ਗੁਰਦਾਸਪੁਰ (ਵੈੱਬ ਡੈਸਕ): ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦਾ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਗੁਰਦਾਸਪੁਰ 'ਚ ਦੋ ਪੁਲਸ ਮੁਲਾਜ਼ਮਾਂ ਦੇ ਕਤਲ ਦੀ ਕੇਂਦਰੀ ਏਜੰਸੀ (NIA ਜਾਂ CBI) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸੁਖਜਿੰਦਰ ਰੰਧਾਵਾ ਨੇ ਚਿੰਤਾ ਪ੍ਰਗਟਾਈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੇਸ਼ 'ਆਪ੍ਰੇਸ਼ਨ ਸਿੰਧੂਰ' ਵਰਗੇ ਅਭਿਆਨਾਂ ਕਾਰਨ ਹਾਈ ਅਲਰਟ 'ਤੇ ਹੈ। ਉਨ੍ਹਾਂ ਅਨੁਸਾਰ, ਇਹ ਘਟਨਾ ਸਰਹੱਦੀ ਪ੍ਰਬੰਧਨ ਅਤੇ ਰਾਜ ਦੀ 'ਦੂਜੀ ਰੱਖਿਆ ਲਾਈਨ' ਦੇ ਪੂਰੀ ਤਰ੍ਹਾਂ ਫੇਲ੍ਹ ਹੋਣ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਚਿੱਠੀ ਵਿਚ ਸਿਸਟਮ ਵਿਚ ਤਾਲਮੇਲ ਅਤੇ ਜਵਾਬਦੇਹੀ ਦੀ ਘਾਟ ਦਾ ਵੀ ਜ਼ਿਕਰ ਕੀਤਾ ਹੈ।



ਇਸ ਦੇ ਨਾਲ ਹੀ ਰੰਧਾਵਾ ਨੇ ਗ੍ਰਹਿ ਮੰਤਰੀ ਅੱਗੇ ਇਸ ਮਾਮਲੇ ਵਿਚ 19 ਸਾਲਾ ਨੌਜਵਾਨ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦਾ ਮਸਲਾ ਵੀ ਚੁੱਕਿਆ ਹੈ। ਰੰਧਾਵਾ ਨੇ ਕਿਹਾ ਕਿ ਜਿੱਥੇ ਪੰਜਾਬ ਪੁਲਸ ਇਸ ਨੌਜਵਾਨ ਨੂੰ ਅਪਰਾਧ ਨਾਲ ਜੁੜਿਆ ਦੱਸ ਰਹੀ ਹੈ, ਉੱਥੇ ਹੀ ਉਸ ਦੀ ਮਾਂ ਦਾ ਦਾਅਵਾ ਹੈ ਕਿ ਪੁਲਸ ਨੇ ਉ ਸਨੂੰ ਪਹਿਲਾਂ ਹੀ ਘਰੋਂ ਚੁੱਕਿਆ ਸੀ। ਰੰਧਾਵਾ ਨੇ ਕਿਹਾ ਕਿ ਅਜਿਹੇ ਵਿਰੋਧੀ ਬਿਆਨਾਂ ਕਾਰਨ ਜਨਤਾ ਵਿਚ ਬੇਭਰੋਸਗੀ ਪੈਦਾ ਹੋ ਰਹੀ ਹੈ, ਜਿਸ ਕਾਰਨ ਇਸ ਪੂਰੇ ਮੁਕਾਬਲੇ ਦੀ ਸੁਤੰਤਰ ਅਤੇ ਸਮਾਂਬੱਧ ਸਮੀਖਿਆ ਹੋਣੀ ਚਾਹੀਦੀ ਹੈ।
ਸੁਖਜਿੰਦਰ ਰੰਧਾਵਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਤੁਰੰਤ NIA ਜਾਂ CBI ਨੂੰ ਸੌਂਪੀ ਜਾਵੇ ਤਾਂ ਜੋ ਅੰਤਰਰਾਸ਼ਟਰੀ ਸਬੰਧਾਂ ਅਤੇ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋ ਸਕੇ। ਇਸ ਦੇ ਨਾਲ ਹੀ ਉਕਤ ਪੁਲਸ ਐਨਕਾਊਂਟਰ ਦੀ ਫੋਰੈਂਸਿਕ ਅਤੇ ਕਾਨੂੰਨੀ ਜਾਂਚ ਕੀਤੀ ਜਾਵੇ। ਰੰਧਾਵਾ ਨੇ ਇਹ ਵੀ ਆਖਿਆ ਕਿ ਆਧੀਆਂ ਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ਵੀ ਇਸ ਮਾਮਲੇ ਦੀ ਸੁਤੰਤਰ ਜਾਂਚ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਗ੍ਰਹਿ ਮੰਤਰੀ ਤੋਂ ਨਿੱਜੀ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਉਹ ਜ਼ਮੀਨੀ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਣ।
ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਦੋ ਮਹੀਨਿਆਂ 'ਚ ਸਾਹਮਣੇ ਆਏ 530 ਤੋਂ ਵੱਧ ਮਾਮਲੇ
NEXT STORY