿਹਾ ਹੈ, ਜੋ ਕਿ ਲੋਕਾਂ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਬਹੁਤ ਪੈਸਾ ਇਕੱਠਾ ਕੀਤਾ ਹੈ ਅਤੇ ਵਿਦੇਸ਼ਾਂ ਵਿੱਚ ਜਾਇਦਾਦਾਂ ਖਰੀਦਣ ਦੇ ਦਾਅਵੇ ਵੀ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇਹ ਵਧ ਕੇ 4.30 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦਾ ਪੈਸਾ ਹੋਰ ਰਾਜਾਂ ਵਿੱਚ ਇਸ਼ਤਿਹਾਰਾਂ ‘ਤੇ ਖਰਚਿਆ ਜਾ ਰਿਹਾ ਹੈ ਅਤੇ ਰੈਲੀਆਂ ਲਈ ਰੋਡਵੇਜ਼ ਦੀਆਂ ਬੱਸਾਂ ਵਰਤੀਆਂ ਜਾ ਰਹੀਆਂ ਹਨ।
ਹੜ੍ਹਾਂ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਨਾ ਕੇਂਦਰ ਸਰਕਾਰ ਵੱਲੋਂ ਢੰਗ ਦੀ ਮਦਦ ਮਿਲੀ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਅਕਾਲੀ ਦਲ ਦੇ ਵਰਕਰ ਹੀ ਲੋਕਾਂ ਦੇ ਨਾਲ ਖੜ੍ਹੇ ਨਜ਼ਰ ਆਏ ਅਤੇ ਸਾਡੇ ਲਈ ਤੁਸੀਂ ਸਾਰੇ ਪਰਿਵਾਰ ਵਰਗੇ ਹੋ।ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਲੋਕ ਕਿਸੇ ਦੇ ਲਾਅਰਿਆਂ ਵਿੱਚ ਨਾ ਆਉਣ ਅਤੇ ਸਹੀ ਚੋਣ ਕਰਨ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਇਮਾਨਦਾਰ ਮੁੱਖ ਮੰਤਰੀ ਹੀ ਹਰ ਸਮੱਸਿਆ ਦਾ ਹੱਲ ਕਰ ਸਕਦਾ ਹੈ, ਇਸ ਲਈ ਜਿਸ ‘ਤੇ ਤੁਹਾਨੂੰ ਭਰੋਸਾ ਹੈ, ਉਸ ਨੂੰ ਵੋਟ ਪਾਓ। ਉਨ੍ਹਾਂ ਨੇ ਦੱਸਿਆ ਕਿ ਮੰਡੀਆਂ, ਡੈਮ, ਏਅਰਪੋਰਟ, ਸੜਕਾਂ, ਬਿਜਲੀ ਦੀਆਂ ਲਾਈਨਾਂ, ਨਹਿਰਾਂ, ਹਾਈਵੇ ਅਤੇ ਟਿਊਬਵੈੱਲ ਕਨੈਕਸ਼ਨ ਵਰਗੇ ਕਈ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਅਨੁਸਾਰ ਅਕਾਲੀ ਦਲ ਦੀ ਸਰਕਾਰ ਨੇ ਲਗਭਗ 13.5 ਲੱਖ ਟਿਊਬਵੈੱਲ ਕਨੈਕਸ਼ਨ ਦਿੱਤੇ, ਜਦਕਿ ਪੂਰੇ ਪੰਜਾਬ ਵਿੱਚ ਕਰੀਬ 15 ਲੱਖ ਟਿਊਬਵੈੱਲ ਕਨੈਕਸ਼ਨ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਘੱਗਰ ਡੈਮ ਦਾ ਪੱਕਾ ਇਲਾਜ ਕੀਤਾ ਜਾਵੇਗਾ। ਜਿੰਨੇ ਵੀ ਦਰਿਆ ਹਨ, ਸਭ ਦੀ ਡੈਮਿੰਗ ਕੀਤੀ ਜਾਵੇਗੀ।
ਕੀਤੇ ਵੱਡੇ ਐਲਾਨ
ਉਨ੍ਹਾਂ ਐਲਾਨ ਕੀਤਾ ਕਿ ਬਾਦਲ ਸਾਬ੍ਹ ਦੀ ਯਾਦ ਵਿੱਚ ਨੀਲੇ ਕਾਰਡ ਦੀ ਯੋਜਨਾ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਲਾਭਪਾਤਰੀਆਂ ਨੂੰ 30 ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਲੜਕੀਆਂ ਲਈ ਸਕੂਲ ਜਾਣ ਵਾਸਤੇ ਸਾਈਕਲਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। ਟਰੱਕ ਰਿਪੇਅਰਿੰਗ ਵਰਗੇ ਕੰਮਾਂ ਦੀ ਟ੍ਰੇਨਿੰਗ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਜਾਣਗੇ। ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨੂੰ 10 ਸਾਲਾਂ ਵਿੱਚ ਵਾਪਸ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ 1 ਲੱਖ ਬੱਚਿਆਂ ਨੂੰ ਇੱਕ ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਸਹੂਲਤ ਹੋਵੇਗੀ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਸਕਿੱਲ ਕਾਲਜ ਖੋਲ੍ਹੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਤਨੀ ਦੀ ਮੌਤ ਤੋਂ ਦੁਖੀ ਵਿਅਕਤੀ ਨੇ ਪੀਤੀ ਸਪਰੇਅ, ਹਾਲਤ ਨਾਜ਼ੁਕ
NEXT STORY