ਤਰਨਤਾਰਨ (ਰਮਨ) : ਪੰਜਾਬ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਅਤੇ ਅਫਵਾਹਾਂ ਰੋਜ਼ਾਨਾ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਦੀ ਇਕ ਤਾਜ਼ਾ ਮਿਸਾਲ ਅੱਜ ਸਥਾਨਕ ਗਲੀ ਸਟੇਸ਼ਨ ਵਾਲੀ ਵਿਚ ਰਹਿੰਦੇ ਸੀਨੀਅਰ ਕਾਂਗਰਸੀ ਆਗੂ ਵਿਜੇਪਾਲ ਚੌਧਰੀ ਦੇ ਪਰਿਵਾਰ ਤੋਂ ਉਸ ਵੇਲੇ ਮਿਲੀ ਜਦੋਂ ਉਸ ਦੀ ਨੂੰਹ ਆਪਣੀ 5 ਸਾਲਾ ਬੱਚੀ ਨੂੰ ਸਕੂਲ ਤੋਂ ਛੁੱਟੀ ਹੋਣ ਉਪਰੰਤ ਘਰ ਲੈ ਕੇ ਆ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਲਵੀ ਚੌਧਰੀ ਪਤਨੀ ਰਾਮ ਚੌਧਰੀ ਨਿਵਾਸੀ ਗਲੀ ਸਟੇਸ਼ਨ ਵਾਲੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਬੇਟੀ ਅਤੇ ਭਤੀਜੀ ਨਾਲ ਆਪਣੀ ਕਾਰ 'ਤੇ ਸਵਾਰ ਹੋ ਕੇ ਦੁਪਹਿਰ ਕਰੀਬ 2.40 ਪੱਜੀ ਤਾਂ ਉਹ ਆਪਣੀ ਕਾਰ ਸਟੇਸ਼ਨ ਵਾਲੀ ਰੋਡ 'ਤੇ ਖੜ੍ਹੀ ਕਰ ਕੇ ਆਪਣੇ ਘਰ ਪੈਦਲ ਜਾਣ ਲੱਗੀ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਇਕ ਮੋਟਰਸਾਈਕਲ ਸਵਾਰ ਦੋ ਮੋਨੇ ਨੌਜਵਾਨ ਜਿਨ੍ਹਾਂ 'ਚੋਂ ਇਕ ਨਕਾਬਪੋਸ਼ ਸੀ। ਪੱਲਵੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ਦੀ ਬੱਚੀ ਨੂੰ ਅਗਵਾ ਕਰਨ ਦੇ ਮਕਸਦ ਨਾਲ ਉਸ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲਦੇ ਹੋਏ ਉਸ ਵਿਅਕਤੀ ਨਾਲ ਭਿੜਣਾ ਸ਼ੁਰੂ ਕਰ ਦਿੱਤਾ ਜਿਸ ਤਹਿਤ ਉਹ ਜ਼ਖਮੀ ਹੋ ਗਈ। ਪੱਲਵੀ ਨੇ ਦੱਸਿਆ ਕਿ ਇਸ ਦੌਰਾਨ ਅਗਵਾਕਾਰ ਨੇ ਉਸ ਦੀ ਬੱਚੀ ਨੂੰ ਅਗਵਾ ਕਰਨ ਦੀ ਨੀਅਤ ਨਾਲ ਕਾਫੀ ਜ਼ੋਰ ਲਾਇਆ ਪਰ ਉਸ ਨੂੰ ਉਸ ਨੇ ਕਾਮਯਾਬ ਨਹੀਂ ਹੋਣ ਦਿੱਤਾ। ਜਿਸ ਤੋਂ ਬਾਅਦ ਦੋਸ਼ੀ ਉਸ ਦੇ ਹੱਥ 'ਚੋਂ ਜ਼ਮੀਨ 'ਤੇ ਡਿੱਗਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਨਹੀਂ ਪੁੱਜੀ ਮੌਕੇ 'ਤੇ ਪੁਲਸ
ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਅਤੇ ਆੜ੍ਹਤੀਏ ਵਿਜੇ ਪਾਲ ਚੌਧਰੀ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਤੁਰੰਤ ਜਾਣਕਾਰੀ ਲਿਖਤੀ ਰੂਪ ਵਿਚ ਦੇ ਦਿੱਤੀ ਗਈ ਸੀ ਪਰੰਤੂ ਕੋਈ ਸੁਣਵਾਈ ਨਾ ਹੋਣ 'ਤੇ ਇਹ ਸਾਰਾ ਮਾਮਲਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਐੱਸ. ਐੱਸ. ਪੀ. ਨੇ ਸਹੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।
ਜਲਦ ਕਾਬੂ ਕੀਤੇ ਜਾਣਗੇ ਦੋਸ਼ੀ
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਥਾਣਾ ਸਿਟੀ ਦੀ ਪੁਲਸ ਵੱਲੋਂ ਜੇ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਉਸ ਸਬੰਧੀ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਵੱਲੋਂ ਉਨ੍ਹਾਂ ਨੂੰ ਅਗਵਾ ਕਰਨ ਸਬੰਧੀ ਕੋਈ ਦਰਖਾਸਤ ਨਹੀਂ ਦਿੱਤੀ ਗਈ ਪਰ ਫਿਰ ਵੀ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
ਹੈਲਪਿੰਗ ਹੈਂਡਜ਼ ਸੰਸਥਾ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਪੁੱਜੀ
NEXT STORY