ਲੁਧਿਆਣਾ(ਸਹਿਗਲ)-ਰਾਜ ਵਿਚ ਪਿਛਲੇ ਤਿੰਨ ਸਾਲਾਂ 'ਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵਧਿਆ ਹੈ। ਇਸ ਸਾਲ ਸਵਾਈਨ ਫਲੂ ਦੇ ਵਾਇਰਸ ਦੇ ਬਦਲਾਅ ਆਉਣ ਨਾਲ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ ਕਿਉਂਕਿ ਰਾਜ ਸਰਕਾਰ ਨੂੰ ਨਵੇਂ ਵੈਕਸੀਨ ਮੰਗਵਾਉਣ ਦੀ ਲੋੜ ਪੈ ਗਈ ਹੈ। ਸਿਹਤ ਅਧਿਕਾਰੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਜਦੋਂ ਸਵਾਈਨ ਫਲੂ ਦਾ ਪ੍ਰੰਪਰਾਗਤ ਸੀਜ਼ਨ ਜੋ ਸਰਦੀਆਂ ਵਿਚ ਸ਼ੁਰੂ ਹੋਵੇਗਾ, ਉਦੋਂ ਕੀ ਹੋਵੇਗਾ? ਇਕ ਜਨਵਰੀ 2015 ਤੋਂ ਦਸੰਬਰ ਤੱਕ 833 ਮਰੀਜ਼ਾਂ 'ਚ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ ਉਸ ਵਿਚ 300 ਮਰੀਜ਼ ਪਾਜ਼ੇਟਿਵ ਨਿਕਲੇ, ਜਦੋਂਕਿ 61 ਮਰੀਜ਼ਾਂ ਦੀ ਮੌਤ ਹੋ ਗਈ। 2016 ਦੌਰਾਨ 565 ਮਰੀਜ਼ਾਂ ਦੀ ਜਾਂਚ ਵਿਚ 177 'ਚ ਸਵਾਈਨ ਫਲੂ ਪਾਇਆ ਗਿਆ। 64 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 2017 ਵਿਚ ਇਕ ਜਨਵਰੀ ਤੋਂ ਹੁਣ ਤੱਕ 348 ਮਰੀਜ਼ਾਂ ਦੀ ਜਾਂਚ ਵਿਚ 142 ਮਰੀਜ਼ਾਂ ਵਿਚ ਸਵਾਈਨ ਫਲੂ ਪਾਇਆ ਗਿਆ ਅਤੇ ਹੁਣ ਤੱਕ 33 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਵਾਈਨ ਫਲੂ ਦੇ ਚਾਰ ਨਵੇਂ ਮਰੀਜ਼ ਆਏ ਸਾਹਮਣੇ
ਮਹਾਨਗਰ 'ਚ ਸਵਾਈਨ ਫਲੂ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਜ਼ਿਲਾ ਮਲੇਰੀਆ ਅਫਸਰ ਡਾ. ਦਿਵਿਆਜੋਤ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ ਤਿੰਨ ਸਾਲਾ ਬੱਚਾ ਖੰਨਾ ਦਾ ਰਹਿਣ ਵਾਲਾ ਹੈ ਅਤੇ ਪੀ. ਜੀ. ਆਈ. ਵਿਚ ਦਾਖਲ ਹੈ। ਦੂਜੀ ਔਰਤ ਮਰੀਜ਼ ਦੀ ਉਮਰ 40 ਸਾਲ ਹੈ, ਜੋ ਮੱਤੇਵਾੜਾ ਦੀ ਰਹਿਣ ਵਾਲੀ ਹੈ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਹੈ। ਤੀਜੀ 27 ਸਾਲਾ ਲੜਕੀ ਹੈਬੋਵਾਲ ਕਲਾਂ ਨਿਵਾਸੀ ਦਯਾਨੰਦ ਹਸਪਤਾਲ ਅਤੇ ਚੌਥਾ 48 ਸਾਲਾ ਮਰੀਜ਼ ਟੈਗੋਰ ਨਗਰ ਦਾ ਰਹਿਣ ਵਾਲਾ ਹੈ ਅਤੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਹੈ। ਡਾ. ਦਿਵਿਆਜੋਤ ਮੁਤਾਬਕ ਚਾਰੇ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।
ਐਕਸਪਾਇਰਡ ਦਵਾਈਆਂ ਦੇ ਕੇਸ ਦੀ ਜਾਂਚ ਨਹੀਂ
ਸਿਹਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਜ਼ਿਲਿਆਂ 'ਚ ਐਕਸਪਾਇਰਡ ਦਵਾਈਆਂ ਵੰਡੀਆਂ ਗਈਆਂ। ਇਨ੍ਹਾਂ ਜ਼ਿਲਿਆਂ ਵਿਚ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਨਵਾਂਸ਼ਹਿਰ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰੋਟੈਕਸ਼ਨ ਕਿੱਟਾਂ ਜੋ ਐਕਸਪਾਇਰਡ ਹੋ ਚੁੱਕੀਆਂ ਸਨ, ਦੇ ਵੰਡਣ ਦੀ ਗੱਲ ਵੀ ਸਾਹਮਣੇ ਆਈ ਪਰ ਰਾਜ ਸਰਕਾਰ ਵੱਲੋਂ ਅਜੇ ਤੱਕ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ। ਜ਼ਿਆਦਾਤਰ ਮਰੀਜ਼ ਵੀ ਇਸੇ ਸਮੇਂ ਵਿਚ ਸਾਹਮਣੇ ਆਏ ਜਾਂ ਮੌਤ ਦਾ ਸ਼ਿਕਾਰ ਹੋਏ, ਇਸ ਤੋਂ ਪਹਿਲਾਂ ਲੁਧਿਆਣਾ ਦੇ ਗੈਸਟ੍ਰੋ ਫੈਲਣ ਦੇ ਮੌਕੇ ਵੀ ਐਕਸਪਾਇਰਡ ਸੀਰਪ ਵੰਡੇ ਜਾਣ ਦੀ ਗੱਲ ਸਾਹਮਣੇ ਆ ਚੁੱਕੀ ਹੈ। ਇਹੀ ਨਹੀਂ, ਕੁਝ ਸਮਾਂ ਪਹਿਲਾਂ ਲੁਧਿਆਣਾ ਵਿਚ ਐਕਸਪਾਇਰਡ ਕਲੋਰੀਨ ਦੀਆਂ ਗੋਲੀਆਂ ਦਾ ਕਾਫੀ ਸਟਾਕ ਵੀ ਚੰਡੀਗੜ੍ਹ ਤੋਂ ਭੇਜਿਆ ਗਿਆ ਸੀ ਪਰ ਮਾਮਲਾ ਜਨਤਕ ਹੋਣ ਦੇ ਡਰੋਂ ਇਸ ਸਟਾਕ ਨੂੰ ਵਾਪਸ ਮੰਗਵਾ ਲਿਆ ਗਿਆ ਪਰ ਹੁਣ ਤੱਕ ਕਿਸੇ ਵੀ ਕੇਸ ਦੀ ਜਾਂਚ ਨਹੀਂ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਵਿਚ ਬੈਠਾ ਅਧਿਕਾਰੀ ਜੋ ਸਾਰੇ ਕੇਸ ਦੀ ਦੇਖ-ਰੇਖ ਕਰਦਾ ਹੈ, ਇਨ੍ਹਾਂ ਦਵਾਈਆਂ ਦੀ ਸਪਲਾਈ ਦਾ ਸਾਰਾ ਕੰਮ ਦੇਖਦਾ ਹੈ, ਕਿੱਥੇ ਜਾਂਦਾ ਹੈ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਰਿਪੋਰਟ ਨਹੀਂ ਕਰਦਾ ਅਤੇ ਉਸ ਦੀਆਂ ਮਰਜ਼ੀਆਂ ਦੇ ਚਰਚੇ ਆਮ ਰਹਿੰਦੇ ਹਨ। ਉੱਚ ਅਧਿਕਾਰੀਆਂ ਵੱਲੋਂ ਜਾਂਚ ਨਾ ਕਰਨ ਦਾ ਕਾਰਨ ਉਸ ਦਾ ਸਿਹਤ ਮੰਤਰੀ ਦੇ ਕਾਫੀ ਨੇੜੇ ਹੋਣਾ ਦੱਸਿਆ ਜਾਂਦਾ ਹੈ।
ਲੁਧਿਆਣਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ
ਸਵਾਈਨ ਫਲੂ ਦੇ ਕੇਸ ਵਿਚ ਲੁਧਿਆਣਾ ਜ਼ਿਲਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਜ਼ਿਲਾ ਹੈ, ਜੋ ਕਿ ਉੱਭਰ ਕੇ ਸਾਹਮਣੇ ਆਇਆ ਹੈ। ਹੁਣ ਤੱਕ ਇਥੇ 108 ਸ਼ੱਕੀ ਮਰੀਜ਼ਾਂ ਵਿਚ ਸਵਾਈਨ ਫਲੂ ਦਾ ਵਾਇਰਸ ਪਾਇਆ ਗਿਆ ਅਤੇ ਇਨ੍ਹਾਂ ਵਿਚ 40 ਦੇ ਕਰੀਬ ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ 'ਤੇ ਮੋਹਾਲੀ ਹੈ, ਜਿੱਥੇ 24 ਮਰੀਜ਼ਾਂ ਦੀ ਇਲਾਜ ਦੌਰਾਨ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ।
ਡੇਂਗੂ ਦੇ 62 ਅਤੇ ਚਿਕਨਗੁਨੀਆ ਦੇ 27 ਮਰੀਜ਼
ਸ਼ਹਿਰ ਦੇ ਹਸਪਤਾਲਾਂ 'ਚ ਡੇਂਗੂ ਦੇ 62 ਅਤੇ ਚਿਕਨਗੁਨੀਆ ਦੇ 27 ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਇਨ੍ਹਾਂ ਵਿਚ ਡੇਂਗੂ ਦੇ 7 ਅਤੇ ਚਿਕਨਗੁਨੀਆ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।
ਸਰਹੱਦ ਪਾਰ ਕਰਦਾ ਪਾਕਿਸਤਾਨੀ ਕਾਬੂ
NEXT STORY