ਮੋਹਾਲੀ (ਕੁਲਦੀਪ) - ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਵਿਚ ਅੱਜ ਬਹੁ-ਕਰੋੜੀ ਅੰਤਰਰਾਸ਼ਟਰੀ ਡਰੱਗ ਤਸਕਰੀ ਕੇਸ ਨਾਲ ਜੁੜੀ ਦੂਜੀ ਸਪਲੀਮੈਂਟਰੀ ਸ਼ਿਕਾਇਤ ਦੀ ਸੁਣਵਾਈ ਹੋਈ । ਮਾਣਯੋਗ ਅਦਾਲਤ ਨੇ ਸੁਣਵਾਈ ਦੌਰਾਨ ਕੇਸ ਦੇ ਇਕ ਮੁਲਜ਼ਮ ਵਰਿੰਦਰ ਰਾਜਾ ਖਿਲਾਫ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ । ਅੱਜ ਅਦਾਲਤ ਵਿਚ ਇਨਫੋਰਸਮੈਂਟ ਡਾਇਰੈਕਟਰ ਨਿਰੰਜਨ ਸਿੰਘ ਵੀ ਮੌਜੂਦ ਸਨ। ਕੇਸ ਵਿਚ ਅੱਜ ਪ੍ਰਾਸੀਕਿਊਸ਼ਨ ਵਿਟਨੈੱਸ ਹੋਣੀ ਸੀ, ਜੋ ਕਿ ਮੁਲਜ਼ਮ ਵਰਿੰਦਰ ਰਾਜਾ ਦੇ ਗੈਰ- ਹਾਜ਼ਰ ਹੋਣ ਕਾਰਨ ਨਹੀਂ ਹੋ ਸਕੀ।
ਪ੍ਰਾਪਤ ਜਾਣਕਾਰੀ ਮੁਤਾਬਕ ਦੋਸ਼ੀ ਵਰਿੰਦਰ ਰਾਜਾ ਨੇ 5 ਅਗਸਤ 2015 ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ਸੀ, ਜਿਸ ਤਹਿਤ ਹਾਈਕੋਰਟ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਸੀ। ਈ. ਡੀ. ਵੱਲੋਂ ਉਸਦੀ ਜ਼ਮਾਨਤ ਨੂੰ ਮਾਣਯੋਗ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਤਾਂ ਸੁਪਰੀਮ ਕੋਰਟ ਨੇ 21 ਜੁਲਾਈ 2017 ਨੂੰ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਸੀ । ਅੱਜ ਅਦਾਲਤ ਵਿਚ ਈ. ਡੀ. ਨੇ ਪੇਸ਼ ਹੋ ਕੇ ਉਸ ਦੀ ਜ਼ਮਾਨਤ ਰੱਦ ਹੋਣ ਦੇ ਬਾਰੇ ਦੱਸਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸਦੇ ਗੈਰ- ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਮਾਣਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 19 ਅਗਸਤ ਤੈਅ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਕਰੀਬ 6 ਹਜ਼ਾਰ ਕਰੋੜ ਰੁਪਏ ਦੀ ਅੰਤਰਰਾਸ਼ਟਰੀ ਡਰੱਗ ਤਸਕਰੀ ਕੇਸ ਨਾਲ ਜੁੜੇ ਇਸ ਕੇਸ ਵਿਚ ਈ. ਡੀ. ਪਹਿਲਾਂ ਹੀ 12 ਵਿਅਕਤੀਆਂ ਖਿਲਾਫ਼ ਮਨੀ ਲਾਂਡਰਿੰਗ ਦੇ ਤਹਿਤ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਅਨੂਪ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਮਨੀ, ਸੁਖਜੀਤ ਸਿੰਘ ਸੁੱਖਾ, ਮਨਿੰਦਰ ਸਿੰਘ ਬਿੱਟੂ, ਵਰਿੰਦਰ ਰਾਜਾ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਹੈਪੀ, ਗੁਰਦੀਪ ਸਿੰਘ ਮਨਚੰਦਾ, ਅੰਕੁਰ ਬਜਾਜ, ਅਨਿਲ ਬਜਾਜ, ਸੁਭਾਸ਼ ਬਜਾਜ ਅਤੇ ਬਜਾਜ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਦੇ ਨਾਂ ਸ਼ਾਮਲ ਸਨ। ਇਕ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਦੱਸਣਯੋਗ ਹੈ ਕਿ ਨਵੰਬਰ 2013 ਵਿਚ ਇਹ ਬਹੁ-ਕਰੋੜੀ ਅੰਤਰਰਾਸ਼ਟਰੀ ਡਰੱਗ ਤਸਕਰੀ ਕੇਸ ਸਾਹਮਣੇ ਆਇਆ ਸੀ, ਜਿਸ ਵਿਚ ਪੰਜਾਬ ਪੁਲਸ ਦੇ ਡੀ. ਐੱਸ. ਪੀ. ਜਗਦੀਸ਼ ਭੋਲਾ ਅਤੇ ਦਿੱਲੀ ਨਿਵਾਸੀ ਵਰਿੰਦਰ ਰਾਜਾ ਮੁੱਖ ਮੁਲਜ਼ਮ ਸਨ। ਸਾਲ 2015 ਵਿਚ ਈ. ਡੀ. ਨੇ ਵਰਿੰਦਰ ਸਿੰਘ ਉਰਫ਼ ਰਾਜਾ ਦੇ ਖਿਲਾਫ਼ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਤਹਿਤ ਵੀ ਕੇਸ ਦਰਜ ਕੀਤਾ ਸੀ।
ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਬੇਟੇ ਵਲੋਂ ਜ਼ਮਾਨਤ ਦੀ ਅਰਜ਼ੀ
ਦੂਜੇ ਪਾਸੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਨੇ ਆਪਣੇ ਵਕੀਲ ਰਾਹੀਂ ਅੱਜ ਸੀ. ਬੀ. ਆਈ. ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ। ਮਾਣਯੋਗ ਅਦਾਲਤ ਨੇ ਇਸ ਅਰਜ਼ੀ ਸਬੰਧੀ ਈ. ਡੀ. ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜ਼ਮਾਨਤ 'ਤੇ ਸੁਣਵਾਈ ਲਈ ਅਦਾਲਤ ਨੇ ਅਗਲੀ ਤਰੀਕ 16 ਅਗਸਤ ਤੈਅ ਕਰ ਦਿੱਤੀ ਹੈ ।
ਦੱਸਣਯੋਗ ਹੈ ਕਿ ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵਲੋਂ ਅਦਾਲਤ ਵਿਚ ਜਿਨ੍ਹਾਂ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਉਸ ਵਿਚ ਸਾਬਕਾ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਅਤੇ ਉਸਦੇ ਬੇਟੇ ਦਮਨਵੀਰ ਸਿੰਘ ਫਿਲੌਰ ਦਾ ਨਾਮ ਵੀ ਸ਼ਾਮਲ ਸੀ। ਹੁਣ ਦੋਵੇਂ ਪਿਤਾ ਪੁੱਤਰ ਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ।
ਰੱਖੜੀ ਬੰਨ੍ਹਣ ਜਾ ਰਹੀ ਭੈਣ ਤੋਂ ਪਰਸ ਖੋਹਿਆ
NEXT STORY