ਭੁਲੱਥ (ਭੂਪੇਸ਼) : ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਿਸੇ ਵੇਲੇ ਵੀ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਕਿਆਸ ਅਰਾਈਆਂ 'ਤੇ ਜਲਦ ਮੋਹਰ ਲੱਗ ਸਕਦੀ ਹੈ। ਸੁਖਪਾਲ ਖਹਿਰਾ ਦਾ ਮਾਮਲਾ ‘ਜਗ ਬਾਣੀ’ ਵਿਚ 23 ਮਾਰਚ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ, ਜਿਸ ਦਾ ਸਮਾਂ ਹੁਣ ਦੂਰ ਨਹੀਂ, ਜਦ ਉਹ ਕਾਂਗਰਸ ਪਾਰਟੀ ’ਚ ਆਪਣੀ ਸ਼ਮੂਲੀਅਤ ਕਰ ਕੇ ਇਸ ਨੂੰ ਹਕੀਕਤ ’ਚ ਬਦਲ ਸਕਦੇ ਹਨ ਕਿਉਂਕਿ ਖਹਿਰਾ ਨੂੰ ਕਾਂਗਰਸ ’ਚ ਸ਼ਾਮਲ ਕਰ ਕੇ ਉਸ ਦਾ ਰਸਮੀਂ ਐਲਾਨ ਕਰਵਾਉਣ ਲਈ ਕਾਂਗਰਸ ਹਾਈ ਕਮਾਨ ਆਪਣੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਉਡੀਕ ’ਚ ਹੈ।ਖਹਿਰਾ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਕਾਂਗਰਸ ’ਚ ਸ਼ਮੂਲੀਅਤ ਕਰਵਾਉਣ ਲਈ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਨੇ ਹਰੀ ਝੰਡੀ ਦਿਖਾ ਦਿੱਤੀ ਹੈ। ਦੂਸਰੇ ਪਾਸੇ ਖਹਿਰਾ ਵੱਲੋਂ ਆਪਣੇ ਸਮਰਥਕਾਂ ਨਾਲ ਕੀਤੀਆਂ ਨੁੱਕੜ ਮੀਟਿੰਗਾਂ ’ਚ ਵੀ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲ ਚੁੱਕਾ ਹੈ। ਇਹ ਖ਼ਬਰ ਹਲਕਾ ਭੁਲੱਥ ਅਤੇ ਪੰਜਾਬ ਦੀ ਰਾਜਨੀਤੀ ’ਚ ਅੱਗ ਵਾਂਗ ਫੈਲ ਚੁੱਕੀ ਹੈ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਖਹਿਰਾ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ ਬਦਲੇਗੀ ਹਲਕੇ ਦੀ ਸਿਆਸਤ
ਸੁਖਪਾਲ ਖਹਿਰਾ ਦਾ ਬੀਤੇ 7-8 ਦਿਨਾਂ ਤੋਂ ਦਿੱਲੀ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੇਲ-ਮਿਲਾਪ ਵੀ ਚੱਲਦਾ ਰਿਹਾ ਹੈ। ਕਾਂਗਰਸ ’ਚ ਸ਼ਾਮਲ ਹੋਣ ਉਪਰੰਤ ਖਹਿਰਾ ਹਲਕਾ ਭੁਲੱਥ ਤੋਂ ਜਿੱਥੇ ਕਾਂਗਰਸ ਦੇ ਮਜ਼ਬੂਤ ਸੰਭਾਵੀ ਉਮੀਦਵਾਰ ਬਣ ਜਾਣਗੇ, ਉੱਥੇ ਇਕ ਅਨਾਰ ਸੌ ਬੀਮਾਰ ਦੀ ਰਾਜਨੀਤੀ ਤਹਿਤ ਵੱਖ-ਵੱਖ ਆਗੂ, ਜੋ ਕਦੇ ਆਪਣੇ-ਆਪ ਨੂੰ ਹਲਕਾ ਇੰਚਾਰਜ ਤੇ ਕਦੀ ਪੰਜਾਬ ਕਾਂਗਰਸ ਦੇ ਆਗੂ ਹੋਣ ਦੇ ਨਾਤੇ ਕਾਂਗਰਸ ਦੇ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਸਮਝ ਕੇ ਵੱਖੋ ਵੱਖਰੀ ਡੱਫਲੀ ਵਜਾਉਂਦੇ ਰਹੇ ਹਨ, ਉਨ੍ਹਾਂ ਦੀ ਨੀਤੀ ’ਤੇ ਵਿਰਾਮ ਜ਼ਰੂਰ ਲਗਾ ਦੇਣਗੇ।ਇੱਥੋਂ ਤੱਕ ਕਿ ਇਕ ਆਗੂ, ਜੋ ਸਾਬਕਾ ਮੰਤਰੀ ਰਾਣਾ ਗੁਰਜੀਤ ਸਿਘ ਦਾ ਖਾਸਮ-ਖਾਸ ਹੋਣ ਕਰ ਕੇ ਵੀ ਆਪਣੀ ਟਿਕਟ ਇਸ ਹਲਕੇ ਤੋਂ ਸੰਭਾਵੀ ਸਮਝਦਾ ਹੈ ਅਤੇ ਇਸੇ ਤਰ੍ਹਾਂ ਖਹਿਰਾ ਦੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ‘ਆਪ’ ਵਿਚ ਜਾਣ ਕਰ ਕੇ ਉਨ੍ਹਾਂ ਦੀ ਜਗ੍ਹਾ ਪਾਰਟੀ ਟਿਕਟ ਹਥਿਆਉਣ ਵਾਲੇ ਆਗੂ ਅਤੇ ਇਕ ਹੋਰ ਯੂਥ ਕਾਂਗਰਸ ਆਗੂ ਦੀ ਹਲਕਾ ਭੁਲੱਥ ਦੀ ਕਾਂਗਰਸ ਟਿਕਟ ਲੈਣ ਦੀ ਦਾਅਵੇਦਾਰੀ ’ਤੇ ਵਿਰਾਮ ਜ਼ਰੂਰ ਉਸ ਸਮੇਂ ਲੱਗ ਜਾਵੇਗਾ, ਜਦ ਖਹਿਰਾ ਕਾਂਗਰਸ ਵਿਚ ਸ਼ਾਮਲ ਹੋਣ ਦਾ ਰਸਮੀਂ ਐਲਾਨ ਕਰ ਦੇਣਗੇ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਕੀ ਹੋਵੇਗਾ ਅੰਦੋਲਨ ਦਾ ਭਵਿੱਖ
ਕਈ ਆਗੂਆਂ ਵੱਲੋਂ ਟਿਕਟ ਲਈ ਸ਼ੁਰੂ ਹੋ ਚੁੱਕੀ ਹੈ ਜੱਦੋ-ਜਹਿਦ
ਸੁਖਪਾਲ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾ ਇਨ੍ਹਾਂ ਸਾਰੇ ਦਾਅਵੇਦਾਰੀਆਂ ਕਰਨ ਵਾਲਿਆਂ ਦੇ ਸਾਹਮਣੇ ਆ ਚੁੱਕੀ ਹੈ ਜਿਸ ਕਰ ਕੇ ਕਈ ਆਗੂਆਂ ਨੇ ਤਾਂ ਹੁਣ ਤੋਂ ਹੀ ਅੰਦਰ ਖਾਤੇ ਹੋਰਨਾਂ ਪਾਰਟੀਆਂ ਜਿਵੇਂ ਭਾਜਪਾ, ‘ਆਪ’, ਅਕਾਲੀ ਦਲ ਡੈਮੋਕਰੇਟ ਸੰਯੁਕਤ, ਬਸਪਾ ਦੀ ਇਸ ਹਲਕੇ ਤੋਂ ਟਿਕਟ ਲੈਣ ਲਈ ਹੱਥ-ਪੈਰ ਮਾਰ ਕੇ ਆਪਣਾ ਭਵਿੱਖ ਤਲਾਸ਼ਣ ਲਈ ਜੱਦੋ-ਜਹਿਦ ਕਰਨੀ ਸ਼ੁਰੂ ਕਰ ਦਿੱਤੀ। ਜਾਨੀ ਕਿ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੁੰਦੇ ਹੀ ਕੁਝ ਕਾਂਗਰਸੀ ਟਿਕਟ ਦੇ ਦਾਅਵੇਦਾਰ ਜੋ ਹਲਕੇ ਵਿਚ ਖਹਿਰਾ ਦੇ ਮੁਕਾਬਲੇ ਏਨੇ ਮਜ਼ਬੂਤ ਨਹੀਂ ਹਨ, ਪਾਰਟੀ ਛੱਡ ਸਕਦੇ ਹਨ। ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਇਸ ਹਲਕੇ ਤੋਂ ਮੁੜ ਮਜ਼ਬੂਤ ਉਮੀਦਵਾਰ ਜ਼ਰੂਰ ਮਿਲ ਜਾਵੇਗਾ ਭਾਵੇਂ ਇਸ ਵਾਰ ਭਾਜਪਾ ਸਮੇਤ ਕਈ ਪਾਰਟੀਆਂ ਵਿਧਾਨ ਸਭਾ ਚੋਣਾਂ ਵਿਚ ਉਤਰਣਗੀਆਂ ਪਰ ਫਿਲਹਾਲ ਗੇਂਦ ਕਿਸ ਪਾਲੇ ਵਿਚ ਜਾਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ।
ਕਾਂਗਰਸੀ ਕਾਰਕੁਨਾਂ ਦੇ ਚਿਹਰਿਆਂ ’ਤੇ ਪਰਤਣ ਲੱਗੀਆਂ ਰੌਣਕਾਂ
ਕਾਂਗਰਸ ਦੇ ਬਹੁਤ ਸਾਰੇ ਕਾਰਕੁਨਾਂ ਦੀਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਖਹਿਰਾ ਦੇ ਨਾਲ ਨਿੱਜੀ ਪਰਿਵਾਰਕ ਤੌਰ ’ਤੇ ਸਾਂਝਾਂ ਹਨ ਅਤੇ ਇਸ ’ਚ ਵੱਡਾ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜੋ ਖਹਿਰੇ ਦੇ ਪਿਤਾ ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਵੇਲੇ ਦੇ ਸਮੇਂ ਤੋਂ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੇ ਹਨ। ਜਿਵੇਂ ਹੀ ਇਨ੍ਹਾਂ ਲੋਕਾਂ ਦੇ ਕੰਨਾਂ ਤੱਕ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਆਵਾਜ਼ ਪੁੱਜੀ ਤਾਂ ਉਨ੍ਹਾਂ ਸਮਰਥਕਾਂ ਦੇ ਚਿਹਰਿਆਂ ’ਤੇ ਮੁੜ ਰੌਣਕ ਪਰਤਣ ਲੱਗੀ ਹੈ।ਖਹਿਰਾ ਪਰਿਵਾਰ ਨਾਲ ਵੱਡਾ ਵੋਟ ਬੈਂਕ ਖੜ੍ਹਾ ਹੈ, ਜਿਸ ਦਾ ਸਬੂਤ ਉਨ੍ਹਾਂ ਨੇ ‘ਆਪ’ ਵਿਚ ਸ਼ਾਮਲ ਹੋ ਕੇ 2017 ’ਚ ਮੁੜ ਵਿਧਾਇਕ ਬਣ ਕੇ ਦਿੱਤਾ ਹੈ।
ਨੋਟ: ਸੁਖਪਾਲ ਖਹਿਰਾ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਸਬੰਧੀ ਕੀ ਹੈ ਤੁਹਾਡੀ ਰਾਏ?
ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 186 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
NEXT STORY