ਦੀਨਾਨਗਰ, (ਕਪੂਰ)- ਐੱਸ. ਐੱਸ. ਏ. ਅਤੇ ਰਮਸਾ ਅਧਿਆਪਕ ਯੂਨੀਅਨ ਦੀ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਕਰਮਚਾਰੀ ਸੰਗਠਨਾਂ ਦੇ ਸਹਿਯੋਗ ਨਾਲ ਠੇਕਾ ਸਿਸਟਮ ਖਤਮ ਕਰ ਕੇ ਸਮੂਹ ਕਮਰਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਅੱਜ ਸੂਬਾ ਪ੍ਰਧਾਨ ਦੀਦਾਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜ਼ਿੰਦਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਰੈਲੀ ਤੋਂ ਬਾਅਦ ਰੋਸ ਮਾਰਚ ਕੱਢ ਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਨਿਵਾਸ ਨੇੜੇ ਚੱਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਧਰਨੇ 'ਤੇ ਬੈਠੇ ਅਧਿਆਪਕ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਠੇਕਾ ਆਧਾਰ 'ਤੇ ਰੱਖੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਨੂੰ ਲੰਬੇ ਸੰਘਰਸ਼ ਦੇ ਬਾਅਦ ਪਿਛਲੀ ਸਰਕਾਰ ਨੇ ਪੰਜਾਬ ਵਿਧਾਨ ਸਭਾ 'ਚ 3 ਸਾਲ ਦੀ ਸੇਵਾ ਨਿਭਾ ਚੁੱਕੇ ਸਾਰੇ ਠੇਕਾ ਆਧਾਰਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਕਾਨੂੰਨ ਬਣਾਇਆ ਸੀ, ਪਰ ਪਿਛਲੀ ਸਰਕਾਰ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਵਿਚ ਅਸਫਲ ਰਹੀ, ਜਦਕਿ ਕਾਂਗਰਸ ਸਰਕਾਰ ਨੇ ਅਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੇ ਸਮੂਹ ਠੇਕਾ ਕਰਮਚਾਰੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਸਮੂਹ ਠੇਕਾ ਸਿਸਟਮ ਬੰਦ ਕਰ ਕੇ ਪਹਿਲਾਂ ਤੋਂ ਰੱਖੇ ਸਾਰੇ ਠੇਕਾ ਕਮਰਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ 'ਤੇ ਹੁਣ ਠੇਕਾ ਕਰਮਚਾਰੀਆਂ ਨੂੰ ਇਹ ਕਹਿ ਕੇ ਟਾਲ-ਮਟੋਲ ਕੀਤਾ ਜਾ ਰਿਹਾ ਹੈ ਕਿ ਅਕਾਲੀ ਸਰਕਾਰ ਵੱਲੋਂ ਜੋ ਕਾਨੂੰਨ ਬਣਾਇਆ ਗਿਆ ਹੈ, ਉਸ ਵਿਚ ਬਹੁਤ ਗਲਤੀਆਂ ਹਨ।
ਕਰਮਚਾਰੀ ਨੇਤਾਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਲਾਵਾ ਹੋਰਨਾਂ ਵਿਭਾਗਾਂ ਵਿਚ ਪਿਛਲੇ 9 ਸਾਲਾਂ ਤੋਂ ਸੇਵਾ ਨਿਭਾ ਰਹੇ ਐੱਸ. ਐੱਸ. ਏ., ਰਮਸਾ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ। ਜੋ ਕਿ ਇਨ੍ਹਾਂ ਸਾਰੇ ਕਰਮਚਾਰੀਆਂ ਨਾਲ ਧੋਖਾ ਹੈ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਉਹ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦੀ ਮੰਗ ਕਰਦੇ ਆ ਰਹੇ ਹਨ। ਐੱਸ. ਐੱਸ. ਏ. ਅਧਿਆਪਕਾਂ ਨੇ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਵੀ ਸਰਕਾਰ ਨੂੰ ਜੰਮ ਕੇ ਕੋਸਿਆ। ਬੁਲਾਰਿਆਂ 'ਚ ਸੂਬਾ ਪ੍ਰਧਾਨ ਦੀਦਾਰ ਸਿੰਘ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜ਼ਿੰਦਾ, ਪਲਵਿੰਦਰ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ, ਸ਼ੇਰ ਸਿੰਘ, ਨਰਿੰਦਰ ਸਿੰਘ, ਰਾਜਬੀਰ ਸਿੰਘ ਸਮਰਾਲਾ, ਰਜਿੰਦਰ ਸਿੰਘ ਢਿੱਲੋਂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਕੀਟਨਾਸ਼ਕ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਕਰ ਕੇ ਸਰਕਾਰ ਖਿਲਾਫ਼ ਜਤਾਇਆ ਰੋਸ
NEXT STORY