ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੀ 75 ਫ਼ੀਸਦੀ ਅਬਾਦੀ ਨੂੰ ਸਿਹਤ ਬੀਮਾ ਦੇ ਦਾਇਰੇ 'ਚ ਲਿਆਂਦਾ ਗਿਆ ਹੈ, ਜਿਸ ਨਾਲ ਗ਼ਰੀਬ ਲੋਕ ਹੁਣ ਮੁਫ਼ਤ ਇਲਾਜ ਦੀ ਸਹੂਲਤ ਦਾ ਫ਼ਾਇਦਾ ਲੈ ਸਕਦੇ ਹਨ। ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੈਪਟਨ ਸਰਕਾਰ ਵੱਲੋਂ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਪਰ ਗ਼ਰੀਬਾਂ ਨੂੰ ਸਿਹਤ ਬੀਮਾ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਇਸ ਤਹਿਤ 45 ਲੱਖ ਪਰਿਵਾਰਾਂ ਨੂੰ ਘੇਰੇ 'ਚ ਲਿਆ ਗਿਆ ਹੈ ਜਿਹੜਾ ਕਿ ਪੂਰੀ ਅਬਾਦੀ ਦਾ 75 ਫ਼ੀਸਦੀ ਬਣਦਾ ਹੈ। ਇਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲੀਅਤ ਦਿੱਤੀ ਗਈ ਹੈ।
ਜਾਖੜ ਨੇ ਅਬੋਹਰ ਨੂੰ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦਾ ਦਰਜਾ ਦਿੱਤੇ ਜਾਣ ਬਾਰੇ ਆਯੋਜਿਤ ਸਵਾਗਤੀ ਸਮਾਗਮ 'ਚ ਵੀ ਹਿੱਸਾ ਲਿਆ, ਜਿੱਥੇ ਲੋਕਾਂ ਨੇ ਕਿਹਾ ਕਿ ਜਾਖੜ ਨੇ ਅਬੋਹਰ ਦੀ ਵਰ੍ਹਿਆਂ ਪੁਰਾਣੀ ਮੰਗ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੂਰੀ ਕਰਵਾਇਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਰਕ਼ਮ ਨੂੰ ਵਧਾ ਕੇ 750 ਰੁਪਏ ਕਰ ਦਿੱਤਾ ਹੈ ਅਤੇ ਸ਼ਗਨ ਸਕੀਮ ਦੇ ਤਹਿਤ ਵੀ 21 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾ ਰਿਹਾ ਹੈ। ਰਾਜ 'ਚ 31 ਹਜ਼ਾਰ ਕਿਲੋਮੀਟਰ ਦੀਆਂ ਦਿਹਾਤੀ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਹਰ ਫ਼ਸਲ ਨੂੰ ਬਿਨਾਂ ਕਿਸੇ ਰੁਕਾਵਟ ਦੇ ਮੰਡੀਆਂ 'ਚੋਂ ਚੁੱਕਿਆ ਹੈ, ਜਦੋਂਕਿ ਸਾਬਕਾ ਅਕਾਲੀ ਸਰਕਾਰ ਦੇ ਅਹਿਦ 'ਚ ਫ਼ਸਲਾਂ ਦੀ ਬਰਬਾਦੀ ਹੋਈ ਹੈ। ਉਨ੍ਹਾਂ ਕਿਹਾ ਕਿ 2020 ਨੂੰ ਪੰਜਾਬ ਸਰਕਾਰ ਵਿਕਾਸ ਵਰ੍ਹੇ ਦੇ ਰੂਪ 'ਚ ਮਨਾ ਰਹੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧ 'ਚ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ 'ਚ ਉਨ੍ਹਾਂ ਦੇ ਵਿਚਾਰ ਲਏ ਜਾ ਰਹੇ ਹਨ। ਮੌਜੂਦਾ ਕਾਂਗਰਸ ਹਕੂਮਤ 'ਚ ਨਾ ਤਾਂ ਗੁੰਡਾ ਰਾਜ ਹੈ ਅਤੇ ਨਾ ਹੀ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ। ਸਾਬਕਾ ਅਕਾਲੀ ਸਰਕਾਰ 'ਚ ਮਾਫੀਆ ਅਤੇ ਗੈਂਗਸਟਰਾਂ ਦੀਆਂ ਸਰਗਰਮੀਆਂ ਦੀਆਂ ਹੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਸਨ। ਭ੍ਰਿਸ਼ਟਾਚਾਰ 'ਤੇ ਵੀ ਮੌਜੂਦਾ ਸਰਕਾਰ ਨੇ ਕਾਫ਼ੀ ਹੱਦ ਤੱਕ ਰੋਕ ਲਾਈ ਹੈ। ਪੰਜਾਬ ਦੇ ਵਿਕਾਸ ਅਤੇ ਹੋਰਨਾਂ ਮੁੱਦਿਆਂ ਬਾਰੇ ਅਕਾਲੀ ਲੀਡਰਸ਼ਿਪ ਕਦੇ ਵੀ ਉਨ੍ਹਾਂ ਨਾਲ ਬਹਿਸ ਕਰ ਸਕਦੀ ਹੈ।
ਬੋਰਡ ਦੇ ਪੱਖਪਾਤੀ ਵਤੀਰੇ ਖਿਲਾਫ ਰਾਸਾ ਦੇ 5400 ਸਕੂਲਾਂ ਨੇ ਮਨਾਇਆ ਕਾਲਾ ਦਿਨ
NEXT STORY