ਚੰਡੀਗੜ੍ਹ (ਭੁੱਲਰ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਧਾਰਾ 370 ਅਤੇ 35 ਏ ਖਤਮ ਕਰਨ ਨੂੰ ਪ੍ਰਾਪਤੀ ਦੱਸਣ ਦੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਕਾਲੀ ਮੰਤਰੀ ਨੂੰ ਇਸ ਬਦਲੇ ਸਾਰੇ ਪੰਜਾਬੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਸਾਰੀ ਉਮਰ ਸੰਘੀ ਢਾਂਚੇ ਦੇ ਨਾਮ 'ਤੇ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਇਤਿਹਾਸ ਦਾ ਕੱਲ ਕਾਲਾ ਦਿਨ ਸੀ ਜਦੋਂ ਅਕਾਲੀ ਦਲ 'ਤੇ ਪੂਰੀ ਤਰ੍ਹਾਂ ਕਾਬਜ਼ ਬਾਦਲ ਪਰਿਵਾਰ ਦੀ ਨੂੰਹ ਨੇ ਮੋਦੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਜੰਮੂ ਕਸ਼ਮੀਰ 'ਚ ਧਾਰਾ 370 ਅਤੇ 35 ਏ ਖਤਮ ਕਰਨ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਇਹ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਹੀ ਹੋ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਅਕਾਲੀ ਦਲ ਦੇ 1967 ਦੇ ਮੈਨੀਫੈਸਟੋ, ਬਟਾਲਾ ਕਾਨਫਰੰਸ ਅਤੇ 1973 ਦੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਉਕੀ ਹੀ ਜਾਣਕਾਰੀ ਨਹੀਂ ਹੈ।
ਕਾਂਗਰਸੀ ਆਗੂ ਨੇ ਹਰਸਿਮਰਤ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ। ਉਨ੍ਹਾਂ ਇਸ ਮੁੱਦੇ 'ਤੇ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਆਪਣਾ ਪੱਖ ਦੱਸਣ ਲਈ ਕਿਹਾ ਹੈ ਕਿ ਕੀ ਉਹ ਹਾਲੇ ਵੀ ਪੰਜਾਬ ਲਈ ਧਾਰਾ 370 ਦੀ ਮੰਗ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰਦੇ ਹਨ ਜਾਂ ਹਰਸਿਮਰਤ ਬਾਦਲ ਦੇ ਬਿਆਨ ਦੀ ਪ੍ਰੋੜ੍ਹਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਪੂਰਾ ਪੰਜਾਬ ਇਸ ਮਾਮਲੇ ਉਤੇ ਸਪੱਸ਼ਟੀਕਰਨ ਮੰਗਦਾ ਹੈ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ 1967 'ਚ ਆਪਣੇ ਮੈਨੀਫੈਸਟੋ 'ਚ ਪੰਜਾਬ ਲਈ ਧਾਰਾ 370 ਦੀ ਮੰਗ ਕੀਤੀ ਸੀ ਅਤੇ ਅਨੰਦਪੁਰ ਸਾਹਿਬ ਦੇ ਮਤੇ 'ਚ ਸੂਬਿਆਂ ਲਈ ਵੱਧ ਅਧਿਕਾਰ ਮੰਗੇ ਸਨ।
ਧਰਤੀ ਹੇਠਲਾ ਪਾਣੀ ਕੱਢਣਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਜਲਦ ਬਣ ਜਾਵੇਗਾ ਰੇਗਿਸਤਾਨ
NEXT STORY