ਬਾਘਾਪੁਰਾਣਾ(ਚਟਾਨੀ, ਰਾਕੇਸ਼)-ਕੈਪਟਨ ਸਰਕਾਰ ਦੀਆਂ ਕਥਿਤ ਵਾਅਦਾ-ਖਿਲਾਫੀਆਂ ਅਤੇ ਸੂਬੇ ਦੇ ਲੋਕਾਂ ਨੂੰ ਦਿਖਾਏ ਗਏ ਸਬਜ਼ਬਾਗਾਂ ਨੂੰ ਇਕ-ਇਕ ਕਰ ਕੇ ਨੰਗਾ ਕਰਦਿਆਂ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਦਲ ਵੱਲੋਂ ਆਰੰਭੀ ਗਈ 'ਪੋਲ ਖੋਲ੍ਹ' ਰੈਲੀ ਦੌਰਾਨ ਕਿਹਾ ਕਿ ਸੂਬੇ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਲੋਕ ਇਕ ਸਾਲ ਦੇ ਕਾਰਜਕਾਲ ਦੌਰਾਨ ਹੀ ਬਦਲਾਅ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ। ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਅਤੇ ਬਾਲ ਕ੍ਰਿਸ਼ਨ ਬਾਲੀ (ਜ਼ਿਲਾ ਸ਼ਹਿਰੀ ਪ੍ਰਧਾਨ) ਦੀ ਸਖਤ ਮਿਹਨਤ ਸਦਕਾ ਸਥਾਨਕ ਅਨਾਜ ਮੰਡੀ ਵਿਖੇ ਕੀਤੀ ਗਈ ਪੋਲ ਖੋਲ੍ਹ ਰੈਲੀ 'ਚ ਹੋਏ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਰਜਵਾੜਾਸ਼ਾਹੀ ਦੀ ਤਰਜ਼ 'ਤੇ ਚੱਲ ਰਹੇ ਪੰਜਾਬ ਅੰਦਰਲੇ ਸ਼ਾਸਨ ਨੂੰ ਲੋਕਤੰਤਰ ਦੇ ਹਾਮੀ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰ ਰਹੇ, ਜੋ ਪੁਲਸ ਦੀਆਂ ਡਾਂਗਾਂ ਦੀ ਪ੍ਰਵਾਹ ਕੀਤੇ ਬਿਨਾਂ ਜਨਤਕ ਤੌਰ 'ਤੇ ਆਪਣਾ ਰੋਸ ਲੋਕ ਕਚਹਿਰੀ 'ਚ ਦਰਜ ਕਰਵਾ ਰਹੇ ਹਨ। ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਲੋਕਾਂ ਦੇ ਬੂਹਿਆਂ 'ਤੇ ਸਹੂਲਤਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ 2200 ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਕੈਪਟਨ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਇਨ੍ਹਾਂ ਕੇਂਦਰਾਂ ਨੂੰ ਆਪਣੇ ਘਰਾਂ 'ਚ ਖੋਲ੍ਹ ਕੇ ਜਨਤਾ ਦੀ ਅੰਨ੍ਹੀ ਲੁੱਟ ਦਾ ਕੇਂਦਰ ਬਣਾ ਲਿਆ ਹੈ। ਥਰਮਲ ਪਲਾਂਟਾਂ ਨੂੰ ਬੰਦ ਕਰਨ, ਸਕੂਲਾਂ 'ਚ ਕਟੌਤੀ ਕਰਨ, ਸੇਵਾ ਕੇਂਦਰਾਂ ਨੂੰ ਤਾਲੇ ਲਾਉਣ ਆਦਿ ਕਾਰਵਾਈਆਂ ਨੂੰ ਇਸੇ ਹੀ ਸੰਦਰਭ 'ਚ ਦੇਖਿਆ ਜਾ ਸਕਦਾ ਹੈ, ਜਿਸ ਤਰ੍ਹਾਂ ਜਮਹੂਰੀਅਤ ਦਾ ਗਲਾ ਘੁੱਟ ਕੇ ਕੌਂਸਲਾਂ ਅਤੇ ਕਾਰਪੋਰੇਸ਼ਨਾਂ 'ਤੇ ਕਬਜ਼ਾ ਕੀਤਾ ਗਿਆ ਹੈ, ਇਸ ਤੋਂ ਵਧੇਰੇ ਤਾਨਾਸ਼ਾਹ ਸ਼ਾਸਨ ਦੀ ਵੱਡੀ ਮਿਸਾਲ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੀਮਤੀ ਸਮੇਂ ਨੂੰ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੂੰ ਇਕੋ ਵੇਲੇ ਕਰਵਾਉਣ ਦੇ ਬਿੱਲ ਨੂੰ ਜਲਦੀ ਹੀ ਪ੍ਰਵਾਨਗੀ ਮਿਲਣੀ ਸਪੱਸ਼ਟ ਦਿਖਾਈ ਦੇ ਰਹੀ ਹੈ ਅਤੇ ਜੇਕਰ ਇਹ ਸੰਭਵ ਹੋਇਆ ਤਾਂ ਪੰਜਾਬ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ 2019 'ਚ ਹੀ ਖਹਿੜਾ ਛੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ ਹੈ ਅਤੇ ਜਨਤਾ ਵੱਲੋਂ ਇਨ੍ਹਾਂ ਰੈਲੀਆਂ ਨੂੰ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਇਸ ਵਾਸਤੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਕਿਸਾਨਾਂ ਨੂੰ ਆਪਣੇ ਦਸਤਖ਼ਤਾਂ ਵਾਲੇ ਹਲਫੀਆ ਬਿਆਨ ਵੰਡੇ ਸਨ ਅਤੇ ਵਚਨਬੱਧਤਾ ਦਿੱਤੀ ਸੀ ਕਿ ਉਨ੍ਹਾਂ ਦਾ ਸਾਰਾ ਕਰਜ਼ਾ, ਇਹ ਚਾਹੇ ਸਹਿਕਾਰੀ ਜਾਂ ਰਾਸ਼ਟਰੀਕ੍ਰਿਤ ਬੈਂਕਾਂ ਤੋਂ ਲਿਆ ਹੋਵੇ ਜਾਂ ਫਿਰ ਆੜ੍ਹਤੀਆਂ ਕੋਲੋਂ, ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ ਇਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਦਾ ਵੀ ਵਾਅਦਾ ਕੀਤਾ ਸੀ । ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਕਿਹਾ ਕਿ ਉਹ ਸਹੁੰ ਖਾਣ ਕਿ ਕਾਂਗਰਸ ਸਰਕਾਰ ਨੂੰ ਗਰਿੱਡਾਂ ਉੱਤੇ ਮੀਟਰ ਨਹੀਂ ਲਾਉਣ ਦੇਣਗੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮੀਟਰ ਲਾਏ ਗਏ, ਅਕਾਲੀ ਦਲ ਉੱਥੇ ਹੀ ਇਸ ਖ਼ਿਲਾਫ ਮੋਰਚਾ ਲਾਏਗਾ। ਸ. ਮਜੀਠੀਆ ਨੇ ਇਕ ਤਾਜ਼ਾ ਵੀਡੀਓ ਦਾ ਹਵਾਲਾ ਵੀ ਦਿੱਤਾ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੇ-ਆਜ਼ਾਦੀ, ਵਾਰ ਮੈਮੋਰੀਅਲ ਸਮੇਤ ਵੱਖ-ਵੱਖ ਯਾਦਗਾਰਾਂ ਨੂੰ ਵਿਸ਼ਵ ਪੱਧਰ ਦੇ ਸਮਾਰਕ ਕਹਿ ਕੇ ਵਡਿਆਇਆ ਹੈ ਅਤੇ ਅਜਿਹਾ ਉਪਰਾਲਾ ਕਰਨ ਲਈ ਸਾਬਕਾ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਰਾਸਤੇ-ਖਾਲਸਾ ਨੂੰ 'ਚਿੱਟਾ ਹਾਥੀ' ਕਹਿ ਕੇ ਨਿੰਦਿਆ ਸੀ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲਾ ਮੋਗਾ ਦੇ ਪ੍ਰਧਾਨ ਤੀਰਥ ਸਿੰਘ ਮਾਹਲਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਮੱਖਣ, ਜ਼ਿਲਾ ਮੋਗਾ ਦੇ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਜਗਤਾਰ ਸਿੰਘ ਰਾਜੇਆਣਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ
NEXT STORY