ਤਪਾ ਮੰਡੀ(ਹਰੀਸ਼, ਸ਼ਾਮ, ਗਰਗ)—ਸਰਕਾਰੀ ਸੀਨੀਅਰ ਸੈਕੰਡਰੀ ਹਾਈ ਸਕੂਲ ਵਿਖੇ ਸਮੂਹ ਅਧਿਆਪਕਾਂ ਨੇ ਪਿੰ੍ਰਸੀਪਲ ਦੀ ਬਦਸਲੂਕੀ ਖਿਲਾਫ ਧਰਨਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਸਮੂਹ ਅਧਿਆਪਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰ੍ਰਸੀਪਲ ਵੱਲੋਂ ਅਧਿਆਪਕਾਂ ਦੀ ਜਾਤ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬੋਲਚਾਲ ਦਾ ਸਲੀਕਾ ਵਧੀਆ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪਿੰ੍ਰਸੀਪਲ ਦਫਤਰ ਦੇ ਦੋਵਾਂ ਗੇਟਾਂ ਨੂੰ ਰੋਕ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਧਰਨੇ ਦੌਰਾਨ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀ ਵੀ ਨਾਅਰੇਬਾਜ਼ੀ ਕਰਦੇ ਦੇਖੇ ਗਏ। ਅਧਿਆਪਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਿਥੇ ਪਿੰ੍ਰਸੀਪਲ ਵੱਲੋਂ ਬਦਸਲੂਕੀ ਕੀਤੀ ਜਾਂਦੀ ਹੈ, ਉਥੇ ਸਕੂਲ 'ਚੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਅੱਜ ਸਮੂਹ ਅਧਿਆਪਕਾਂ ਨੇ ਰੋਸ ਵਜੋਂ ਛੁੱਟੀ ਹੋਣ ਤੱਕ ਦਫਤਰ ਦੇ ਦੋਵੇਂ ਦਰਵਾਜ਼ਿਆਂ ਅੱਗੇ ਧਰਨਾ ਲਾ ਕੇ ਪਿੰ੍ਰਸੀਪਲ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਧਰਨਾਕਾਰੀਆਂ ਵਿਚ ਅਧਿਆਪਕ ਰਜਿੰਦਰ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਜਗਮੇਲ ਸਿੰਘ, ਤਲਵਿੰਦਰ ਸਿੰਘ, ਸੰਜੀਵ ਕੁਮਾਰ, ਪਵਨ ਬਾਂਸਲ, ਮਹਿਲਾ ਅਧਿਆਪਕਾਂ ਵਿਚ ਵਿਨੋਦ ਕੁਮਾਰੀ, ਸੁਖਜੀਤ ਕੌਰ, ਰਾਜਇੰਦਰ ਕੌਰ, ਅੰਜੂ ਬਾਲਾ, ਸਰਵਜੀਤ ਕੌਰ, ਵੀਨਾ ਰਾਣੀ, ਸ਼ਿਵਾਨੀ, ਰੂਚੀਕਾ, ਦਵਿੰਦਰ ਕੌਰ ਅਤੇ ਸਹਿਯੋਗੀ ਸਕੂਲਾਂ ਦੇ ਅਧਿਆਪਕਾਂ ਵਿਚ ਤਾਜੋ ਤੋਂ ਸੰਦੀਪ ਕੁਮਾਰ, ਹਰਿੰਦਰ ਸਿੰਘ, ਨਿਰਮਲ ਸਿੰਘ, ਮੈਡਮ ਨੀਰਜਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਬੱਸ ਸਟੈਂਡ ਉਪਰ ਦੀ ਘੁੰਮ ਕੇ ਜਾਣਾ ਪੈਂਦੈ ਛੋਟੇ ਬੱਚਿਆਂ ਨੂੰ : ਦੂਜੇ ਪਾਸੇ ਪ੍ਰਾਇਮਰੀ ਸਕੂਲ, ਜੋ ਕਿ ਇਸੇ ਹੀ ਸਕੂਲ ਦੀ ਇਮਾਰਤ ਵਿਚ ਚੱਲਦਾ ਹੈ, ਦੀ ਇੰਚਾਰਜ ਸੁਖਪਾਲ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਇਸ ਸਕੂਲ ਦੇ ਦੋ ਗੇਟ ਹਨ। ਇਕ ਛੋਟਾ ਅਤੇ ਇਕ ਵੱਡਾ, ਜਿਥੋਂ ਛੋਟੇ ਸਕੂਲੀ ਬੱਚੇ ਆਉਂਦੇ-ਜਾਂਦੇ ਹਨ। ਅੱਜ ਛੋਟੇ ਗੇਟ ਨੂੰ ਜਿੰਦਰਾ ਲਾ ਕੇ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਛੋਟੇ ਸਕੂਲੀ ਬੱਚਿਆਂ ਨੂੰ ਬੱਸ ਸਟੈਂਡ ਉਪਰ ਦੀ ਘੁੰਮ ਕੇ ਆਪਣੇ ਘਰ ਜਾਣਾ ਪੈਂਦਾ ਹੈ। ਅਜਿਹੇ ਵਿਚ ਜਿਥੇ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਬੱਚਿਆਂ ਨੂੰ ਸੱਟ-ਫੇਟ ਲੱਗਣ ਦਾ ਡਰ ਹੈ, ਉਥੇ ਉਨ੍ਹਾਂ ਨੂੰ ਘਰ ਪੁੱਜਣ 'ਚ ਵੀ ਦੇਰੀ ਹੁੰਦੀ ਹੈ।
ਅਧਿਆਪਕ ਮੇਰਾ ਕਹਿਣਾ ਨਹੀਂ ਮੰਨ ਰਹੇ : ਪਿੰ੍ਰਸੀਪਲ
ਪਿੰ੍ਰਸੀਪਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਧਿਆਪਕ ਉਸ ਦਾ ਕਹਿਣਾ ਨਹੀਂ ਮੰਨ ਰਹੇ। ਤਾਜ਼ਾ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੇਪਰਾਂ ਲਈ ਜ਼ਰੂਰੀ ਪੜ੍ਹਾਈ ਲਈ ਐਪ ਆਨਲਾਈਨ ਕਰਨ ਸੰਬੰਧੀ ਉਨ੍ਹਾਂ ਲੈਬ ਵਾਲੇ ਅਧਿਆਪਕ ਦੀ ਡਿਊਟੀ ਲਾਈ ਸੀ। ਸਿਸਟਮ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਸੀ, ਜਿਸ 'ਤੇ ਉਨ੍ਹਾਂ ਉਕਤ ਅਧਿਆਪਕ ਨੂੰ ਮਕੈਨਿਕ ਬੁਲਾ ਕੇ ਸਾਰਾ ਸਿਸਟਮ ਠੀਕ ਕਰਵਾਉਣ ਲਈ ਕਿਹਾ ਪਰ ਉਕਤ ਅਧਿਆਪਕ ਨੇ ਕਿਹਾ ਕਿ ਮਕੈਨਿਕ ਬੁਲਾਉਣ ਦੀ ਡਿਊਟੀ ਉਸ ਦੀ ਨਹੀਂ, ਤੁਸੀਂ ਬੁਲਾਓ। ਇਸ ਗੱਲ ਨੂੰ ਲੈ ਕੇ ਸਾਡੀ ਆਪਸ ਵਿਚ ਬਹਿਸ ਹੋ ਗਈ ਅਤੇ ਅਧਿਆਪਕਾਂ ਵੱਲੋਂ ਗਲਤ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ।
ਮਾਮਲਾ ਹੱਲ ਕਰਵਾਉਣ ਪੁੱਜੀ ਪੁਲਸ : ਪਿੰ੍ਰਸੀਪਲ ਨੂੰ ਦਫਤਰ 'ਚੋਂ ਬਾਹਰ ਕਢਵਾਉਣ ਅਤੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਪ੍ਰਸ਼ਾਸਨ ਹਰਕਤ ਵਿਚ ਆ ਗਿਆ, ਜਿਸ ਤਹਿਤ ਥਾਣਾ ਤਪਾ ਦੇ ਇੰਚਾਰਜ ਸੁਰਿੰਦਰ ਸਿੰਘ ਆਪਣੀ ਟੀਮ ਸਣੇ ਸਕੂਲ ਪੁੱਜੇ।
ਕਈ ਵਾਰ ਲਿਖੀਆਂ ਨੇ ਉੱਚ ਅਧਿਕਾਰੀਆਂ ਨੂੰ ਚਿੱਠੀਆਂ : ਇਸ ਗੰਭੀਰ ਮਾਮਲੇ ਸਬੰਧੀ ਡੀ. ਈ. ਓ. ਬਰਨਾਲਾ ਮੈਡਮ ਰਾਜਵੰਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਛੁੱਟੀ 'ਤੇ ਹਾਂ। ਬਾਕੀ ਇਹ ਮਸਲਾ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈ। ਮੈਂ ਵੀ ਤਿੰਨ ਤੋਂ ਚਾਰ ਵਾਰ ਇਸ ਸਬੰਧੀ ਸਕੂਲ ਵਿਚ ਆਈ ਹਾਂ। ਪਿੰ੍ਰਸੀਪਲ ਦਾ ਵਤੀਰਾ ਗਲਤ ਹੋਣ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖ ਚੁੱਕੀ ਹਾਂ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਕੇ ਸਕੂਲ ਦੇ ਮਾਹੌਲ ਨੂੰ ਠੀਕ ਕੀਤਾ ਜਾਵੇਗਾ।
15 ਪਿੰਡਾਂ ਨੂੰ ਆਪਸ 'ਚ ਮਿਲਾਉਂਦੀ ਸੜਕ ਦੀ ਹਾਲਤ ਖਸਤਾ
NEXT STORY