ਨਵੀਂ ਦਿੱਲੀ/ਚੰਡੀਗੜ੍ਹ : ਪੰਥਕ ਤੇ ਪੰਜਾਬ ਦੀ ਰਾਜਨੀਤੀ ਵਿਚ ਵਾਪਰੇ ਅਹਿਮ ਧਾਰਮਿਕ ਤੇ ਰਾਜਨੀਤਕ ਘਟਨਾਕ੍ਰਮ ਵਿਚ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਅਕਾਲੀ ਦਲ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ। ਇਸ ਘਟਨਾਕ੍ਰਮ ਨੂੰ ਸਿੱਖ ਤੇ ਪੰਜਾਬ ਦੀ ਰਜਨੀਤੀ ਵਿਚ ਅਹਿਮ ਮੋੜ ਤੇ ਧਾਰਮਿਕ ਤੇ ਸਿਆਸੀ ਤੌਰ ’ਤੇ ਖੇਡ ਬਦਲਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਪਾਰਟੀ ਦੀ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਪੰਥ ਨੂੰ ਇਕ ਪੰਥਕ ਝੰਡੇ ਥੱਲੇ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਵਾਸਤੇ ਆਖਿਆ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸਰਨਾ ਨੂੰ ਆਖਿਆ ਕਿ ਉਹ ਹੋਰ ਰਾਜਾਂ ਵਿਚ ਪਾਰਟੀ ਦੀਆਂ ਇਕਾਈਆਂ ਸਥਾਪਤ ਕਰਨ। ਉਨ੍ਹਾਂ ਨੇ ਸਿੱਖ ਕੌਮ ਦੇ ਗੱਦਾਰਾਂ ਤੇ ਕਾਲੀਆਂ ਭੇਡਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਦੇ ਘਟਨਾਕ੍ਰਮ ਨਾਲ ਅਜਿਹੇ ਲੋਕਾਂ ਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਦਾ ਭੋਗ ਪੈਣ ਦਾ ਸਬੱਬ ਬਣ ਗਿਆ ਹੈ।
ਇਹ ਵੀ ਪੜ੍ਹੋ- ਗੈਂਗਸਟਰ ਅਮਿਤ ਡਾਗਰ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਲੈ ਕੇ ਗਈ ਐੱਨ.ਆਈ.ਏ.
ਸਖ਼ਤ ਸ਼ਬਦਾਂ ਭਰੇ ਭਾਸ਼ਣ ਵਿਚ ਸੁਖਬੀਰ ਸਿੰਘ ਬਾਦਲ ਨੇ ਪੰਥ ਦੇ ਉਨ੍ਹਾਂ ਗੱਦਾਰਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਜੋ ਸਿੱਖੀ ਬਾਣਾ ਪਾ ਕੇ ਸਿੱਖ ਕੌਮ ਦੇ ਵਿਰੋਧੀਆਂ ਨਾਲ ਰਲ਼ ਕੇ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੁੰ ਮਾਤ ਦੇਣ ਲਈ ਪੰਥਕ ਸੁਰਜੀਤੀ ਦਾ ਸੰਕੇਤ ਦੇ ਦਿੱਤਾ ਹੈ। ਉਨ੍ਹਾਂ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਤੇ ਸਮਰਥਕਾਂ ਵੱਲੋਂ ਇਸ ਕਾਰਜ ਵਾਸਤੇ ਡਟਵੀਂ ਹਮਾਇਤ ਲਈ ਧੰਨਵਾਦ ਕੀਤਾ। ਬਾਦਲ ਨੇ ਕਿਹਾ ਕਿ ਸੰਕਟ ਦੇ ਸਮਿਆਂ ਨੇ ਹਮੇਸ਼ਾ ਖਾਲਸਾ ਪੰਥ ਨੂੰ ਇਕਜੁੱਟ ਤੇ ਮਜ਼ਬੂਤ ਕੀਤਾ ਹੈ। ਅੱਜ ਖਾਲਸਾ ਪੰਥਕ ਤੇ ਇਸ ਦੀਆਂ ਪੰਥਕ ਤੇ ਇਤਿਹਾਸਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਬਾਹਰੀ ਹਮਲਿਆਂ ਤੇ ਅੰਦਰੂਨੀ ਗੱਦਾਰਾਂ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ ਵਾਸਤੇ ਪੰਥਕ ਏਕਾ ਸਮੇਂ ਦੀ ਲੋੜ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਕਾਲੀ ਦਲ ਨਹੀਂ ਛੱਡਿਆ ਅਤੇ ਉਹ ਹੁਣ ਵੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਹਮੇਸ਼ਾ ਪੰਥ ਦੇ ਭਲੇ ਵਾਸਤੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨਿਭਾਉਂਦਿਆਂ ਅਜਿਹਾ ਕਰਦੇ ਰਹਿਣਗੇ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਤੇ ਜਿੱਤੀਆਂ ਤੇ ਫਿਰ ਗੱਦਾਰੀ ਕੀਤੀ, ਉਹ ਹੁਣ ਵੀ ਪੰਥ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾ ਲੈਣ ਤੇ ਆਪਣੀ ਮਾਂ ਪਾਰਟੀ ਵਿਚ ਵਾਪਸ ਆ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਬੱਬਰ, ਗੁਰਮੀਤ ਸਿੰਘ ਸ਼ੰਟੀ, ਬੀਬੀ ਰਣਜੀਤ ਕੌਰ ਤੇ ਹੋਰਨਾਂ ਨੇ ਵੀ ਵਿਚਾਰ ਪ੍ਰਗਟ ਕੀਤੇ।
ਪਨਗ੍ਰੇਨ ਦੇ ਡਿਪਟੀ ਡਾਇਰੈਕਟਰ ਵੱਲੋਂ ਮੋਗਾ ਮੰਡੀ ਦਾ ਅਚਨਚੇਤ ਦੌਰਾ
NEXT STORY