ਚੰਡੀਗੜ੍ਹ,(ਰਮਨਜੀਤ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਦੇ ਸੰਵਿਧਾਨ ਵਲੋਂ ਜੰਮੂ ਤੇ ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਐੱਨ. ਡੀ. ਏ. ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ । ਅੱਜ ਇਥੇ ਖਹਿਰਾ ਨੇ ਕਿਹਾ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹ ਕੇ ਭਾਜਪਾ ਨੇ ਇਤਿਹਾਸਕ ਗਲਤੀ ਕੀਤੀ ਹੈ, ਜੋ ਕਿ ਕਸ਼ਮੀਰ ਸੂਬੇ ਦੇ ਸ਼ਾਸਕ ਰਾਜਾ ਹਰੀ ਸਿੰਘ ਤੇ ਭਾਰਤ ਸਰਕਾਰ ਵਿਚਕਾਰ ਹੋਏ ਸਮਝੌਤੇ ਤਹਿਤ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਕਦਮ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਵਿਸ਼ਵਾਸਘਾਤ ਹੈ।
ਖਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਿਭਾਏ ਜਾ ਰਹੇ ਦੋਸਤਾਨਾ ਵਤੀਰੇ ਦਾ ਧੰਨਵਾਦ ਵੀ ਨਹੀਂ ਕਰ ਸਕੀ। ਜਿਸ ਨੇ ਕਿ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਹੈ ਤੇ ਸਿਆਲਕੋਟ ਜ਼ਿਲੇ ਦੇ ਧਾਰੋਵਾਲ ਵਿਖੇ ਸਥਿਤ ਸ਼ਵਾਲਾ ਤੇਜਾ ਸਿੰਘ ਦੇ 1000 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਆਪਣੇ ਹੀ ਘੱਟ ਗਿਣਤੀ ਭਰਾਵਾਂ ਨੂੰ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਉੱਪਰ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਉੱਪਰ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਅਕਾਲੀ ਜੋ ਕਿ ਕਿਸੇ ਸਮੇਂ ਫੈਡਰਲ ਭਾਰਤ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੇ ਹਮਾਇਤੀ ਸਨ, ਅੱਜ ਜੰਮੂ ਅਤੇ ਕਸ਼ਮੀਰ ਨੂੰ ਦਿੱਤੀ ਗਈ ਸੰਵਿਧਾਨਕ ਗਾਰੰਟੀ ਨੂੰ ਖੋਹੇ ਜਾਣ ਅਤੇ ਇਸ ਨੂੰ ਯੂ. ਟੀ. ਬਣਾ ਕੇ ਇਕ ਮਿਊਂਸੀਪੈਲਟੀ ਬਣਾਏ ਜਾਣ ਦੇ ਤਾਨਾਸ਼ਾਹੀ ਕਾਨੂੰਨ ਦੀ ਹਮਾਇਤ ਕਰ ਰਹੇ ਹਨ। ਖਹਿਰਾ ਨੇ ਬਾਦਲ ਕੋਲੋਂ ਮੰਗ ਕੀਤੀ ਕਿ ਉਹ ਐੱਨ. ਡੀ. ਏ. ਤੋਂ ਅਲੱਗ ਹੋ ਜਾਣ, ਆਪਣੀ ਨੂੰਹ ਨੂੰ ਕੈਬਨਿਟ ਵਿੱਚੋਂ ਹਟਾਉਣ ਅਤੇ ਜੰਮੂ-ਕਸ਼ਮੀਰ ਅਤੇ ਲੋਕਤੰਤਰ ਦੀ ਬਹਾਲੀ ਲਈ ਅੱਗੇ ਆਉਣ।
ਪਾਣੀਆਂ ’ਤੇ ਪਾਸ ਕੀਤੇ ਬਿੱਲ ਦਾ ਪੰਜਾਬ ਨੂੰ ਫਾਇਦਾ ਜਾਂ ਨੁਕਸਾਨ ?
NEXT STORY