ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਸ਼ਮੀਰ 'ਚ ਅੱਤਵਾਦ 'ਤੇ ਕਾਬੂ ਪਾਉਣ ਲਈ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇੱਥੇ ਕਾਂਗਰਸ ਸਰਕਾਰ ਨੇ ਸਮਾਜਿਕ ਤਾਣੇ-ਬਾਣੇ ਨੂੰ ਛੇੜੇ ਬਿਨਾਂ ਹੀ ਅੱਤਵਾਦ 'ਤੇ ਕਾਬੂ ਪਾ ਲਿਆ ਸੀ। ਜਾਖੜ, ਜੋ ਸ਼ੁੱਕਰਵਾਰ ਨੂੰ ਦਿੱਲੀ 'ਚ ਕਾਂਗਰਸ ਦੀ ਲੀਡਰਸ਼ਿਪ ਵਲੋਂ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੂਬਾਈ ਪ੍ਰਧਾਨਾਂ ਦੀ ਬੈਠਕ 'ਚ ਹਿੱਸਾ ਲੈਣਗੇ, ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ 'ਚ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਅੰਦਰ ਅਸੁਰੱਖਿਆ ਦੀ ਭਾਵਨਾ ਨੂੰ ਵਧਾਉਣ 'ਚ ਲੱਗੇ ਹੋਏ ਹਨ। ਪੰਜਾਬ 'ਚ ਘੱਟ-ਗਿਣਤੀ ਭਾਈਚਾਰੇ ਨੂੰ ਨਾਲ ਲੈ ਕੇ ਹੀ ਅੱਤਵਾਦ 'ਤੇ ਕਾਬੂ ਪਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਹੋਣ ਵਾਲੀ ਬੈਠਕ 'ਚ ਕਸ਼ਮੀਰ ਮੁੱਦੇ ਬਾਰੇ ਪਾਰਟੀ ਅੰਦਰ ਸਹਿਮਤੀ ਬਣਾਈ ਜਾਵੇਗੀ। 10 ਅਗਸਤ ਨੂੰ ਦਿੱਲੀ 'ਚ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵੀ ਹੋਣੀ ਹੈ, ਉਸ 'ਚ ਨਵੇਂ ਸਰਵ ਭਾਰਤੀ ਪ੍ਰਧਾਨ ਬਾਰੇ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ। ਜਾਖੜ, ਜਿਨਾਂ ਨੇ ਲੋਕ ਸਭਾ ਦੀਆਂ ਚੋਣਾਂ ਪਿੱਛੋਂ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਉਕਤ ਬੈਠਕ 'ਚ ਹਿੱਸਾ ਲੈਣ ਲਈ ਸੱਦਾ ਭੇਜਿਆ ਗਿਆ ਹੈ। ਜਾਖੜ ਦਾ ਅਸਤੀਫਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਖੜ ਦੇ ਅਸਤੀਫੇ ਨੂੰ ਰੱਦ ਕਰ ਕੇ ਕਾਂਗਰਸ ਦੇ ਸਭ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮਿਲ ਕੇ ਪ੍ਰਸਤਾਵ ਪਾਸ ਕਰਵਾ ਕੇ ਕੇਂਦਰ ਨੂੰ ਭੇਜਿਆ ਸੀ।
ਜਾਖੜ ਨੇ ਕਿਹਾ ਕਿ ਦਿੱਲੀ ਦੀ ਬੈਠਕ 'ਚ ਕਸ਼ਮੀਰ ਮਾਮਲੇ ਨੂੰ ਲੈ ਕੇ ਜੋ ਵੀ ਸਹਿਮਤੀ ਬਣਾਈ ਜਾਵੇਗੀ, ਉਸ 'ਤੇ ਪਾਰਟੀ ਵਲੋਂ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ। ਉੱਧਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਭਾਜਪਾ ਦਾ ਮੰਤਵ ਨਾ ਸਿਰਫ ਵੰਡ ਪਾਊ ਸਿਆਸਤ ਕਰਨੀ ਹੈ, ਸਗੋਂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਹਿੰਦੂਆਂ ਨੂੰ ਉਹ ਲੁਭਾਉਣਾ ਚਾਹੁੰਦੀ ਹੈ। ਕਸ਼ਮੀਰ ਦੇ ਮਾਮਲੇ 'ਚ ਭਾਜਪਾ ਸਰਕਾਰ ਨੇ ਗੈਰ-ਸੰਵਿਧਾਨਿਕ ਕਦਮ ਚੁੱਕਿਆ ਹੈ। ਕਾਂਗਰਸ ਆਪਣੇ ਏਜੰਡੇ 'ਤੇ ਚੱਲਦੀ ਹੋਈ ਭਾਜਪਾ ਦੀ ਚਾਲ ਨੂੰ ਬੇਨਕਾਬ ਕਰੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਵੀ ਕਿਹਾ ਹੈ ਕਿ ਭਾਜਪਾ ਨੇ ਕਸ਼ਮੀਰ ਸਬੰਧੀ ਜੋ ਰਣਨੀਤੀ ਅਪਣਾਈ ਹੈ, ਦਾ ਮੁੱਖ ਮੰਤਵ ਹਿੰਦੂ ਵੋਟਾਂ ਨੂੰ ਪੱਕਾ ਕਰਨਾ ਹੈ। ਭਵਿੱਖ 'ਚ ਇਸ ਦਾ ਅਸਰ ਕੀ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਹਰਸਿਮਰਤ ਤੋਂ ਸੁਣੋ ਕਦੋਂ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ
NEXT STORY