ਚੰਡੀਗੜ੍ਹ,(ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ। ਉਨ੍ਹਾਂ ਨੂੰ ਬਾਦਲ ਨੇ ਬੇਨਤੀ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਲਟਕ ਰਹੀਆਂ ਸੈਨੇਟ ਚੋਣਾਂ ਕਰਵਾਉਣ ਦੀ ਵਾਈਸ ਚਾਂਸਲਰ ਨੂੰ ਹਦਾਇਤ ਦੇਣ ਤਾਂ ਜੋ ਪ੍ਰਮੁੱਖ ਸੰਸਥਾ 'ਚ ਲੋਕਤੰਤਰੀ ਕਦਰਾਂ-ਕੀਮਤਾਂ ਤਬਾਹ ਨਾ ਹੋਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਹਦਾਇਤ ਦੇਣ ਕਿ ਉਹ ਸਰਵਉਚ ਗਵਰਨਿੰਗ ਬਾਡੀ ਲਈ ਮੈਂਬਰ ਨਾਮਜ਼ਦ ਕਰਨ ਦੀ ਤਜਵੀਜ਼ ਰੱਦ ਕਰਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦੇ ਹੱਥ ਵਿਚ ਸ਼ਕਤੀਆਂ ਦਾ ਕੇਂਦਰੀਕਰਨ ਪੰਜਾਬ ਸਮੇਤ ਹੋਰ ਭਾਈਵਾਲਾਂ ਦੇ ਹਿੱਤ ਵਿਚ ਨਹੀਂ ਹੈ।
ਸੁਖਬੀਰ ਨੇ ਕਿਹਾ ਕਿ 2 ਮਹੀਨੇ ਤੋਂ ਵੱਧ ਸਮੇਂ ਤੋਂ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਸੈਨੇਟ ਚੋਣਾਂ ਟਾਲੀਆਂ ਜਾ ਰਹੀਆਂ ਹਨ ਜਦਕਿ ਇਹ 15 ਅਗਸਤ ਤੋਂ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਹੁਣ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ ਜਦਕਿ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਹਾਲ ਹੀ ਵਿਚ ਹੋ ਕੇ ਹਟੀਆਂ ਹਨ। ਇਸ ਨਾਲ ਇਹ ਖਦਸ਼ਾ ਵਧ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣਬੁੱਝ ਕੇ ਸੈਨੇਟ ਖਤਮ ਕਰ ਕੇ ਬੋਰਡ ਆਫ ਗਵਰਨਰਜ਼ ਨਾਮਜ਼ਦ ਕਰਨਾ ਚਾਹੁੰਦਾ ਹੈ। ਅਜਿਹਾ ਕਦਮ ਭਾਵੇਂ ਅਧਿਕਾਰੀਆਂ ਲਈ ਲਾਭਦਾਇਕ ਹੋਵੇ ਪਰ ਇਸ ਨਾਲ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਤੁਹਾਡੇ ਦਖਲ ਦੇਣ ਨਾਲ ਯੂਨੀਵਰਸਿਟੀ ਦਰੁਸਤੀ ਦੇ ਰਾਹ ਪਵੇਗੀ ਅਤੇ ਸੈਨੇਟ ਦੀਆਂ ਚੋਣਾਂ ਛੇਤੀ ਤੋਂ ਛੇਤੀ ਹੋਣਗੀਆਂ।
ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਸੈਨੇਟ ਦੇ ਕਾਰਨ ਪ੍ਰਸ਼ਾਸਨ ਸਹੀ ਨਹੀਂ ਚੱਲ ਰਿਹਾ ਤੇ ਸਿੰਡੀਕੇਟ ਅਹਿਮ ਮਸਲਿਆਂ 'ਤੇ ਚਰਚਾ ਵਾਸਤੇ ਮੀਟਿੰਗ ਨਹੀਂ ਕਰ ਰਹੀ। ਇਸ ਅਰਸੇ ਦੌਰਾਨ ਯੂਨੀਵਰਸਿਟੀ ਦੀ ਦਰਜਾਬੰਦੀ ਵੀ ਘਟੀ ਹੈ ਕਿਉਂਕਿ 2020-21 ਸੈਸ਼ਨ ਲਈ ਉਹ ਦਾਖਲਾ ਪ੍ਰੀਖਿਆਵਾਂ ਹੀ ਨਹੀਂ ਕਰਵਾ ਸਕੀ। ਦਾਖਲੇ ਲਟਕ ਗÂਏ ਤੇ ਕਾਲਜਾਂ ਨੂੰ ਵੀ ਸਹੀ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ ਤੇ ਅਧਿਆਪਕਾਂ ਨੂੰ ਵੀ ਜਬਰੀ ਫਾਰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਲੋਕਤੰਤਰੀ ਸੰਸਥਾਵਾਂ ਨੂੰ ਸੁਰਜੀਤ ਕਰਨ ਨਾਲ ਯੂਨੀਵਰਸਿਟੀ ਦੇ ਹੇਠਾਂ ਜਾਣ ਦਾ ਕ੍ਰਮ ਰੁਕ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ 200 ਤੋਂ ਜ਼ਿਆਦਾ ਕਾਲਜ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ।
ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
NEXT STORY