ਤਰਨਤਾਰਨ (ਰਾਜੂ) : ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਸਾਥੀ ਗੁਲਜ਼ਾਰ ਸਿੰਘ ਖੈਰਦੀ, ਸਰਬਜੀਤ ਕੌਰ ਮੰਡਿਆਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਪ੍ਰਧਾਨ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲਾ ਮੀਤ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਘੁਰਕਵਿੰਡ, ਜ਼ਿਲਾ ਮੀਤ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੋਣਾਂ ਸਮੇਂ 15-15 ਲੱਖ ਰੁਪਏ ਹਰੇਕ ਪਰਿਵਾਰ ਦੇ ਖਾਤਿਆਂ 'ਚ ਪਾਉਣ ਦਾ ਅਤੇ 1 ਸਾਲ 'ਚ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਆਦਿ ਦੇ ਜੋ ਵਾਅਦੇ ਕੀਤੇ ਸਨ ਉਹ ਸਾਰੇ ਝੂਠੇ ਸਾਬਤ ਹੋਏ ਹਨ, ਜਿਸ ਦੀ ਮਿਸਾਲ ਪਿੰਡ ਖੈਰਦੀ ਤੋਂ ਮਿਲਦੀ ਹੈ।
ਮੋਦੀ ਸਰਕਾਰ ਨੇ ਨਵਾਂ ਕੰਮ ਦੇਣ ਦੀ ਬਜਾਏ ਜਿਹੜੇ ਮਗਨਰੇਗਾ ਕਾਨੂੰਨ 2005 'ਚ ਬਣਿਆ ਹੈ ਉਸ ਨੂੰ ਵੀ ਸਹੀ ਲਾਗੂ ਕਰਨ 'ਚ ਫੇਲ ਸਾਬਤ ਹੋਈ ਹੈ। ਪਿੰਡ ਖੈਰਦੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਕਾਨੂੰਨ ਬਣੇ ਨੂੰ ਭਾਵੇਂ 14-15 ਸਾਲ ਬੀਤ ਗਏ ਹਨ ਪਰ ਅਜੇ ਤੱਕ ਸਾਡੇ ਪਿੰਡ 'ਚ ਮਜ਼ਦੂਰਾਂ ਨੂੰ ਕੋਈ ਜਾਬ ਕਾਰਡ ਨਹੀਂ ਦਿੱਤਾ ਗਿਆ। ਜੋ ਕਿ ਪਿੰਡ ਦੇ ਸਰਪੰਚਾਂ ਨੇ ਆਪਣੇ ਕੋਲ ਜ਼ਬਤ ਕਰਕੇ ਰੱਖੇ ਹੋਏ ਹਨ। ਮਜ਼ਦੂਰਾਂ ਨੇ ਕਿਹਾ ਕਿ ਜੂਨ 2018 'ਚ 32 ਮਜ਼ਦੂਰਾਂ ਨੇ 28 ਦਿਨ ਸੂਏ ਦੀ ਖਲਾਈ ਦਾ ਕੰਮ ਕੀਤਾ, ਜਿਸ ਦੇ ਪੈਸਿਆਂ ਦਾ ਭੁਗਤਾਨ ਅਜੇ ਤੱਕ ਵੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ 20 ਦਿਨ ਦੇ ਮਾਸਟਰੋਲ ਦੀਆਂ ਹਾਜ਼ਰੀਆਂ 'ਚੋਂ 8 ਦਿਨ ਦੀਆਂ ਹਾਜ਼ਰੀਆਂ ਹੀ ਗਾਇਬ ਕਰ ਦਿੱਤੀਆਂ ਗਈਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮਗਨਰੇਗਾ ਦੇ ਕੰਮ 'ਚ ਬਲਾਕ ਗੰਡੀਵਿੰਡ ਵਿਖੇ ਬਹੁਤ ਵੱਡੀ ਘਪਲੇਬਾਜ਼ੀ ਹੋਈ ਹੈ।
ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਘਪਲੇ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਦਿਵਾਇਆ ਜਾਵੇ ਤੇ ਘਪਲੇਬਾਜ਼ੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਸਰਕਾਰ ਨੇ ਇਸ ਪੜਤਾਲ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕੀਤੀ ਤਾਂ ਪੰਜਾਬ ਖੇਤ ਮਜ਼ਦੂਰ ਸਭਾ ਵੱਡੇ ਪੱਧਰ 'ਤੇ ਸੰਘਰਸ਼ ਕਰੇਗੀ। ਮੀਟਿੰਗ ਦੌਰਾਨ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੀ ਪ੍ਰਧਾਨ ਸਰਬਜੀਤ ਕੌਰ, ਜਨਰਲ ਸਕੱਤਰ ਸੁਖਵਿੰਦਰ ਕੌਰ, ਮੀਤ ਪ੍ਰਧਾਨ ਕੁਲਵਿੰਦਰ ਕੌਰ, ਗੁਰਮੀਤ ਕੌਰ ਮੀਤ ਸਕੱਤਰ, ਹਰਪ੍ਰੀਤ ਕੌਰ, ਸਤਿੰਦਰ ਕੌਰ, ਬਿੰਦਰ ਕੌਰ, ਕੈਸ਼ੀਅਰ ਦਲਬੀਰ ਕੌਰ ਆਦਿ ਚੁਣੇ ਗਏ।
ਤਰਨਤਾਰਨ ਧਮਾਕੇ ਦੇ ਮੁਲਜ਼ਮਾਂ ਦਾ ਖੁਲਾਸਾ, ਸੁਖਬੀਰ ਨੂੰ ਉਡਾਉਣ ਦੀ ਵੀ ਬਣਾਈ ਸੀ ਯੋਜਨਾ
NEXT STORY