ਚੰਡੀਗੜ੍ਹ (ਭੁੱਲਰ) : ਬਰਗਾੜੀ ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰਾਜਨੀਤੀ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਨੂੰ ਲੰਮੇ ਹੱਥੀ ਲਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਕੋਰ ਕਮੇਟੀ ਦੀ ਬਜਾਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਕੈਬਨਿਟ ਵਿਚੋਂ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਾਪਸ ਕਰਵਾਉਣ ਲਈ ਹੰਭਲਾ ਮਾਰਨ। ਅੱਜ ਇਥੇ ਜਾਰੀ ਬਿਆਨ ਵਿਚ ਰੰਧਾਵਾ ਨੇ ਕਿਹਾ ਕਿ ਕਿ ਅਕਾਲੀ ਦਲ ਆਪਣਾ ਸਿਆਸੀ ਡਰਾਮਾ ਬੰਦ ਕਰਕੇ ਹਕੀਕੀ ਰੂਪ ਵਿਚ ਕਾਰਗਰ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਸੱਚੇ ਦਿਲੋਂ ਹੀ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਵਾਪਿਸ ਕਰਵਾਉਣ ਲਈ ਵਚਨਬੱਧ ਹਨ ਤਾਂ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਮੰਤਰੀ ਹਰਸਿਮਰਤ ਕੌਰ ਬਾਦਲ ਰਾਹੀਂ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰ ਰਹੇ ਹਨ।
ਅਕਾਲੀ ਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਫੈਸਲੇ 'ਤੇ ਕਾਂਗਰਸੀ ਆਗੂ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਬਿਹਤਰ ਹੋਵੇਗਾ ਕਿ ਉਹ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਹੀ ਮਿਲ ਕੇ ਅਪੀਲ ਕਰਨ ਕਿਉਂਕਿ ਜਿਸ ਕੇਂਦਰੀ ਕੈਬਨਿਟ ਵਿਚ ਅਮਿਤ ਸ਼ਾਹ ਮੰਤਰੀ ਹਨ, ਉਸੇ ਵਿਚ ਹਰਮਿਸਰਤ ਬਾਦਲ ਉਸ ਦੀ ਕੁਲੀਗ ਮੰਤਰੀ ਹੈ। ਰੰਧਾਵਾ ਨੇ ਕਿਹਾ ਕਿ ਜੇਕਰ ਫਿਰ ਵੀ ਅਕਾਲੀ ਦਲ ਦੀ ਕੇਂਦਰ ਸਰਕਾਰ ਵਿਚ ਸੁਣਵਾਈ ਨਹੀਂ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਦਿਵਾ ਕੇ ਕੇਂਦਰੀ ਸੱਤਾ ਵਿਚੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਇਤਿਹਾਸ ਰਿਹਾ ਹੈ ਕਿ ਉਸ ਨੇ ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਨੂੰ ਤਿਲਾਂਜਲੀ ਦੇ ਕੇ ਹਮੇਸ਼ਾ ਹੀ ਭਾਜਪਾ ਦਾ ਪੱਖ ਪੂਰਿਆ ਹੈ ਅਤੇ ਇਸ ਮਾਮਲੇ ਵਿਚ ਵੀ ਅਕਾਲੀ ਦਲ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਡਿਊਟੀ ਦੌਰਾਨ ਵਾਪਰੀ ਦੁਰਘਟਨਾ 'ਚ ਫੌਜੀ ਦੀ ਮੌਤ
NEXT STORY