ਤਰਨਤਾਰਨ (ਰਮਨ) : ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਪੰਜ ਸਾਲ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੁੰਡਾਪਿੰਡ ਨੂੰ ਗੋਦ ਲਿਆ ਸੀ ਪਰ ਪਿੰਡ ਦਾ ਬਹੁਤਾ ਵਿਕਾਸ ਨਾ ਹੋਣ ਕਾਰਨ ਪਿੰਡ ਵਾਸੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦਰਿਆ ਕੰਢੇ ਵਸੇ ਇਸ ਪਿੰਡ 'ਚ ਹਰ ਸਾਲ ਲੋਕ ਆਪਣੀ ਫਸਲ ਦੇ ਨਸ਼ਟ ਹੋਣ ਤੋਂ ਡਾਢੇ ਪਰੇਸ਼ਾਨ ਹਨ, ਐੱਮ.ਪੀ. ਵਲੋਂ ਗੋਦ ਲਏ ਇਸ ਪਿੰਡ ਨੂੰ ਸਵਾਰਨ ਲਈ ਕੇਂਦਰ ਵਲੋਂ ਜਾਰੀ ਹੋਣ ਵਾਲੀ ਗ੍ਰ੍ਰਾਂਟ ਦੀ ਅੱਜ ਵੀ ਬੇਸਬਰੀ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਚਲਾਈ ਗਈ ਆਦਰਸ਼ ਗ੍ਰਾਮ ਯੋਜਨਾ ਦੇ ਅਧੀਨ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਵੀ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਅਤੇ ਇਹ ਸਕੀਮ ਫੇਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਐੱਮ. ਪੀ. ਲੈਂਡ ਨਾਲ ਮੁੰਡਾਪਿੰਡ ਲਈ 35 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਗਿਆ ਹੈ।
ਕਿਉਂ ਗੋਦ ਲਿਆ ਪਿੰਡ ਤੇ ਸੂਰਤ-ਏ-ਹਾਲ
ਆਦਰਸ਼ ਗ੍ਰਾਮ ਯੋਜਨਾ ਅਧੀਨ ਬ੍ਰਹਮਪੁਰਾ ਨੇ ਦਰਿਆ ਬਿਆਸ ਕਿਨਾਰੇ ਵਸੇ ਲਗਭਗ 7 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਵਿਕਾਸ ਪੱਖੋਂ ਪਛੜੇ ਹੋਣ ਕਾਰਨ ਗੋਦ ਲਿਆ ਸੀ। ਪਿੰਡ ਨਾਲ ਲੱਗਦੇ ਦਰਿਆ ਬਿਆਸ 'ਚ ਹਰ ਸਾਲ ਲਗਭਗ 70 ਫੀਸਦੀ ਫਸਲ ਨਸ਼ਟ ਹੋ ਜਾਣ ਨਾਲ ਕਿਸਾਨ ਅਤੇ ਪਿੰਡ ਵਾਸੀ ਬਹੁਤ ਦੁਖੀ ਸਨ। ਪਿੰਡ ਵਾਸੀਆਂ ਦੀ ਪੁਰਜ਼ੋਰ ਮੰਗ 'ਤੇ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਦਰਿਆ ਪਾਰ ਕਰਨ ਲਈ ਇਕ ਪੁਲ ਬਣਾਏ ਜਾਣ ਅਤੇ ਬੰਨ੍ਹ ਲਗਾਏ ਜਾਣ ਦਾ ਵੀ ਵਾਅਦਾ ਕੀਤਾ ਸੀ ਜਿਸ ਨੂੰ ਉਹ ਅੱਜ ਤੱਕ ਪੂਰਾ ਕਰਨ 'ਚ ਅਸਮਰੱਥ ਰਹੇ। ਇੰਨਾ ਹੀ ਨਹੀਂ ਇਸ ਪਿੰਡ ਵਿਚ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਆਰ. ਓ ਸਿਸਟਮ ਲਗਾਏ ਜਾਣ ਦਾ ਵਾਅਦਾ ਵੀ ਪੂਰਾ ਨਹੀਂ ਹੋ ਸਕਿਆ। ਪਿੰਡ ਦੇ ਵਿਕਾਸ ਲਈ ਆਮ ਪਿੰਡਾਂ ਨੂੰ ਮਿਲਣ ਵਾਲੀ ਗ੍ਰਾਂਟ ਤੋਂ ਇਲਾਵਾ ਕੋਈ ਖਾਸ ਗ੍ਰਾਂਟ ਨਹੀਂ ਜਾਰੀ ਕੀਤੀ ਗਈ।
ਪਿੰਡ ਵਾਸੀ ਕਿਸ਼ਤੀ ਦਾ ਕਰਦੇ ਹਨ ਇਸਤੇਮਾਲ
ਆਦਰਸ਼ ਗ੍ਰਾਮ ਯੋਜਨਾ ਤਹਿਤ ਪ੍ਰਧਾਨ ਮੰਤਰੀ ਦੀ ਲਿਸਟ ਵਿਚ ਚਾਰ ਚੰਨ ਲਗਾਉਣ ਵਾਲਾ ਮੁੰਡਾਪਿੰਡ ਅੱਜ ਵਿਕਾਸ ਨੂੰ ਤਰਸਦਾ ਨਜ਼ਰ ਆ ਰਿਹਾ ਹੈ। ਇਸ ਪਿੰਡ ਦੇ ਲੋਕ ਦਰਿਆ ਪਾਰ ਕਰਨ ਲਈ ਅੱਜ ਵੀ ਕਿਸ਼ਤੀ ਦੀ ਵਰਤੋਂ ਕਰ ਰਹੇ ਹਨ।

ਐੱਮ.ਪੀ. ਨੇ ਨਹੀਂ ਕੀਤਾ ਕੋਈ ਵਿਕਾਸ
ਮੁੰਡਾਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡ ਨੂੰ ਗੋਦ ਲੈ ਕੇ ਪਿੰਡ ਵਾਸੀਆਂ ਨਾਲ ਧੋਖਾ ਕੀਤਾ ਹੈ। ਸੰਸਦ ਮੈਂਬਰ ਨੇ ਕੋਈ ਵਿਕਾਸ ਨਹੀਂ ਕਰਾਇਆ।
ਪਿੰਡ ਦੇ ਹਰ ਪਾਸੇ ਕੀਤਾ ਗਿਆ ਵਿਕਾਸ
ਸਾਬਕਾ ਅਕਾਲੀ ਸਰਪੰਚ ਗੁਰਦਿਆਲ ਸਿੰਘ ਨੇ ਦੱਸਿਆ ਕਿ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਵੱਲੋ ਪਿੰਡ ਦੇ ਵਿਕਾਸ ਦੌਰਾਨ ਸਕੂਲ ਦੀ ਇਮਾਰਤ, ਗਲੀਆਂ, ਨਾਲੀਆਂ ਪੱਕੀਆਂ, ਸਟੇਡੀਅਮ, ਪੰਚਾਇਤ ਘਰ, ਦਾਣਾ ਮੰਡੀ ਆਦਿ ਲਈ ਵਿਕਾਸ ਕੀਤਾ ਗਿਆ। ਉਨ੍ਹਾਂ ਮੰਨਿਆ ਕਿ ਦਰਿਆ ਕੰਢੇ ਬੰਨ੍ਹ ਨੂੰ ਪੱਕੇ ਕਰਨਾ ਅਤੇ ਪਿੰਡ ਵਿਚ ਕਿਸੇ ਬੈਂਕ ਦੀ ਬ੍ਰਾਂਚ ਖੁੱਲ੍ਹਣਾ ਇਕ ਮੁੱਖ ਮੁੱਦਾ ਸਾਹਮਣੇ ਆ ਰਿਹਾ ਹੈ।
ਪਹਿਲ ਦੇ ਆਧਾਰ 'ਤੇ ਹੋਵੇ ਪਿੰਡ ਦਾ ਵਿਕਾਸ
ਪਿੰਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਕੋਈ ਵੀ ਆ ਜਾਵੇ ਪਰ ਪਿੰਡ ਦਾ ਸਰਵਪੱਖੀ ਵਿਕਾਸ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ।
ਬਿਨਾਂ ਭੇਦ ਭਾਵ ਹੋਵੇ ਵਿਕਾਸ
ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਹਰ ਪੱਖੋਂ ਵਿਕਾਸ ਬਿਨਾਂ ਭੇਦ ਭਾਵ ਹੋਣਾ ਚਾਹੀਦਾ ਹੈ ਜਿਸ ਨਾਲ ਹਰ ਇਨਸਾਨ ਆਪਣੇ ਆਪ ਨੂੰ ਚੰਗੇ ਦੇਸ਼ ਦਾ ਨਾਗਰਿਕ ਕਹਿ ਸਕੇਗਾ।
ਖੇਡਾਂ ਅਤੇ ਸਕੂਲਾਂ ਵੱਲ ਦੇਣਾ ਚਾਹੀਦਾ ਧਿਆਨ
ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸਕੂਲੀ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਸਕੂਲੀ ਇਮਾਰਤਾਂ ਅਤੇ ਚੰਗੀ ਸਿੱਖਿਆ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਨੌਜਵਾਨਾਂ ਦੀ ਚੰਗੀ ਸਿਹਤ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿਚ ਹੈਲਥ ਕਲੱਬ ਖੋਲ੍ਹੇ ਜਾਣੇ ਚਾਹੀਦੇ ਹਨ।
ਪਿੰਡ ਮੁੰਡਾਪਿੰਡ
ਆਬਾਦੀ - ਲਗਭਗ 5500
ਵੋਟਰ- 295
ਪਿੰਡ ਦੇ ਵਿਕਾਸ ਲਈ ਤਿਆਰ ਪ੍ਰੋਜੈਕਟ ਰਿਪੋਰਟ
ਸਟੇਡੀਅਮ ਨਿਰਮਾਣ
ਸਕੂਲ ਅਪਗ੍ਰੇਡ
ਕਾਲਜ ਦੀ ਸਥਾਪਨਾ
ਪਿੰਡ ਵਿਚ ਬੈਂਕ ਹੋਣਾ
ਇੰਟਰਲਾਕਿੰਗ ਸੜਕਾਂ
ਦਾਣਾ ਮੰਡੀ ਦਾ ਨਿਰਮਾਣ
ਪਟਿਆਲਾ 'ਚ ਗਾਂਧੀ ਨੂੰ ਟੱਕਰ ਦੇਣਗੇ 2 ਵੱਡੇ ਸਿਆਸੀ ਘਰਾਣੇ
NEXT STORY