ਜਲੰਧਰ/ਭੁਲੱਥ (ਵੈੱਬ ਡੈਸਕ) : 14 ਫਰਵਰੀ ਨੂੰ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਸੱਜ ਕੇ ਤਿਆਰ ਹੋ ਚੁੱਕਾ ਹੈ। ਤਿੰਨੇ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਭੁਲੱਥ ਹਲਕੇ ਤੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤਕ ਭਾਜਪਾ ਵਲੋਂ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ ਪਰ ਕਾਂਗਰਸ ਦੇ ਐਲਾਨ ਤੋਂ ਬਾਅਦ ਭੁਲੱਥ ਹਲਕੇ ਤੋਂ ਪੁਰਾਣੇ ਸਿਆਸੀ ਸ਼ਰੀਕ ਇਕ ਵਾਰ ਫਿਰ ਆਹਮੋ-ਸਾਹਮਣੇ ਹੁੰਦੇ ਜ਼ਰੂਰ ਨਜ਼ਰ ਆਉਣਗੇ। ਅਕਾਲੀ ਦਲ ਵਲੋਂ ਪਹਿਲਾਂ ਹੀ ਇਸ ਹਲਕੇ ਤੋਂ ਬੀਬੀ ਜਗੀਰ ਕੌਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਕਾਂਗਰਸ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਰਣਜੀਤ ਰਾਣਾ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ : ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ, 86 ਉਮੀਦਵਾਰਾਂ ਦਾ ਕੀਤਾ ਐਲਾਨ
ਭੁਲੱਥ ਹਲਕੇ ਦਾ ਇਤਿਹਾਸ
ਵਿਧਾਨ ਸਭਾ ਹਲਕਿਆਂ ਦੀ ਸੂਚੀ ਹਲਕਾ ਭੁਲੱਥ 26 ਨੰਬਰ ’ਤੇ ਆਉਂਦਾ ਹੈ। ਜੇਕਰ ਇਸ ਹਲਕੇ ਦੇ 1997 ਤੋਂ ਲੈ ਕੇ ਹੁਣ ਦੀਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਦੇ ਵੋਟਰ ਕਿਸੇ ਇਕ ਪਾਰਟੀ ਦੇ ਹੱਕ ਵਿਚ ਖੁੱਲ੍ਹ ਕੇ ਨਹੀਂ ਨਿੱਤਰੇ ਹਨ। ਉਂਝ ਬੀਬੀ ਜਗੀਰ ਕੌਰ ਦਾ ਪੱਲੜਾ ਜ਼ਿਆਦਾ ਭਾਰੀ ਰਿਹਾ ਹੈ। 1997, 2002 ਵਿਚ ਲਗਾਤਾਰ ਦੋ ਵਾਰ ਬੀਬੀ ਜਗੀਰ ਕੌਰ ਸੁਖਪਾਲ ਖਹਿਰਾ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਬਰੂਹਾਂ ਟੱਪ ਚੁੱਕੇ ਹਨ। ਇਸ ਤੋਂ ਬਾਅਦ 2007 ਵਿਚ ਸੁਖਪਾਲ ਖਹਿਰਾ ਬੀਬੀ ਜਗੀਰ ਕੌਰ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ। 2012 ਵਿਚ ਫਿਰ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਨੂੰ ਹਰਾ ਭੁਲੱਥ ਹਲਕੇ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਇਸ ਤੋਂ ਇਲਾਵਾ 2017 ਦੀਆਂ ਚੋਣਾਂ ਵਿਚ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਅਤੇ ਅਕਾਲੀ ਦਲ ਦੇ ਯੁਵਰਾਜ ਭੁਪਿੰਦਰ ਸਿੰਘ ਨੂੰ 8202 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਵਿਚ ਪਹੁੰਚੇ।
ਇਹ ਵੀ ਪੜ੍ਹੋ : ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੂੰ ਪਹਿਲਾ ਵੱਡਾ ਝਟਕਾ, ਵਿਧਾਇਕ ਹਰਜੋਤ ਕਮਲ ਭਾਜਪਾ ’ਚ ਸ਼ਾਮਲ
ਤਿੰਨ ਵਾਰ ਦਿੱਤੀ ਖਹਿਰਾ ਨੂੰ ਮਾਤ
1995 ’ਚ ਅਕਾਲੀ ਦਲ ਦਾ ਹਿੱਸਾ ਬਣਨ ਵਾਲੀ ਬੀਬੀ ਜਗੀਰ ਕੌਰ ਚਾਰ ਵਾਰ ਭੁਲੱਥ ਹਲਕੇ ਤੋਂ ਚੋਣ ਲੜ ਚੁੱਕੀ ਹੈ ਜਦਕਿ ਤਿੰਨ ਵਾਰ ਚੋਣ ਮੈਦਾਨ ਵਿਚ ਸੁਖਪਾਲ ਖਹਿਰਾ ਨੂੰ ਮਾਤ ਦੇ ਚੁੱਕੀ ਹੈ। 1997 ਵਿਚ ਪਹਿਲੀ ਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਮੈਦਾਨ ਵਿਚ ਉਤਰੀ ਅਤੇ ਪਹਿਲੀ ਵਾਰ ਸੁਖਪਾਲ ਖਹਿਰਾ ਨੂੰ 28027 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 2002 ਵਿਚ ਅਕਾਲੀ ਦਲ ਵਲੋਂ ਮੁੜ ਬੀਬੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਅਤੇ ਫਿਰ ਬੀਬੀ ਸੁਖਪਾਲ ਖਹਿਰਾ ਤੋਂ 11378 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸ ਦਰਮਿਆਨ ਬੀਬੀ ਜਗੀਰ ਕੌਰ ’ਤੇ ਧੀ ਦੇ ਕਤਲ ਦੇ ਦੋਸ਼ ਲੱਗੇ। ਇਸੇ ਦੋਸ਼ਾਂ ਦੇ ਨਤੀਜਾ ਸੀ ਕਿ 2007 ਵਿਚ ਬੀਬੀ ਜਗੀਰ ਨੂੰ ਸੁਖਪਾਲ ਖਹਿਰਾ ਤੋਂ 8864 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2012 ਵਿਚ ਅਕਾਲੀ ਦਲ ਨੇ ਫਿਰ ਬੀਬੀ ਜਗੀਰ ਕੌਰ ’ਤੇ ਦਾਅ ਖੇਡਿਆ। ਇਨ੍ਹਾਂ ਚੋਣਾਂ ਵਿਚ ਬੀਬੀ ਨੇ ਫਿਰ ਇਤਿਹਾਸ ਦੁਹਰਾਇਆ ਅਤੇ 7005 ਵੋਟਾਂ ਫਰਕ ਨਾਲ ਮਾਤ ਦੇ ਕੇ ਜਿੱਤ ਦਾ ਝੰਡਾ ਲਹਿਰਾਇਆ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਮਜੀਠੀਆ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ ਵਿਚ ਕੋਰੋਨਾ ਦਾ ਕਹਿਰ ਜਾਰੀ, 465 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY