ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ 2023-24 ਦੇ ਬਜਟ ’ਚ ਅੰਕੜਿਆਂ ਦਾ ਹੇਰ-ਫੇਰ ਕਰ ਕੇ ਲੁਭਾਉਣੀ ਤਸਵੀਰ ਵਿਖਾ ਕੇ ਪੰਜਾਬੀਆਂ ਨਾਲ ਇਕ ਵਾਰ ਫਿਰ ਤੋਂ ਧੋਖਾ ਕੀਤਾ ਹੈ, ਜਦਕਿ ਅਸਲੀਅਤ ’ਚ ਪੰਜਾਬ ਆਰਥਿਕ ਬਰਬਾਦੀ ਦੇ ਰਾਹ ਪੈ ਗਿਆ ਹੈ ਕਿਉਂਕਿ ਕਰਜ਼ਾ ਵਧ ਰਿਹਾ ਹੈ ਤੇ ਸਾਰੇ ਪੈਮਾਨਿਆਂ ’ਤੇ ਸਾਡੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਅੱਜ ਵਿਧਾਨ ਸਭਾ ’ਚ ਪੇਸ਼ ਕੀਤੇ ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮਾਲੀਏ ’ਚ ਵਾਧੇ ਦੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਅੰਕੜਿਆਂ ਦਾ ਹੇਰ-ਫੇਰ ਕਰ ਕੇ ਪੰਜਾਬੀਆਂ ਤੋਂ ਸੱਚਾਈ ਛੁਪਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਹਿਮ ਬਿਆਨ, ਜਾਣੋ ਕੀ ਕਿਹਾ
ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਹੋਰ ਵਧ ਕੇ 3.47 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਜੀ. ਐੱਸ. ਡੀ. ਪੀ. ਦਾ 46.81 ਫੀਸਦੀ ਬਣਦਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵਧ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਮਾਲੀਆ ਅੰਕੜਿਆਂ ਨੂੰ ਵੀ ਬੇਨਕਾਬ ਕੀਤਾ ਅਤੇ ਦੱਸਿਆ ਕਿ ਵਿੱਤੀ ਘਾਟਾ 34784 ਕਰੋੜ ਰੁਪਏ ਦੱਸਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਵੱਖ-ਵੱਖ ਵਿਭਾਗਾਂ ਲਈ ਨਾਮਾਤਰ ਪੈਸਾ ਰੱਖਿਆ ਗਿਆ ਹੈ ਤੇ ਸਕੀਮਾਂ ਲਈ ਪੈਸਾ ਜਾਰੀ ਨਹੀਂ ਹੋਣ ਵਾਲਾ । ਉਨ੍ਹਾਂ ਕਿਹਾ ਕਿ ਮਾਲੀਆ ਘਾਟਾ 12,553 ਕਰੋੜ ਰੁਪਏ ਤੋਂ ਵਧ ਕੇ 24588 ਕਰੋੜ ਰੁਪਏ ਹੋ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ 2023-24 ਮੁੱਖ ਮੰਤਰੀ ਭਗਵੰਤ ਮਾਨ ਦੀ ਬੁਰੀ ਤਰ੍ਹਾਂ ਪ੍ਰਸ਼ਾਸਨਿਕ ਨਾਕਾਮੀ ਦਾ ਝਲਕਾਰਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਭੱਜ ਗਈ ਹੈ।
ਇਹ ਖ਼ਬਰ ਵੀ ਪੜ੍ਹੋ : 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਲੀਕ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਦੂਜਾ ਬਜਟ ਪੇਸ਼ ਕੀਤਾ ਹੈ ਪਰ ਹਾਲੇ ਤੱਕ ਇਸ ਨੇ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਸਕੀਮ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ ਗਿਆ, ਜਦਕਿ ਸਕੀਮ ਮੁੜ ਸ਼ੁਰੂ ਕਰਨ ਦਾ ਜ਼ੋਰ-ਸ਼ੋਰ ਨਾਲ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਬਿਜਲੀ ਉਤਪਾਦਨ ਸਮੇਤ ਬੁਨਿਆਦੀ ਢਾਂਚੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਰੇਤ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਤੋਂ 35000 ਕਰੋੜ ਰੁਪਏ ਇਕੱਤਰ ਕਰਨ ’ਚ ਨਾਕਾਮ ਕਿਉਂ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਰੇਤ ਮਾਈਨਿੰਗ ਤੋਂ ਸਿਰਫ 135 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ ਤੋਂ ਸਪੱਸ਼ਟ ਸੰਕੇਤ ਹੈ ਕਿ ਰੇਤ ਮਾਫੀਆ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਪਿਛਲੇ ਸਾਲ ਮਿਥੇ ਟੀਚੇ ਵਿਚੋਂ ਕਿੰਨਾ ਪੂਰਾ ਹੋਇਆਹੈ। ਉਨ੍ਹਾਂ ਕਿਹਾ ਕਿ ਆਮ ਅਨੁਮਾਨ ਹੈ ਕਿ ‘ਆਪ’ ਸਰਕਾਰ ਨੇ ਆਪਣੇ ਟੀਚੇ ਦਾ 65 ਫੀਸਦੀ ਹੀ ਪੂਰਾ ਕੀਤਾ ਹੈ।
ਨਜਾਇਜ਼ ਮਾਈਨਿੰਗ ’ਤੇ ਵੱਡੀ ਕਾਰਵਾਈ, 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਜ਼ਬਤ ਕੀਤੇ
NEXT STORY