ਚੰਡੀਗੜ੍ਹ/ਨਕੋਦਰ (ਵੈੱਬ ਡੈਸਕ, ਪਾਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਜਲੰਧਰ ਦੀ ਉਪ-ਚੋਣ ਨੂੰ ਲੈ ਕੇ ਵਿਧਾਨ ਸਭਾ ਹਲਕਾ ਨਕੋਦਰ ਦੀ ਫੇਰੀ ਦੌਰਾਨ ਜਥੇ. ਬਲਵਿੰਦਰ ਸਿੰਘ ਆਲੇਵਾਲੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ 9 ਬੰਦੀ ਸਿੰਘਾਂ ’ਚੋਂ 6 ਨੂੰ ਰਿਹਾਅ ਕਰਨ ਤੇ ਕੇਂਦਰ ਸਰਕਾਰ ਕੋਲ ਕੋਈ ਵੀ ਕੇਸ ਪੈਂਡਿੰਗ ਨਾ ਹੋਣ ਦਾ ਬਿਆਨ ਦੇ ਕੇ ਪੰਜਾਬੀਆਂ ਨੂੰ ਗੁੰਮਰਾਹ ਨਾ ਕਰਨ। ਇਹ ਦੋਵੇਂ ਦਾਅਵੇ ਝੂਠੇ ਹਨ। ਇਸ ਮੌਕੇ ਉਨ੍ਹਾ ਨਾਲ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਜਥੇ. ਇਕਬਾਲ ਸਿੰਘ ਝੂੰਦਾ ਹਾਜ਼ਰ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰੀ ਮੰਤਰੀ ਨੇ ਇਹ ਵੀ ਝੂਠ ਬੋਲਿਆ ਹੈ ਕਿ ਕੇਂਦਰ ਸਰਕਾਰ ਕੋਲ ਸਿਵਾਏ 9 ਬੰਦੀ ਸਿੰਘਾਂ ਦੇ ਹੋਰ ਕੋਈ ਸੂਚੀ ਨਹੀਂ ਹੈ। ਬਾਦਲ ਨੇ ਕਿਹਾ ਕਿ ਸ਼ੇਖਾਵਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ 22 ਬੰਦੀ ਸਿੰਘਾਂ ਦੀ ਸੂਚੀ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਗਾਤਾਰ 22 ਬੰਦੀ ਸਿੰਘਾਂ ਦੀ ਰਿਹਾਈ ਦੇ ਕੇਸ ਦੀ ਪੈਰਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦੇ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਜੋ ਰੋਜ਼ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਕਰਦੇ ਹਨ।
ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ 'ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ 'ਤੇ ਐਲਾਨ ਕੀਤਾ ਸੀ ਕਿ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਅਫ਼ਸੋਸ ਹੈ ਕਿ ਉਹ ਖ਼ੁਦ ਹੀ ਮੁੱਕਰੀ ਜਾ ਰਹੇ ਹਨ। ਭਾਜਪਾ ਦੀ ਲੀਡਰਸ਼ਿਪ ਪੰਜਾਬ 'ਚ ਕੁਝ ਹੋਰ ਬਿਆਨ ਦਿੰਦੀ ਹੈ ਅਤੇ ਪੰਜਾਬ ਤੋਂ ਬਾਹਰ ਕੁਝ ਹੋਰ। ਸੁਖਬੀਰ ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਇਕੋਂ ਸਟੈਂਡ ਰੱਖਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬੰਦੀ ਸਿੰਘ ਉਹ ਲੋਕ ਹਨ, ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਉਹ ਇਨਸਾਫ਼ ਮੰਗ ਰਹੇ ਹਨ। ਇੱਥੇ ਆ ਕੇ ਬਿਆਨ ਦੇਣ ਨਾਲ ਕੁਝ ਨਹੀਂ ਬਣਨਾ , ਉਸ ਨੂੰ ਕਰਕੇ ਦਿਖਾਉਣਾ ਪਵੇਗਾ। ਉਨ੍ਹਾਂ ਆਖਿਆ ਕਿ ਕੇਂਦਰ ਨੇ ਕਿਸਾਨੀ ਸੰਘਰਸ਼ ਦੌਰਾਨ ਵੀ ਕਿਹਾ ਸੀ ਕਿ ਅਸੀਂ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਵਾਂਗੇ ਪਰ ਅਜਿਹਾ ਕੁਝ ਨਹੀਂ ਹੋਇਆ। ਕੇਂਦਰ ਸਰਕਾਰ ਮੌਜੂਦਾ ਸਥਿਤੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਭੱਜ ਨਹੀਂ ਸਕਦੀ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ, ਜੀਪ ਸਣੇ ਨਹਿਰ 'ਚ ਡਿੱਗਾ ਪਰਿਵਾਰ, ਪਤੀ-ਪਤਨੀ ਦੀ ਮੌਤ
ਪੰਜਾਬ ਸਰਕਾਰ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਜਿੰਨੀਆਂ ਵੀ ਜ਼ਰੂਰੀ ਨਿਯੁਕਤੀਆਂ ਹੋ ਰਹੀਆਂ ਹਨ, ਉਹ ਦਿੱਲੀ ਤੋਂ ਹੋ ਰਹੀਆਂ ਹਨ ਅਤੇ ਇਸ ਗੱਲ ਕਾਰਨ ਸੂਬੇ ਦੇ ਲੋਕ ਦੇ ਦਿਲਾਂ 'ਚ ਰੋਸ ਭਰਿਆ ਹੋਇਆ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਕੀ ਕੇਜਰੀਵਾਲ ਨੂੰ ਪੰਜਾਬੀਆਂ 'ਤੇ ਵਿਸ਼ਵਾਸ ਨਹੀਂ ਹੈ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕ੍ਰਿਕਟ ਬੋਰਡ 'ਚ ਕੀਤੀ ਨਿਯੁਕਤੀ 'ਤੇ ਸਵਾਲ ਚੁੱਕੇ ਹਨ ਅਤੇ ਬਠਿੰਡਾ ਦੇ 'ਆਪ' ਵਿਧਾਇਕ ਦੇ ਰਿਸ਼ਵਤ ਲੈਣ ਦਾ ਮਾਮਲੇ ਬਾਰੇ ਵੀ ਪੰਜਾਬ ਸਰਕਾਰ ਨੂੰ ਘੇਰੇ 'ਚ ਲਿਆ ਹੈ। ਇਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨਹੀਂ ਹੈ ਸਗੋਂ ਇਕ ਡਰਾਮਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਦੋਆਬੇ ਦੇ ਕਿਸਾਨਾਂ ਦੇ ਚਿਹਰਿਆਂ 'ਤੇ ਉਸਾਦੀ ਛਾਈ ਹੋਈ ਹੈ ਅਤੇ ਜਿਵੇਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀ ਸਹਾਇਤਾ ਕੀਤਾ ਸੀ , ਉਸ ਤਰ੍ਹਾਂ ਕਿਸਾਨਾਂ ਦੀ ਸਮੱਸਿਆ ਹੱਲ ਕਰਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਦਿੱਤੀ ਹਰੀ ਝੰਡੀ
NEXT STORY