ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਸਥਾਨਕ ਖਤੀਬ ਬਾਈਪਾਸ ਨੇੜੇ ਤੇਲ ਨਾਲ ਭਰੇ ਟੈਂਕਰ ਵਲੋਂ ਇਕ ਟਰੱਕ ਨੂੰ ਜ਼ੋਰਦਾਰ ਟੱਕਰ ਮਾਰਨ ਨਾਲ ਕਲੀਂਡਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਦਕਿ ਦੋਵੇਂ ਡਰਾਈਵਰ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਟਰੱਕ ਡਰਾਈਵਰ ਗੁਰਦੇਵ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨੂਰਪੁਰ ਸੇਖਾਂ, ਜ਼ਿਲ੍ਹਾ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣਾ ਕੋਲੇ ਨਾਲ ਭਰਿਆ ਟਰੱਕ ਟਰੱਕ ਨੰ.ਪੀ.ਬੀ. 05 ਏ.ਕੇ. 4146 ਬਟਾਲਾ ਦੇ ਖਤੀਬ ਬਾਈਪਾਸ ’ਤੇ ਸਥਿਤ ਢਾਬੇ ਦੇ ਸਾਹਮਣੇ ਖੜ੍ਹਾ ਕੀਤਾ ਸੀ ਅਤੇ ਢਾਬੇ ’ਤੇ ਚਾਹ ਪੀਣ ਲਈ ਅਜੇ ਟਰੱਕ ਤੋਂ ਉੱਤਰਨ ਲੱਗਾ ਹੀ ਸੀ ਕਿ ਇਸ ਦੌਰਾਨ ਅੰਮ੍ਰਿਤਸਰ ਸਾਈਡ ਤੋਂ ਪਠਾਨਕੋਟ ਵੱਲ ਨੂੰ ਜਾ ਰਹੇ ਤੇਲ ਨਾਲ ਭਰੇ ਟੈਂਕਰ ਨੇ ਉਸਦੇ ਟਰੱਕ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਸਦਾ ਟਰੱਕ ਪਲਟ ਗਿਆ ਤੇ ਉਹ ਜ਼ਖਮੀ ਹੋ ਗਿਆ।
ਉਧਰ, ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਾਪਰੇ ਹਾਦਸੇ ਵਿਚ ਟੈਂਕਰ ’ਚ ਸਵਾਰ ਕਲੀਂਡਰ ਬਲਜੋਧ ਸਿੰਘ (32) ਵਾਸੀ ਤਿੱਬੜ ਦੀ ਜਿਥੇ ਦਰਦਨਾਕ ਢੰਗ ਨਾਲ ਮੌਕੇ ’ਤੇ ਹੀ ਮੌਤ ਹੋ ਗਈ, ਉਥੇ ਨਾਲ ਹੀ ਟੈਂਕਰ ਡਰਾਈਵਰ ਵੀ ਜ਼ਖਮੀ ਹੋ ਗਿਆ, ਜੋ ਜ਼ਖਮੀ ਹਾਲਤ ਵਿਚ ਹੀ ਉਥੋਂ ਫਰਾਰ ਹੋ ਗਿਆ। ਹੋਰ ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਿਥੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਨਾਲ ਹੀ ਦੋ ਕਰੇਨਾਂ ਮੌਕੇ ’ਤੇ ਪਲਟੇ ਟਰੱਕ ਨੂੰ ਸਿੱਧਾ ਕਰਨ ਅਤੇ ਟਕਰਾਏ ਟਰੱਕਾਂ ਨੂੰ ਅਲੱਗ-ਅਲੱਗ ਕਰਨ ਦੇ ਨਾਲ-ਨਾਲ ਮ੍ਰਿਤਕ ਕਲੀਂਡਰ ਦੀ ਲਾਸ਼ ਨੂੰ ਵਿਚੋਂ ਕੱਢਣ ਲਈ ਮੰਗਵਾਈਆਂ ਗਈਆਂ ਤਾਂ ਜੋ ਮ੍ਰਿਤਕ ਦੀ ਲਾਸ਼ ਨੂੰ ਪੁਲਸ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭਿਜਵਾ ਸਕੇ। ਇਹ ਪਤਾ ਚੱਲਿਆ ਹੈ ਕਿ ਉਕਤ ਭਿਆਨਕ ਹਾਦਸਾ ਟੈਂਕਰ ਦੇ ਡਰਾਈਵਰ ਨੂੰ ਨੀਂਦ ਆ ਜਾਣ ਕਰਕੇ ਵਾਪਰਿਆ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
ਮਾਸੂਮ ਸਹਿਜ ਦੇ ਭੋਗ 'ਤੇ ਨਹੀਂ ਰੁਕ ਰਹੇ ਪਰਿਵਾਰ ਦੇ ਹੰਝੂ, ਭੈਣ ਦੀਆਂ ਗੱਲਾਂ ਨੇ ਹਰ ਕਿਸੇ ਨੂੰ ਰੁਆ ਦਿੱਤਾ (ਵੀਡੀਓ)
NEXT STORY