ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਵਿਖੇ ਮਾਘੀ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਪੰਜਾਬ ਵਿੱਚ ਸਿਰਫ਼ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਅਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਦੂਜੇ ਸੂਬਿਆਂ ਵਿੱਚ ਪ੍ਰਚਾਰ ਲਈ ਬਰਬਾਦ ਕੀਤਾ ਜਾ ਰਿਹਾ ਹੈ।

ਦਿੱਤੀਆਂ ਗਾਰੰਟੀਆਂ ਵੱਲ ਸਰਕਾਰ ਨੇ ਮੁੜ ਕੇ ਵੀ ਨਹੀਂ ਝਾਕਿਆ
ਬਾਦਲ ਨੇ ਕਿਹਾ ਕਿ ਚੋਣਾਂ ਵੇਲੇ ਬੀਬੀਆਂ ਨੂੰ 1000 ਰੁਪਏ ਦੇਣ ਅਤੇ ਪੈਨਸ਼ਨ 2500 ਰੁਪਏ ਕਰਨ ਦੀਆਂ ਦਿੱਤੀਆਂ ਗਈਆਂ ਗਾਰੰਟੀਆਂ ਵੱਲ ਸਰਕਾਰ ਨੇ ਮੁੜ ਕੇ ਵੀ ਨਹੀਂ ਝਾਕਿਆ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਕੋਈ ਨਵੀਂ ਸੜਕ ਜਾਂ ਹਸਪਤਾਲ ਨਹੀਂ ਬਣਾਇਆ ਗਿਆ, ਸਗੋਂ ਸਕੂਲਾਂ ਦੇ ਨਾਂ 'ਤੇ ਸਿਰਫ਼ ਰੰਗ-ਰੋਗਣ ਕਰਕੇ ਡੰਗ ਟਪਾਇਆ ਜਾ ਰਿਹਾ ਹੈ।

ਸਰਕਾਰੀ ਖਜ਼ਾਨੇ ਦੀ ਨਿੱਜੀ ਵਰਤੋਂ ਦੇ ਦੋਸ਼
ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਕੇਜਰੀਵਾਲ ਪੰਜਾਬ ਸਰਕਾਰ ਦਾ ਸਰਕਾਰੀ ਜਹਾਜ਼ ਨਿੱਜੀ ਵਰਤੋਂ ਲਈ ਵਰਤ ਰਹੇ ਹਨ ਅਤੇ ਉਨ੍ਹਾਂ ਲਈ ਮੋਹਾਲੀ ਵਿੱਚ 15-20 ਕਰੋੜ ਦੀ ਲਾਗਤ ਨਾਲ ਕੋਠੀ ਤਿਆਰ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਦੀਆਂ ਰੈਲੀਆਂ ਵਿੱਚ ਭੀੜ ਜੁਟਾਉਣ ਲਈ 1600 ਤੋਂ ਵੱਧ ਸਰਕਾਰੀ ਬੱਸਾਂ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਰੈਲੀਆਂ ਦੇ ਟੈਂਟਾਂ ਦੇ ਠੇਕੇ ਵੀ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ।

ਇਸ਼ਤਿਹਾਰਾਂ 'ਤੇ ਕਰੋੜਾਂ ਦਾ ਖਰਚਾ ਤੇ ਦਿੱਲੀ ਦਾ ਕੰਟਰੋਲ
ਸੁਖਬੀਰ ਬਾਦਲ ਨੇ 'ਆਪ' ਦੀ ਤੁਲਨਾ ਅੰਗਰੇਜ਼ਾਂ ਅਤੇ ਮੁਗਲਾਂ ਨਾਲ ਕਰਦਿਆਂ ਕਿਹਾ ਕਿ ਜਿਵੇਂ ਉਹ ਦੇਸ਼ ਲੁੱਟਦੇ ਸਨ, ਉਸੇ ਤਰ੍ਹਾਂ ਕੇਜਰੀਵਾਲ ਦੀ ਪਾਰਟੀ ਪੰਜਾਬ ਨੂੰ ਲੁੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ ਇਸ਼ਤਿਹਾਰਾਂ 'ਤੇ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਖਰਚ ਦਿੱਤੇ ਗਏ ਹਨ, ਜਦਕਿ ਅਕਾਲੀ ਸਰਕਾਰ ਦੌਰਾਨ ਇਹ ਸਾਲਾਨਾ ਬਜਟ ਸਿਰਫ਼ 30 ਕਰੋੜ ਰੁਪਏ ਹੁੰਦਾ ਸੀ। ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚਲਾ ਰਹੇ ਹਨ ਅਤੇ ਅਫ਼ਸਰਾਂ ਦੀਆਂ ਬਦਲੀਆਂ ਵੀ ਉੱਥੋਂ ਹੀ ਹੁੰਦੀਆਂ ਹਨ।



ਪੰਜਾਬ ਦੇ ਹਿੱਤਾਂ ਲਈ ਲੜਾਈ ਜਾਰੀ ਰਹੇਗੀ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਲੈਂਡ ਪੂਲਿੰਗ ਨੀਤੀ ਵਰਗੇ ਅਹਿਮ ਮੁੱਦਿਆਂ 'ਤੇ ਲੜਾਈ ਲੜੀ ਹੈ ਅਤੇ ਉਹ ਭਵਿੱਖ ਵਿੱਚ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਡਟੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਖਪਾਲ ਖਹਿਰਾ ਦਾ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਤਿੱਖਾ ਹਮਲਾ; ਵੀਡੀਓ ਸਾਂਝੀ ਕਰਕੇ ਘੇਰੀ 'ਆਪ' ਸਰਕਾਰ
NEXT STORY