ਬਠਿੰਡਾ(ਬਲਵਿੰਦਰ, ਸੰਦੀਪ ਮਿੱਤਲ)— ਸੇਵਾ, ਪਿਆਰ ਤੇ ਸਦਭਾਵਨਾ ਦੀ ਮੂਰਤ ਪੂਜਨਯੋਗ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਯਾਦ ਕਰਦਿਆਂ ਅੱਜ ਜਗ ਬਾਣੀ ਬਠਿੰਡਾ ਦੀ ਟੀਮ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ, ਮੁਲਤਾਨੀਆ ਰੋਡ, ਬਠਿੰਡਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਾਲਵਾ ਦੇ ਪ੍ਰਸਿੱਧ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀ ਟੀਮ ਵਲੋਂ ਕਰੀਬ 200 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ।
ਮੈਡੀਕਲ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਮਜੀਤ ਸਿੰਘ ਨੇ ਅਰਦਾਸ ਕਰਕੇ ਕੀਤੀ। ਇਸ ਮੌਕੇ ਗੁਰਚਰਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸੀ ਆਗੂ ਹਰਜਿੰਦਰ ਸਿੰਘ, ਸਮਾਜ ਸੇਵੀ ਰਵੀਕਾਂਤ ਅਰੋੜਾ ਅਤੇ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਤੋਂ ਬਾਅਦ ਬਾਅਦ ਮੈਕਸ ਹਸਪਤਾਲ ਦੇ ਨਰਸਿੰਗ ਸਟਾਫ ਵਲੋਂ ਸਾਰੇ ਮਰੀਜ਼ਾਂ ਦਾ ਬਕਾਇਦਾ ਬੀ.ਪੀ. ਤੇ ਸ਼ੂਗਰ ਟੈਸਟ ਕੀਤਾ ਗਿਆ। ਮਰੀਜ਼ਾਂ 'ਚ ਜ਼ਿਆਦਾਤਰ ਗਿਣਤੀ ਲਾਈਨਪਾਰ ਖੇਤਰ ਦੇ ਪਰਸ ਰਾਮ ਨਗਰ, ਪ੍ਰਤਾਪ ਨਗਰ, ਮੁਲਤਾਨੀਆਂ ਰੋਡ, ਅਮਰਪੁਰਾ ਬਸਤੀ, ਲਾਲ ਸਿੰਘ ਬਸਤੀ, ਸੰਜੇ ਸਿੰਘ ਨਗਰ ਆਦਿ ਨੇੜਲੇ ਖੇਤਰ ਦੇ ਲੋਕਾਂ ਦੀ ਸੀ। ਕੈਂਪ ਦੇ ਅੰਤ ਵਿਚ ਡਾ. ਰੋਹਿਤ ਮੋਦੀ, ਡਾ. ਸੱਤਿਅਮ ਸ਼ਰਮਾ, ਡਾ. ਕੇ. ਗੌਰਵ, ਡਾ. ਆਸ਼ੂ ਤੇ ਹੋਰ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।
ਬਿਮਾਰੀਆਂ ਦਾ ਤੇਜ਼ੀ ਨਾਲ ਵਧਣਾ ਚਿੰਤਾ ਦਾ ਵਿਸ਼ਾ : ਡਾ. ਮੋਦੀ—

ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾ. ਰੋਹਿਤ ਮੋਦੀ ਨੇ ਅੱਜ ਇÎਥੇ ਕਿਹਾ ਕਿ ਵਧ ਰਹੀਆ ਬਿਮਾਰੀਆਂ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਹੈ। ਹਰੇਕ ਵਿਅਕਤੀ ਨੂੰ ਲੋੜ ਹੈ ਕਿ ਉਹ ਖਾਣਾ ਦਵਾਈ ਵਾਂਗ ਦੇਖ ਪਰਖ ਤੇ ਸੋਚ-ਸਮਝ ਕੇ ਖਾਵੇ, ਨਹੀਂ ਤਾਂ ਦਵਾਈਆਂ ਹੀ ਖਾਣੇ ਵਾਗ ਖਾਣੀਆਂ ਪੈ ਜਾਣਗੀਆਂ। ਹੁਣ ਲੋਕਾਂ ਦੇ ਜਿੰਦਗੀ ਜਿਉਣ ਦਾ ਤਰੀਕਾ ਬਦਲ ਚੁੱਕਾ ਹੈ, ਜਦਕਿ ਖਾਣ-ਪੀਣ ਦੀਆਂ ਵਸਤਾਂ 'ਚ ਲੋੜੀਂਦੇ ਤੱਤ ਵੀ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਮਸ਼ੀਨੀ ਹੋ ਚੁੱਕਾ ਹੈ, ਨੇੜੇ ਜਾਣ ਲਈ ਵੀ ਵਾਹਨ ਦੀ ਵਰਤੋਂ ਕੀਤੀ ਜਾਂਦੀ ਹੈ, ਸਾਈਕਲ ਚਲਾਉਣਾ ਬੇਇੱਜਤੀ ਸਮਝੀ ਜਾਂਦੀ ਹੈ। ਦਾਲਾਂ-ਸਬਜੀਆਂ ਨਾਲ ਸਾਦੀ ਰੋਟੀ ਖਾਣ ਦੀ ਬਜਾਏ ਜੰਕ ਫੂਡ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਹ ਸਭ ਕੁਝ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ। ਡਾ. ਮੋਦੀ ਨੇ ਦੱਸਿਆ ਕਿ ਮੈਡੀਕਲ ਖੇਤਰ 'ਚ ਸਮੇਂ-ਸਮੇਂ ਨਵੇਂ ਨਿਰਦੇਸ਼ ਜਾਰੀ ਹੁੰਦੇ ਰਹਿੰਦੇ ਹਨ। ਮੌਜ਼ੂਦਾ ਸਥਿਤੀ ਨੂੰ ਦੇਖਦਿਆਂ ਨਵੇਂ ਨਿਰਦੇਸ਼ ਹਨ ਕਿ ਜੇਕਰ ਵਿਅਕਤੀ ਆਪਣੀ ਸਿਹਤ ਵੱਲ ਧਿਆਨ ਦੇਵੇ ਤਾਂ ਉਸਦੀ ਉਮਰ ਆਮ ਨਾਲੋਂ 10 ਸਾਲ ਤੱਕ ਸਕਦੀ ਹੈ। ਜਿਵੇਂ ਕਿ ਰੋਜ਼ਮਰਰਾ ਦੇ ਕੰਮਾਂ 'ਚ ਮਸ਼ੀਨਾਂ ਦੀ ਬਜਾਏ ਹੱਥੀਂ ਕੰਮ ਕਰਨ ਨੂੰ ਤਰਜ਼ੀਹ ਦੇਣ ਤੋਂ ਇਲਾਵਾ ਰੋਜ਼ਾਨਾ 30 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਮੋਟਾਪੇ ਤੋਂ ਦੂਰੀ ਰਹਿ ਸਕੇ। ਸਿਗਰਟ ਜਾਂ ਹੋਰ ਨਸ਼ਿਆਂ ਤੋਂ ਗੁਰੇਜ਼ ਕੀਤਾ ਜਾਵੇ, ਪਰ ਸ਼ਰਾਬ ਡਾਕਟਰਾਂ ਦੀ ਸਲਾਹ ਮੁਤਾਬਕ ਦਵਾਈ ਵਾਂਗ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ। ਪ੍ਰੰਤੂ ਲੋੜੀਂਦੀ ਮਾਤਰਾ ਤੋਂ ਜ਼ਿਆਦਾ ਇਹ ਕਾਫੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜੰਕ ਫੂਡ ਛੱਡ ਕੇ ਸ਼ੁੱਧ ਤੇ ਸਾਫ ਖਾਣੇ ਨੂੰ ਤਰਜ਼ੀਹ ਦੇਣ ਦੀ ਲੋੜ ਹੈ, ਜਦਕਿ ਖਾਣੇ 'ਚ ਮਿੱਠਾ ਵੀ ਨਾਮਾਤਰ ਹੀ ਹੋਣਾ ਚਾਹੀਦਾ ਹੈ। ਜੇਕਰ ਹਰੇਕ ਵਿਅਕਤੀ ਇਹ ਪ੍ਰਹੇਜ ਰੱਖੇ ਤਾਂ ਉਸਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ।
ਇੰਟਰਨੈੱਟ ਗਿਆਨ ਦਾ ਸੋਮਾ ਹੈ ਡਾਕਟਰ ਨਹੀਂ-ਡਾ. ਕੇ. ਗੌਰਵ —

ਜਨਰਲ ਮਰੀਜ਼ਾਂ ਦਾ ਚੈਕਅੱਪ ਕਰ ਰਹੇ ਡਾ. ਕੇ. ਗੌਰਵ ਨੇ ਕਿਹਾ ਕਿ ਅਜੋਕੇ ਸਮਾਜ 'ਚ ਲੋਕਾਂ ਦਾ ਲਾਇਫ ਸਟਾਇਲ ਹੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਆਮ ਲੋਕ ਮਸ਼ੀਨਰੀ 'ਤੇ ਪੂਰੀ ਨਿਰਭਰ ਹੋ ਕੇ ਸ਼ਰੀਰ ਨੂੰ ਕਸ਼ਟ ਦੇਣਾ ਭੁਲਾ ਚੁੱਕੇ ਹਨ। ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਹੁਣ ਇਕ ਹੋਰ ਪ੍ਰਚਲਣ ਵੀ ਹੈ ਕਿ ਲੋਕ ਇੰਟਰਨੈੱਟ ਤੋਂ ਬਿਮਾਰੀਆਂ ਦੇ ਲੱਛਣ ਅਤੇ ਦਵਾਈਆ ਬਾਰੇ ਪੜ੍ਹ ਕੇ ਖੁਦ ਹੀ ਇਲਾਜ਼ ਕਰਨ ਲੱਗੇ ਹਨ, ਪਰ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇੰਟਰਨੈੱਟ ਗਿਆਨ ਦਾ ਸੋਮਾ ਤਾਂ ਜ਼ਰੂਰ ਹੈ, ਪਰ ਉਹ ਡਾਕਟਰ ਨਹੀਂ ਹੈ। ਕਿਉਂਕਿ ਇਕ ਡਾਕਟਰ ਮਰੀਜ਼ ਦੇ ਲੱਛਣ, ਇਲਾਕੇ ਦੇ ਮੌਸਮ, ਮਰੀਜ਼ ਦੀ ਸਿਹਤ, ਉਮਰ, ਬਿਮਾਰੀ ਆਦਿ ਪੱਖਾਂ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਹੀ ਦਵਾਈ ਦਿੰਦਾ ਹੈ। ਜਦਕਿ ਇੰਟਰਨੈੱਟ 'ਤੇ ਸਿਰਫ ਜਾਣਕਾਰੀ ਹੁੰਦੀ ਹੈ। ਜੇਕਰ ਕਿਤਾਬਾਂ ਪੜ੍ਹ ਕੇ ਹੀ ਇਲਾਜ਼ ਸੰਭਵ ਹੁੰਦਾ ਤਾਂ ਡਾਕਟਰ ਨਾਂ ਦਾ ਕੋਈ ਵਜੂਦ ਹੀ ਨਹੀਂ ਸੀ ਹੋਣਾ, ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਕਿਤਾਬ 'ਚੋਂ ਪੜ੍ਹ ਕੇ ਕਿਸੇ ਦਾ ਵੀ ਇਲਾਜ਼ ਕਰ ਸਕਦਾ ਸੀ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਉਹ ਇੰਟਰਨੈੱਟ ਜਾਂ ਕਿਸੇ ਆਮ ਵਿਅਕਤੀ ਦੀ ਸਲਾਹ ਨਾਲ ਦਵਾਈ ਲੈਣ ਦੀ ਬਜਾਏ ਕਿਸੇ ਡਾਕਟਰ ਦੀ ਸਲਾਹ ਲੈਣ।
ਮਾੜਾ ਖਾਣ-ਪੀਣ ਤੇ ਮੌਜ਼ੂਦਾ ਲਾਇਫ ਸਟਾਇਲ ਹੀ ਬਿਮਾਰੀਆਂ ਹਨ-ਡਾ. ਸੱਤਿਅਮ ਸ਼ਰਮਾ—

ਪਿਸ਼ਾਬ ਰੋਗਾਂ ਤੇ ਗੁਰਦਿਆਂ ਦੇ ਮਾਹਰ ਡਾ. ਸੱਤਿਅਮ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਆਮ ਲੋਕਾਂ ਦਾ ਲਾਇਫ ਸਟਾਇਲ ਅਤੇ ਖਾਣ-ਪੀਣ ਬਹੁਤ ਮਾੜਾ ਹੈ, ਜੋ ਆਪਣੇ ਆਪ ਵਿਚ ਹੀ ਬਿਮਾਰੀਆਂ ਹਨ। ਆਮ ਲੋਕਾਂ ਦੇ ਖਾਣ-ਪੀਣ ਦਾ ਕੋਈ ਸਮਾਂ ਨਹੀਂ, ਉਹ ਕੀ ਖਾ ਰਹੇ ਹਨ ਤੇ ਕਿੰਨਾ ਖਾ ਰਹੇ ਹਨ, ਇਸ ਵਾਸਤੇ ਕੋਈ ਧਿਆਨ ਨਹੀਂ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤਾਂ ਦੀ ਸ਼ੁੱਧਤਾ ਜਾਂ ਗੁਣਵੱਤਾ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਬਜੀ ਮੰਡੀ 'ਚ ਜਾ ਕੇ ਦੇਖਿਆ ਜਾ ਸਕਦਾ ਹੈ ਕੁਝ ਚੰਗੇ ਹੋਟਲਾਂ ਨੂੰ ਛੱਡ ਕੇ ਹਰੇਕ ਹੋਟਲ ਜਾਂ ਢਾਬੇ ਵਾਲੇ ਸਸਤੀ ਤੋਂ ਸਸਤੀ ਸਬਜ਼ੀ ਜਾਂ ਫਲ ਖਰੀਦ ਰਿਹਾ ਹੁੰਦਾ ਹੈ। ਜਿਸਦਾ ਮੰਤਵ ਗੁਣਵੱਤਾ ਜਾਂ ਸ਼ੁੱਧਤਾ-ਸਫਾਈ ਨਹੀਂ ਹੁੰਦਾ, ਬਲਕਿ ਪੈਸੇ ਬਚਾਉਣਾ ਹੁੰਦਾ ਹੈ। ਫਿਰ ਇਹੀ ਘਟੀਆ ਵਸਤਾਂ ਆਮ ਲੋਕਾਂ ਨੂੰ ਵਧੀਆ ਢੰਗ ਨਾਲ ਪਰੋਸ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਸਤਾਂ ਨੂੰ ਬਣਾਉਣ ਖਾਤਰ ਕਈ ਤਰ੍ਹਾਂ ਕੈਮੀਕਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਦੋਂ ਕਿ ਸਾਨੂੰ ਫਸਲਾਂ ਰਾਹੀਂ ਪੈਸਟੀਫਾਇਡ ਵੀ ਪਰੋਸਿਆ ਜਾ ਰਿਹਾ ਹੈ। ਅਜਿਹੇ ਖਾਣ-ਪੀਣ ਨਾਲ ਬਿਮਾਰੀਆਂ ਤੋਂ ਬਚਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ। ਆਮ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਮਸ਼ੀਨਾਂ ਦਾ ਖਹਿੜਾ ਛੱਡ ਕੇ ਹੱਥੀਂ ਕੰਮ ਕਰੇ, ਰੋਜ਼ਾਨਾ ਕਸਰਤ ਨੂੰ ਸਮਾਂ ਦੇਵੇ, ਸਾਦਾ ਖਾਣਾ ਖਾਵੇ, ਡਾਕਟਰੀ ਸਲਾਹ ਨਾਲ ਦਵਾਈ ਲਈ ਜਾਵੇ। ਇਸ ਤਰ੍ਹਾਂ ਦੇ ਪ੍ਰਹੇਜ਼ ਕਰਨ ਨਾਲ ਹੀ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ, ਨਹੀਂ ਤਾਂ ਬਿਮਾਰੀਆਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ, ਜੋ ਘਾਤਕ ਰੂਪ ਧਾਰਨ ਕਰ ਲੈਣਗੀਆਂ।
ਹਰੇਕ ਵਿਅਕਤੀ ਨੂੰ ਆਮ ਤੌਰ 'ਤੇ ਹੀ ਚੈਕਅੱਪ ਕਰਵਾਉਣਾ ਚਾਹੀਦਾ ਹੈ-ਡਾ. ਆਸ਼ੂ—

ਕੈਂਪ ਦੇ ਪ੍ਰਬੰਧ ਦੇਖਣ ਪਹੁੰਚੇ ਮੈਕਸ ਹਸਪਤਾਲ ਦੇ ਬੁਲਾਰੇ ਡਾ. ਆਸ਼ੂ ਨੇ ਕਿਹਾ ਕਿ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਜਗ ਬਾਣੀ ਟੀਮ ਵਲੋਂ ਆਯੋਜਿਤ ਇਹ ਕੈਂਪ ਬਹੁਤ ਸ਼ਲਾਘਾਯੋਗ ਰਿਹਾ ਹੈ। ਜਿਸ ਨਾਲ ਕਰੀਬ 200 ਮਰੀਜ਼ਾਂ ਨੂੰ ਲਾਭ ਮਿਲ ਸਕਿਆ। ਹਰੇਕ ਸਮਾਜ ਸੇਵੀ ਸੰਸਥਾ ਨੂੰ ਗਰੀਬ ਬਸਤੀਆਂ 'ਚ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਇਲਾਜ਼ ਕਰਵਾਉਣ 'ਚ ਅਸਮਰਥ ਮਰੀਜ਼ਾਂ ਨੂੰ ਇਲਾਜ਼ ਸਹੂਲਤਾਂ ਮਿਲ ਸਕਣ। ਉਨ੍ਹਾਂ ਦੀ ਟੀਮ ਅਜਿਹੇ ਹੋਰ ਕੈਂਪਾਂ ਵਿਚ ਵੀ ਸਹਿਯੋਗ ਦੇਣ ਲਈ ਹਮੇਸ਼ਾਂ ਤਿਆਰ ਰਹਿਣਗੇ।
ਮੈਡੀਕਲ ਕੈਂਪ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ -ਗੁਰਚਰਨ ਸਿੰਘ ਔਲਖ—

ਭਾਈ ਗੁਰਚਰਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮੈਡੀਕਲ ਕੈਂਪ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਵਾਸਤੇ ਉਹ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਦੇ ਪਰਿਵਾਰ ਅਤੇ ਜਗ ਬਾਣੀ ਦੀ ਟੀਮ ਨੂੰ ਵਧਾਈ ਦਿੰਦੇ ਹਨ। ਇਸ ਕੈਂਪ ਨਾਲ ਗਰੀਬ ਲੋਕਾਂ ਨੂੰ ਬਹੁਤ ਲਾਭ ਮਿਲਿਆ, ਕਿਉਂਕਿ ਮੈਕਸ ਹਸਪਤਾਲ ਦੇ ਵੱਡੇ ਡਾਕਟਰਾਂ ਨੇ ਬੜੇ ਪਿਆਰ ਨਾਲ ਮਰੀਜ਼ਾਂ ਦਾ ਚੈਕਅੱਪ ਕੀਤਾ। ਉਹ ਆਮ ਲੋਕਾਂ ਵਲੋਂ ਜਗ ਬਾਣੀ ਟੀਮ ਅਤੇ ਮੈਕਸ ਹਸਪਤਾਲ ਦੇ ਡਾਕਟਰਾਂ ਦੇ ਧੰਨਵਾਦੀ ਹਨ।
ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ-ਭਾਈ ਕਰਮਜੀਤ ਸਿੰਘ—

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਮਜੀਤ ਸਿੰਘ ਨੇ ਕਿਹਾ ਕਿ ਹਰੇਕ ਧਰਮ ਸਿਖਾਉਂਦਾ ਹੈ ਕਿ ਧਰਮ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ ਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ। ਅਕਾਲ ਪੁਰਖ ਵਾਹਿਗੁਰ ਨੂੰ ਖੁਸ਼ ਕਰਨ ਦਾ ਮਨੁੱਖਤਾ ਦੀ ਸੇਵਾ ਸਭ ਤੋਂ ਸਰਲ ਤਰੀਕਾ ਹੈ। ਜਿਵੇਂ ਕਿ ਜਗ ਬਾਣੀ ਵਲੋਂ ਆਯੋਜਿਤ ਮੈਡੀਕਲ ਜਾਂਚ ਕੈਂਪ ਵਿਚ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਅਨੇਕਾਂ ਮਰੀਜ਼ਾਂ ਦਾ ਇਲਾਜ਼ ਕੀਤਾ। ਇਸ ਤਰ੍ਹਾਂ ਗਰੀਬ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਜਾਰੀ ਰਹਿਣੇ ਚਾਹੀਦਾ ਹਨ, ਕਿਉਂਕਿ ਮਹਿੰਗਾ ਇਲਾਜ਼ ਗਰੀਬਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਹੈ।
ਪੰਜਾਬ ਕੇਸਰੀ ਗਰੁੱਪ ਦਾ ਇਤਿਹਾਸ ਸਮਾਜ ਸੇਵਾ ਵਾਲਾ-ਸਮਾਜ ਸੇਵੀ—

ਸਹਿਯੋਗੀਆਂ ਵਜੋਂ ਪਹੁੰਚੇ ਸਮਾਜ ਸੇਵੀ ਹਰਜਿੰਦਰ ਸਿੰਘ ਹੈਪੀ, ਬੀਰਵਲ ਬਾਂਸਲ ਯੂਨਾਈਟਡ ਵੈਲਫੇਅਰ ਸੁਸਾਇਟੀ ਅਤੇ ਰਵੀਕਾਂਤ ਅਰੋੜਾ ਸਾਥੀ ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦਾ ਇਤਿਹਾਸ ਸਮਾਜ ਸੇਵਾ ਵਾਲਾ ਹੀ ਰਿਹਾ ਹੈ। ਚੋਪੜਾ ਪਰਿਵਾਰ ਨੇ ਸ਼ੁਰੂ ਤੋਂ ਹੀ ਲੋੜਵੰਦਾਂ ਤੇ ਗਰੀਬਾਂ ਦੀ ਸੇਵਾ ਨੂੰ ਤਰਜੀਹ ਦਿੱਤੀ ਹੈ। ਜਗ ਜ਼ਾਹਰ ਹੈ ਕਿ ਚੋਪੜਾ ਪਰਿਵਾਰ ਹੀ ਹੈ, ਜਿਸ ਵਲੋਂ ਪ੍ਰਧਾਨ ਮੰਤਰੀ ਰਾਹਤ ਕੋਸ਼, ਸ਼ਹੀਦ ਪਰਿਵਾਰ ਫੰਡ ਆਦਿ ਯੋਜਨਾਵਾਂ ਸਮਾਜ ਸੇਵਾ ਦਾ ਸਾਬਤ ਸੂਰਤ ਸਬੂਤ ਹਨ। ਇਸ ਤੋਂ ਇਲਾਵਾ ਕੋਈ ਵੀ ਦੀਨ-ਦੁਖੀਆ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰ ਪਹੁੰਚ ਜਾਵੇ ਤਾਂ ਉਹ ਖਾਲੀ ਹੱਥ ਨਹੀਂ ਮੁੜਦਾ। ਇਸ ਲਈ ਉਹ ਸਾਰੇ ਚੋਪੜਾ ਪਰਿਵਾਰ ਅਤੇ ਜਗ ਬਾਣੀ ਟੀਮ ਨੂੰ ਕੈਂਪ ਦੀ ਵਧਾਈ ਦਿੰਦੇ ਹੋਏ ਧੰਨਵਾਦ ਵੀ ਕਰਦੇ ਹਨ ਕਿ ਉਨ੍ਹਾਂ ਵਲੋਂ ਗਰੀਬ ਬਸਤੀਆਂ ਦੇ ਲੋਕਾਂ ਲਈ ਇਹ ਮੈਡੀਕਲ ਕੈਂਪ ਲਗਾਇਆ ਗਿਆ।
ਜਾਖੜ ਤੇ ਆਸ਼ਾ ਕੁਮਾਰੀ ਦੀ ਮੀਟਿੰਗ 'ਚ ਹੰਗਾਮਾ, ਆਪਸ 'ਚ ਭਿੜੇ ਕਾਂਗਰਸੀ
NEXT STORY