ਜਲੰਧਰ (ਸੋਨੂੰ)— ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਸੂਬੇ 'ਚ ਵਿਕ ਰਹੀ ਨਾਜਾਇਜ਼ ਸ਼ਰਾਬ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ 'ਤੇ ਵੱਡੇ ਇਲਜ਼ਾਮ ਲਗਾਏ ਹਨ। ਜਲੰਧਰ 'ਚ ਪ੍ਰੈੱਸ ਕਾਨਫੰਰਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਸੂਬੇ 'ਚ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਚਲ ਰਿਹਾ ਹੈ। ਖਹਿਰਾ ਨੇ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ 'ਤੇ ਨਾਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਲਿੰਕ ਹੋਣ ਦੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਨਾਜਾਇਜ਼ ਸ਼ਰਾਬ 'ਚ ਸ਼ਮੂਲੀਅਤ ਹੋਣ ਦੀ ਗੱਲ ਆਖੀ।
ਡਰੱਗ ਮਾਫੀਆ ਤੇ ਸ਼ਰਾਬ ਤਸਕਰਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਖਹਿਰਾ ਨੇ ਰਾਣਾ ਦੀ ਸ਼ਰਾਬ ਅਤੇ ਡਰੱਗ ਮਾਫੀਆ ਨਾਲ ਤਸਵੀਰਾਂ ਵੀ ਜਾਰੀ ਕੀਤੀਆਂ। ਖਹਿਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੰਨਾ 'ਚ ਕੁਲਵਿੰਦਰ ਕਿਦੋ ਨਾਂ ਦੇ ਸ਼ਰਾਬ ਤਸਕਰ ਨੂੰ ਪੁਲਸ ਨੇ ਕਾਬੂ ਕੀਤਾ ਸੀ। ਉਹ ਖੰਨਾ 'ਚ ਸ਼ਰਾਬ ਦੀ ਫੈਕਟਰੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਦੋ ਨੂੰ ਰਾਣਾ ਗੁਰਜੀਤ ਦੀ ਸ਼ਹਿ ਸੀ ਅਤੇ ਉਹ ਉਸ ਦੇ ਨਾਲ ਭਾਈਵਾਲੀ 'ਚ ਕੰਮ ਕਰਦਾ ਹੈ। ਖਹਿਰਾ ਨੇ ਰਾਣਾ ਗੁਰਜੀਤ ਦੀ ਕਿਦੋ ਨਾਲ ਤਸਵੀਰ ਵੀ ਦਿਖਾਈ। ਖਹਿਰਾ ਨੇ ਰਾਣਾ ਗੁਰਜੀਤ 'ਤੇ ਪਿਛਲੇ ਦਿਨੀਂ ਕਪੂਰਥਲਾ ਦੇ ਬੂਟਾ ਪਿੰਡ ਦੇ ਫੜ੍ਹੇ ਗਏ ਡਰੱਗ ਤਸਕਰ ਓਂਕਾਰ ਸਿੰਘ ਤਾਰੀ ਨਾਲ ਸੰਬੰਧ ਹੋਣ ਦੀ ਵੀ ਗੱਲ ਕਹੀ। ਇਸ ਦੇ ਇਲਾਵਾ ਖਹਿਰਾ ਨੇ ਓਂਕਾਰ ਤਾਰੀ ਨਾਂ ਦੇ ਨਸ਼ਾ ਤਸਕਰ ਨਾਲ ਵੀ ਤਸਵੀਰ ਜਾਰੀ ਕੀਤੀ। ਖਹਿਰਾ ਦਾ ਦੋਸ਼ ਹੈ ਕਿ ਤਾਰੀ ਵੀ ਰਾਣਾ ਗੁਰਜੀਤ ਲਈ ਕੰਮ ਕਰਦਾ ਹੈ। ਖਹਿਰਾ ਦੋਸ਼ ਲਗਾਇਆ ਕਿ ਰਾਣਾ ਦੇ ਡਰੱਗ ਅਤੇ ਸ਼ਰਾਬ ਮਾਫੀਆ ਨਾਲ ਲਿੰਕ ਹਨ ਅਤੇ ਪਹਿਲਾ ਵੀ ਉਹ ਮਾਈਨਿੰਗ ਦੇ ਨਾਜਾਇਜ਼ ਕਾਰੋਬਾਰ 'ਚ ਸ਼ਾਮਲ ਰਿਹਾ ਹੈ।
ਸ਼ਰਾਬ ਮਾਫੀਆ 'ਚ ਰਾਣਾ ਗੁਰਜੀਤ ਦਾ ਹੈ ਵੱਡਾ ਰੋਲ
ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਰਾਣਾ ਗੁਰਜੀਤ ਨਾ ਸਿਰਫ ਮਾਈਨਿੰਗ ਮਾਫੀਆ ਦਾ ਕਿੰਗ ਪਿੰਨ ਸੀ ਸਗੋਂ ਸ਼ਰਾਬ ਮਾਫੀਆ 'ਚ ਵੀ ਬਹੁਤ ਵੱਡਾ ਰੋਲ ਹੈ। ਖਹਿਰਾ ਨੇ ਕਿਹਾ ਕਿ ਪਿਛਲੇ ਦਿਨੀਂ ਤਰਨਤਾਰਨ ਦੇ ਲੋਹਿਕੇ ਦੀ ਇਕ ਸ਼ਰਾਬ ਬਣਾਉਣ ਦੀ ਫੈਕਟਰੀ 'ਚ ਸੈਨੇਟਾਈਜ਼ਰ ਬਣਾਉਣ ਦੀ ਆੜ 'ਚ ਸ਼ਰਾਬ ਬਣਾਈ ਗਈ ਸੀ ਅਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੌਰਾਨ ਸੈਨੇਟਾਈਜ਼ਰ ਬਣਾਉਣ ਦੀ ਆੜ 'ਚ ਗੈਰ ਕਾਨੂੰਨੀ ਸ਼ਰਾਬ ਦੀ ਧੰਦਾ ਚੱਲਿਆ। ਖਹਿਰਾ ਨੇ ਕਿਹਾ ਕਿ ਉਨ੍ਹਾਂ 'ਤੇ ਇਕ ਫੋਟੋ ਅਤੇ ਕਾਲ ਦੇ ਆਧਾਰ 'ਤੇ ਖਤਰਨਾਕ ਐੱਨ. ਡੀ. ਪੀ. ਐੱਸ. ਐਕਟ ਦੇ ਹੇਠਾਂ ਪਰਚਾ ਦਰਚ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਿਹੜਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ 'ਚ ਜਿਹੜਾ ਭਲਵਾਨ ਅਰਵਿੰਦਰ ਜੀਤ ਦਾ ਕਤਲ ਦਾ ਕੀਤਾ ਗਿਆ ਹੈ, ਉਹ ਵੀ ਸ਼ਰਾਬ ਨਾਲ ਹੀ ਕਨੈਕਟਿੰਗ ਕਤਲ ਸੀ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲਾ ਏ. ਐੱਸ. ਆਈ. ਪਰਮਜੀਤ ਸਿੰਘ ਵੀ ਰਾਣੇ ਦਾ ਹੀ ਆਦਮੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦਰ ਜੀਤ ਸਿੰਘ ਵੀ ਪੱਡਾ ਪਿੰਡ 'ਚ ਸ਼ਰਾਬ ਵਿਕਵਾਉਣ ਦੇ ਵਿਰੁੱਧ ਸੀ ਤਾਂ ਪਰਮਜੀਤ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਪਰਮਜੀਤ ਸਿੰਘ ਖੁਦ ਰਾਣਾ ਦੀ ਸ਼ਰਾਬ ਵੇਚਦਾ ਸੀ।
ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਗਈ ਅਤੇ ਕਿਹਾ ਜੇਕਰ ਇਸ ਮਾਮਲੇ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲੈ ਕੇ ਜਾਂਚ ਨਾ ਕਰਵਾਈ ਤਾਂ ਇਸ ਮਾਮਲੇ ਨੂੰ ਵੀ ਮਾਈਨਿੰਗ ਦੇ ਮੁੱਦੇ ਦੀ ਤਰ੍ਹਾਂ ਹੀ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਰਿਕਵਰੀ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਖਿਲਾਫ ਜਾਂਚ ਕਰਕੇ ਮੁਕੱਦਮੇ ਦਰਜ ਕਰਨੇ ਚਾਹੀਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋਣ 'ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ
NEXT STORY