ਜਲਾਲਾਬਾਦ(ਬੰਟੀ)–ਹਲਕਾ ਵਿਧਾਇਕ ਤੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸ਼ਹਿਰਾਂ ਅਤੇ ਪਿੰਡਾਂ ’ਚ ਆਰ. ਓ. ਸਿਸਟਮ ਲਾਏ ਸਨ ਪਰ ਅਜੇ ਵੀ ਕਈ ਥਾਵਾਂ ’ਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਦੀ ਉਦਾਹਰਨ ਇੰਦਰ ਨਗਰੀ ਗਲੀ ਨੰ. 4 ਤੋਂ ਮਿਲਦੀ ਹੈ।
ਕੀ ਕਹਿਣੈ ਮੁਹੱਲਾ ਵਾਸੀਅਾਂ ਦਾ
ਨਗਰ ਕੌਂਸਲ ਜਲਾਲਾਬਾਦ ਦੀ ਲਾਪ੍ਰਵਾਹੀ ਕਾਰਨ ਇੰਦਰ ਨਗਰੀ ਦੇ ਵਾਸੀ ਗੰਦਾ ਪਾਣੀ ਵਰਤਣ ਅਤੇ ਪੀਣ ਲਈ ਮਜਬੂਰ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਉਸ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ, ਜਿਸ ਤੋਂ ਪਤਾ ਲੱਗਦਾ ਨਗਰ ਕੌਂਸਲ ਜਲਾਲਾਬਾਦ ਆਪਣੇ ਸ਼ਹਿਰ ਨਿਵਾਸੀਆਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦੇ ਰਹੀ। ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰਾਂ ਦੀਅਾਂ ਟੂਟੀਆਂ ’ਚੋਂ 3-4 ਮਹੀਨਿਅਾਂ ਤੋਂ ਗੰਦਾ ਬਦਬੂ ਮਾਰਦਾ ਤੇ ਰੇਤਾ ਵਾਲਾ ਪਾਣੀ ਆ ਰਿਹਾ ਹੈ, ਜਿਸ ਕਾਰਨ ਮੁਹੱਲੇ ’ਚ ਅੱਧੀ ਦਰਜਨ ਤੋਂ ਵੱਧ ਪਾਣੀ ਵਾਲੀਆਂ ਮੋਟਰਾਂ ਖਰਾਬ ਹੋ ਚੁੱਕੀਆਂ ਹਨ। ਇਹ ਪਾਣੀ ਪੀਣ, ਨਹਾਉਣ ਜਾਂ ਰਸੋਈ ’ਚ ਵਰਤਣ ਦੇ ਬਿਲਕੁਲ ਕਾਬਲ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦ ਮੈਡਮ ਈਸ਼ਾ ਕਾਲੀਆ ਡੀ. ਸੀ. ਫਾਜ਼ਿਲਕਾ ਸਨ, ਉਨ੍ਹਾਂ ਨੂੰ ਵੀ ਇਸ ਸਬੰਧੀ ਫੋਟੋਆਂ ਭੇਜੀਆਂ ਗਈਆਂ ਸਨ ਪਰ ਸਬੰਧਤ ਵਿਭਾਗ ’ਤੇ ਕੋਈ ਅਸਰ ਨਹੀਂ ਹੋਇਆ। 3-4 ਦਿਨ ਪਹਿਲਾਂ ਇਕ ਕਰਮਚਾਰੀ ਆਇਆ ਸੀ ਤੇ ਉਹ ਕਹਿ ਰਿਹਾ ਸੀ ਕਿ ਬੋਰ ਦਾ ਫਿਲਟਰ ਫਟਿਆ ਹੋਇਆ ਹੈ, ਜਿਸ ਕਾਰਨ ਉਹ ਰੇਤਾ ਚੁੱਕ ਰਿਹਾ ਹੈ, ਜੋ ਪਾਣੀ ’ਚ ਮਿਕਸ ਹੋ ਕੇ ਆ ਰਹੀ ਹੈ, ਜਲਦ ਹੀ ਇਸ ਦਾ ਹੱਲ ਕੱਢ ਦਿੱਤਾ ਜਾਵੇਗਾ। ਜੇਕਰ ਉਕਤ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਮੁਹੱਲਾ ਨਿਵਾਸੀ ਕਿਸੇ ਵੀ ਭਿਆਨਕ ਬੀਮਾਰੀ, ਡੇਂਗੂ, ਮਲੇਰੀਆ, ਚਮਡ਼ੀ ਰੋਗ ਜਾਂ ਕਿਸੇ ਹੋਰ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮੌਕੇ ਮੁਹੱਲਾ ਨਿਵਾਸੀ ਨਿਰੰਜਣ ਸਿੰਘ, ਗੋਲਡੀ ਗਾਬਾ, ਸ਼ਾਲੂ ਗਾਬਾ, ਰਿਤੂ, ਸਪਨਾ, ਨੀਲਮ ਰਾਣੀ, ਸੁਖਵਿੰਦਰ ਕੌਰ, ਕੈਲਾਸ਼ ਰਾਣੀ, ਲਾਹੌਰੀ ਰਾਮ ਆਦਿ ਹਾਜ਼ਰ ਸਨ।
ਕੀ ਕਹਿੰਦੇ ਨੇ ਈ. ਓ.
ਇਸ ਸਬੰਧੀ ਈ. ਓ. ਰਜਨੀਸ਼ ਕੁਮਾਰ ਤੋਂ ਫੋਨ ’ਤੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਦਰ ਨਗਰੀ ਵਾਸੀ ਨਗਰ ਕੌਂਸਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਥੋਂ ਦੇ ਲੋਕ ਲਿਖਤੀ ਰੂਪ ’ਚ ਦੇ ਕੇ ਗਏ ਹਨ ਕਿ ਉਨ੍ਹਾਂ ਦਾ ਪਾਣੀ ਸਹੀ ਆ ਰਿਹਾ ਹੈ ਤੇ ਹੋ ਸਕਦਾ ਹੈ ਕਿਸੇ ਇਕ ਅੱਧੇ ਘਰ ਦੀ ਸਮੱਸਿਆ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ, ਜਦ ਸਾਡੇ ਪੱਤਰਕਾਰ ਨੇ ਕਿਹਾ ਕਿ ਉਥੇ 7-8 ਘਰਾਂ ਦੇ ਲੋਕਾਂ ਨੇ ਗੰਦਾ, ਰੇਤਾ ਵਾਲਾ ਪਾਣੀ ਦਿਖਾਇਆ ਹੈ ਤਾਂ ਅੱਗੋਂ ਈ. ਓ ਸਾਹਿਬ ਦਾ ਕਹਿਣਾ ਸੀ ਕਿ ਬਾਕੀ ਜੋ ਤੁਹਾਡੀ ਮਰਜ਼ੀ ਹੈ, ਉਹ ਤੁਸੀਂ ਲਿਖ ਦਿਉ ਤੇ ਬਾਅਦ ’ਚ ਕਮੇਟੀ ਦੇ ਹੀ ਕੁਝ ਲੋਕਾਂ ਤੋਂ ਫੋਨ ਕਰਵਾ ਕੇ ਸਫਾਈ ਦੇਣ ਦੀ ਗੱਲ ਕਰਦੇ ਰਹੇ। ਅੰਤ ’ਚ ਈ. ਓ. ਦਾ ਫੋਨ ਆਇਆ ਕਿ ਮੇਰੇ ਸਮਝਣ ’ਚ ਗਲਤੀ ਰਹਿ ਗਈ ਹੈ ਤੇ ਤੁਸੀਂ ਮੇਰੇ ਦਫਤਰ ਆਓ ਬੈਠ ਕੇ ਗੱਲ ਕਰਦੇ ਹਾਂ।
ਪੁਲਸ ਨੇ ਸ਼ਰਾਰਤੀ ਨੌਜਵਾਨਾਂ ’ਤੇ ਕੱਸਿਆ ਸ਼ਿਕੰਜਾ
NEXT STORY