ਜਲੰਧਰ, (ਲਾਭ ਸਿੰਘ ਸਿੱਧੂ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਵਿਧਾਨ ਸਭਾ ਹਲਕਿਆਂ ’ਚ ਸ਼ੁਰੂ ਕੀਤੀਆਂ ਵਰਕਰ ਮੀਟਿੰਗਾਂ ਨੇ ਅਕਾਲੀ ਦਲ ਨੂੰ ਮੁੜ ਜ਼ਮੀਨ ਨਾਲ ਜੋੜਨ ਦਾ ਮੁੱਢ ਬੰਨ੍ਹ ਦਿੱਤਾ ਹੈ। ਇਨ੍ਹਾਂ ਮੀਟਿੰਗਾਂ ’ਚ ਵਰਕਰਾਂ ਨਾਲ ਕੀਤੇ ਜਾਂਦੇ ਸਿੱਧੇ ਸੰਵਾਦ ਨੇ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਇਨ੍ਹਾਂ ਮੀਟਿੰਗਾਂ ’ਚ ਸੁਖਬੀਰ ਬਾਦਲ ਵਲੋਂ ਵਰਕਰਾਂ ਨਾਲ ਸ਼ੁਰੂ ਕੀਤੀ ਸੈਲਫੀ/ਫੋਟੋ ਖਿਚਵਾਉਣ ਦੀ ਮੁਹਿੰਮ ਆਪਣੀ ਕਿਸਮ ਦੀ ਇਕ ਨਿਵੇਕਲੀ ਮੁਹਿੰਮ ਬਣ ਕੇ ਉੱਭਰੀ ਹੈ, ਜਿੱਥੇ ਵਰਕਰ ਇਕ-ਦੂਜੇ ਤੋਂ ਅੱਗੇ ਹੋ ਕੇ ਫੋਟੋ ਖਿਚਵਾਉਂਦੇ ਹਨ।
ਸੁਖਬੀਰ ਬਾਦਲ ਹੁਣ ਤਕ 100 ਤੋਂ ਵੱਧ ਅਸੈਂਬਲੀ ਹਲਕਿਆਂ ’ਚ ਵਰਕਰ ਮੀਟਿੰਗਾਂ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮੀਟਿੰਗਾਂ ’ਚ ਘੱਟੋ-ਘੱਟ 3 ਲੱਖ ਤੋਂ ਵੱਧ ਵਰਕਰਾਂ ਨਾਲ ਫੋਟੋ ਖਿਚਵਾ ਚੁੱਕੇ ਹਨ। ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਜਦੋਂ ਸੁਖਬੀਰ ਉਨ੍ਹਾਂ ਨੂੰ ਪੁੱਛਦੇ ਹਨ ਕਿ ਮੇਰੇ ਨਾਲ ਫੋਟੋ ਖਿਚਵਾਉਣੀ ਹੈ ਤਾਂ ਪੰਡਾਲ ’ਚੋਂ ਜ਼ੋਰ-ਜ਼ੋਰ ਦੀ ਨਾਅਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਫਿਰ ਉਹ ਕਹਿੰਦੇ ਹਨ ਕਿ ਕਿਸੇ ਨੇ ਧੱਕਾ ਨਹੀਂ ਮਾਰਨਾ, ਮੈਂ ਤੁਹਾਡੇ ਨਾਲ ਫੋਟੋ ਖਿਚਵਾ ਕੇ ਅਗਲੇ ਪ੍ਰੋਗਰਾਮ ’ਤੇ ਜਾਵਾਂਗਾ, ਭਾਵੇਂ ਮੈਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ।
ਅੱਜ ਸੁਖਬੀਰ ਬਾਦਲ ਦਾ ਹੁਸ਼ਿਆਰਪੁਰ ਲੋਕ ਸਭਾ ਹਲਕੇ ’ਚ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸੀ, ਜਿੱਥੇ ਪਹਿਲੀ ਮੀਟਿੰਗ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਕੋਟਫਤੂਹੀ ਕਸਬੇ ਦੇ ਇਕ ਪੈਲੇਸ ’ਚ ਰੱਖੀ ਗਈ ਸੀ। ਮੀਟਿੰਗ ’ਚ ਪਹੁੰਚੀਆਂ ਬੀਬੀਆਂ ਵੀ ਫੋਟੋ ਖਿਚਵਾਉਣ ’ਚ ਪਿੱਛੇ ਨਹੀਂ ਰਹੀਆਂ। ਲੱਗਭਗ ਡੇਢ ਘੰਟਾ ਫੋਟੋ ਸੈਸ਼ਨ ਚੱਲਿਆ। ਇਹ ਮੀਟਿੰਗ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਸੋਹਣ ਸਿੰਘ ਠੰਡਲ ਨੇ ਕਰਵਾਈ ਸੀ, ਜਿਸ ’ਚ ਆਸ ਨਾਲੋਂ ਕਿਤੇ ਵਧੇਰੇ ਇਕੱਠ ਹੋਇਆ। ਦੂਜੀ ਮੀਟਿੰਗ ਸੀ ਹਲਕਾ ਸ਼ਾਮਚੁਰਾਸੀ ਦੀ ਸੀ, ਜਿੱਥੇ ਬੀਬੀ ਮਹਿੰਦਰ ਕੌਰ ਜੋਸ਼ ਨੇ ਹਲਕੇ ਦੇ ਵਰਕਰਾਂ ਨੂੰ ਇਕ ਪੈਲੇਸ ’ਚ ਸੁਖਬੀਰ ਬਾਦਲ ਨਾਲ ਰੂਬਰੂ ਕਰਵਾਇਆ। ਇਥੇ ਵੀ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਸੁਖਬੀਰ ਬਾਦਲ ਨੇ ਵਰਕਰ ਮੀਟਿੰਗ ਪਿੱਛੋਂ ਇਥੇ ਵੀ ਫੋਟੋ/ਸੈਲਫੀ ਮੁਹਿੰਮ ਸ਼ੁਰੂ ਕੀਤੀ, ਜੋ ਲੱਗਭਗ ਇਕ ਘੰਟੇ ਤਕ ਚੱਲੀ। ਵਰਕਰਾਂ ’ਚ ਮੀਟਿੰਗ ਲਈ ਉਤਸ਼ਾਹ ਦੇਖਣ ਵਾਲਾ ਸੀ।
ਤੀਜੀ ਤੇ ਆਖਰੀ ਮੀਟਿੰਗ ਵਿਧਾਨ ਸਭਾ ਹਲਕਾ ਟਾਂਡਾ ਵਿਖੇ ਸੀ। ਇਥੇ ਜਦ ਸੁਖਬੀਰ ਬਾਦਲ ਪੈਲੇਸ ਪਹੁੰਚੇ ਤਾਂ ਵਰਕਰਾਂ ਨੇ ਜ਼ੋਰਦਾਰ ਨਾਅਰੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਹਾਲ ਦੇ ਅੰਦਰ 4 ਰਿੰਗ ਬਣਾ ਕੇ ਵਰਕਰਾਂ ਨੂੰ ਬਿਠਾਇਆ ਗਿਆ ਸੀ। ਸੁਖਬੀਰ ਬਾਦਲ ਹਰੇਕ ਰਿੰਗ ’ਚ ਗਏ ਤੇ ਵਰਕਰਾਂ ਨਾਲ ਹੱਥ ਮਿਲਾਇਆ। ਇਸ ਪਿੱਛੋਂ ਉਨ੍ਹਾਂ ਨੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਅਤੇ ਕੈਪਟਨ ਸਰਕਾਰ ਸਮੇਂ ਦੌਰਾਨ ਹੋਏ ਕੰਮਾਂ ਦੀ ਤੁਲਨਾ ਕਰਦਿਆਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਸੂਬੇ ’ਚ ਕੋਈ ਵਿਕਾਸ ਕਾਰਜ ਆਰੰਭਿਆ ਹੈ ਤੇ ਨਾ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਮੀਟਿੰਗ ਪਿੱਛੋਂ ਇਥੇ ਵੀ ਫੋਟੋ ਸੈਸ਼ਨ ਸ਼ੁਰੂ ਹੋਇਆ, ਜੋ ਪੌਣੇ ਘੰਟੇ ਤੋਂ ਵੱਧ ਚੱਲਿਆ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਨਾਲ ਫੋਟੋਆਂ ਖਿਚਵਾਈਆਂ।
ਸਲੂਨ ਦੇ ਸੁਹੱਪਣ ਨੂੰ ‘ਗੁਰਬਤ ਦੀ ਮਾਰ’
NEXT STORY