ਪਟਿਆਲਾ, (ਬਲਜਿੰਦਰ, ਜੋਸਨ)- ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਝੰਡੇ ਹੇਠ ਠੇਕੇ ’ਤੇ ਲੱਗੇ ਸਿੱਖਿਆ ਪ੍ਰੋਵਾਈਡਰ ਅਧਿਆਪਕ, ਈ. ਜੀ. ਐੈੱਸ. ਅਧਿਆਪਕਾਂ, ਐੈੱਸ. ਟੀ. ਆਰ. ਅਧਿਆਪਕ, ਏ. ਆਈ. ਈ. ਅਧਿਆਪਕਾਂ ਵੱਲੋਂ ਸੰਗਠਿਤ ਹੋ ਕੇ ਪੱਕੇ ਕਰਨ ਦੀ ਮੰਗ ਲੈ ਕੇ ਅੜ ਗਏ ਹਨ। ਅੱਜ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ। ਸਵੇਰੇ ਕਹਿਰ ਦੀ ਗਰਮੀ ਅਤੇ ਬਾਅਦ ਵਿਚ ਪਿਆ ਤੇਜ਼ ਮੀਂਹ ਵੀ ਅਧਿਆਪਕਾਂ ਦੇ ਹੌਸਲੇ ਨੂੰ ਨਹੀਂ ਰੋਕ ਸਕਿਆ। ਸੈਂਕਡ਼ੇ ਅਧਿਆਪਕ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਨੇਡ਼ੇ ਤੱਕ ਪਹੁੰਚ ਗਏ, ਜਿਥੇ ਪੋਲੋ ਗਰਾਊਂਡ ਦੇ ਕੋਲ ਐੈੱਸ. ਪੀ. ਸਿਟੀ ਕੇਸਰ ਸਿੰਘ ਦੀ ਅਗਵਾਈ ਹੇਠ ਲੱਗੀ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ।
ਇਥੇ ਕਾਫੀ ਦੇਰ ਗੱਲਬਾਤ ਤੋਂ ਬਾਅਦ ਐੈੱਸ. ਡੀ. ਐੈੱਮ. ਅਨਮੋਲ ਸਿੰਘ ਧਾਲੀਵਾਲ ਅਤੇ ਐੈੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਅਧਿਆਪਕ ਆਗੂਆਂ ਤੋਂ ਇਕ ਮੰਗ-ਪੱਤਰ ਲਿਆ। ਗੱਲਬਾਤ ਕਰ ਕੇ ਉਨ੍ਹਾਂ ਨੂੰ 23 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਵਿਖੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਰੋਸ ਮਾਰਚ ਖਤਮ ਕੀਤਾ।
ਇਹ ਰੋਸ ਮਾਰਚ ਰੇਲਵੇ ਸਟੇਸ਼ਨ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਮਾਲ ਰੋਡ ਤੋਂ ਸ਼ੇਰਾਂਵਾਲਾ ਗੇਟ, ਫੁਆਰਾ ਚੌਕ, ਸੇਵਾ ਸਿੰਘ ਠੀਕਰੀਵਾਲਾ ਚੌਕ ਤੋਂ ਹੁੰਦਾ ਹੋਇਆ ਪੋਲੋ ਗਰਾਊਂਡ ਦੇ ਕੋਲ ਪਹੁੰਚਿਆ ਸੀ। ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦੀ ਅਗਵਾਈ ਇੰਦਰਜੀਤ ਸਿੰਘ ਮਾਨਸਾ, ਜੋਗਾ ਸਿੰਘ ਘਨੌਰ, ਬਲਕਾਰ ਸਿੰਘ ਰਮਨੀਕ, ਗੁਰਪ੍ਰੀਤ ਸਿੰਘ ਗੁਰੀ, ਕਰਮਜੀਤ ਕੌਰ ਪਾਤਡ਼ਾਂ, ਮੱਖਣ ਸਿੰਘ ਤੋਲੇਵਾਲ ਕਰ ਰਹੇ ਸਨ। ਇਸ ਮੌਕੇ ਅਧਿਆਪਕਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ 23 ਤਰੀਕ ਨੂੰ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਪੱਕੇ ਹੋਣ ਸਬੰਧੀ ਮੀਟਿੰਗ ਨਾ ਕੀਤੀ ਤਾਂ ਉਹ 24 ਜੁਲਾਈ ਨੂੰ ਫਿਰ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨਗੇ। ਜਦੋਂ ਤੱਕ ਉਨ੍ਹਾਂ ਨੂੰ ਪੱਕੇ ਕਰਨ ਦਾ ਕੋਈ ਠੋਸ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਉਹ ਰੋਜ਼ਾਨਾ ਆਪਣੀਆਂ ਗ੍ਰਿਫ਼ਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਇਹ ਐਕਸ਼ਨ ‘ਪੱਕੇ ਕਰੋ ਜਾਂ ਗ੍ਰਿਫ਼ਤਾਰ ਕਰੋ’ ਦੇ ਅਧੀਨ ਚੱਲ ਰਿਹਾ ਹੈ ਕਿਉਂਕਿ ਕੈ. ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਹਾਲੀ ਵਿਖੇ ਧਰਨੇ ’ਤੇ ਬੈਠੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ। ਉਹ ਉਨ੍ਹਾਂ ਨੂੰ ਹਰ ਹਾਲਤ ਵਿਚ ਪੱਕੇ ਕਰਨਗੇ ਪਰ ਸਰਕਾਰ ਆਉਂਦੇ ਹੀ ਉਹ ਅੱਖਾਂ ਫੇਰ ਗਏ ਤੇ ਅਧਿਆਪਕਾਂ ਵੱਲ ਕੋਈ ਨਹੀਂ ਦੇਖ ਰਿਹਾ।
ਬਸਤੀ ਗੁਜ਼ਾਂ ਦਾ ਰਹਿਣ ਵਾਲਾ ਨੌਜਵਾਨ ਸ਼ੱਕੀ ਹਾਲਾਤ ’ਚ ਘਰੋਂ ਲਾਪਤਾ
NEXT STORY