ਕੌਹਰੀਆਂ, (ਸ਼ਰਮਾ)— 1965 ਦੀ ਭਾਰਤ-ਪਾਕਿ ਜੰਗ 'ਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਸੁਰਿੰਦਰਪਾਲ ਸਿੰਘ ਸੇਖੋਂ ਦੀ ਯਾਦ 'ਚ ਚਿਤਵੰਤ ਸਿੰਘ ਦੇ ਯਤਨਾਂ ਨਾਲ ਬਣਿਆ ਖੇਡ ਸਟੇਡੀਅਮ ਕੌਹਰੀਆਂ, ਜਿਸ ਦਾ ਕਿਸੇ ਸਮੇਂ ਪੰਜਾਬ ਦੇ ਮੁੱਖ ਖੇਡ ਮੈਦਾਨਾਂ ਵਿਚ ਨਾਂ ਸ਼ਾਮਲ ਸੀ, ਅੱਜ ਆਪਣੀ ਹੋਂਦ 'ਤੇ ਹੰਝੂ ਵਹਾ ਰਿਹਾ ਹੈ। ਇਹ ਜ਼ਿਲੇ ਦਾ ਇਕੋ-ਇਕ ਖੇਡ ਮੈਦਾਨ ਹੈ, ਜਿਸ ਦੀ ਜ਼ਮੀਨ ਖੇਡ ਪ੍ਰੀਸ਼ਦ ਦੇ ਨਾਂ 'ਤੇ ਹੈ। ਇਥੇ 1966 ਤੋਂ ਲੈ ਕੇ 1969 ਤੱਕ ਲਗਾਤਾਰ 4 ਸਾਲ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਵਰਲਡ ਕਬੱਡੀ ਕੱਪ ਦੇ ਮੈਚ ਸਰਕਾਰੀ ਪੱਧਰ 'ਤੇ ਹੁੰਦੇ ਰਹੇ। ਚਿਤਵੰਤ ਸਿੰਘ ਦੀ ਮੌਤ ਤੋਂ ਬਾਅਦ ਇਸ ਦੀ ਕਿਸਮਤ ਨੂੰ ਅਜਿਹਾ ਗ੍ਰਹਿਣ ਲੱਗਾ ਕਿ ਮੁੜ ਕੇ ਇਸ ਦੀ ਕਿਸੇ ਨੇ ਸਾਰ ਨਹੀਂ ਲਈ।
ਕਮਰਿਆਂ ਦੀ ਹਾਲਤ ਖਸਤਾ : ਇਸ ਸਟੇਡੀਅਮ 'ਚ 2 ਕਮਰੇ ਬਣੇ ਹੋਏ ਸਨ, ਜੋ ਹੁਣ ਬਹੁਤ ਹੀ ਖਸਤਾਹਾਲ ਹੋ ਚੁੱਕੇ ਹਨ। ਕਰੀਬ ਸਾਢੇ 6 ਏਕੜ 'ਚ ਬਣੇ ਇਸ ਖੇਡ ਮੈਦਾਨ ਵਿਚ ਕਿਸੇ ਵੀ ਖੇਡ ਲਈ ਕੋਈ ਵੀ ਗਰਾਊਂਡ ਨਹੀਂ ਬਣਿਆ ਹੋਇਆ, ਸਿਰਫ ਖਾਲੀ ਜਗ੍ਹਾ ਹੀ ਹੈ। ਜੇਕਰ ਸਰਕਾਰ ਚਾਹੇ ਤਾਂ ਇਥੇ ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਫੁੱਟਬਾਲ, ਐਥਲੈਟਿਕਸ ਗਰਾਊਂਡ ਵੀ ਬਣਾਏ ਜਾ ਸਕਦੇ ਹਨ।
ਕੋਚ ਦੀ ਘਾਟ : ਇਥੇ ਕੋਈ ਕੋਚ ਵੀ ਨਿਯੁਕਤ ਨਹੀਂ ਹੈ। ਜੇਕਰ ਇਥੇ ਪੱਕੇ ਤੌਰ 'ਤੇ ਤਜਰਬੇਕਾਰ ਕੋਚ ਨੂੰ ਰੱਖਿਆ ਜਾਵੇ ਤਾਂ ਇਲਾਕੇ 'ਚੋਂ ਬਹੁਤ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।
ਪਿੰਡ ਵਾਸੀਆਂ ਨੇ ਖੁਦ ਹੀ ਪਾਈ ਭਰਤੀ : ਸੜਕ ਤੋਂ ਕਰੀਬ 3-4 ਫੁੱਟ ਨੀਵਾਂ ਹੋਣ ਕਾਰਨ ਗਰਾਊਂਡ ਵਿਚ ਥੋੜ੍ਹੇ ਜਿਹੇ ਮੀਂਹ ਕਾਰਨ ਪਾਣੀ ਭਰ ਜਾਂਦਾ ਸੀ, ਸਰਕਾਰ ਵੱਲੋਂ ਕੋਈ ਸਹਾਇਤਾ ਨਾ ਮਿਲਣ ਦੇ ਬਾਵਜੂਦ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰ ਕੇ ਇਸ ਵਿਚ ਭਰਤੀ ਪਾਈ। ਕੇਂਦਰ 'ਚ ਕਾਂਗਰਸ ਦੀ ਸਰਕਾਰ ਸਮੇਂ ਪਿੰਡ ਵਾਸੀਆਂ ਨੇ ਬੜੀ ਮਿਹਨਤ ਨਾਲ ਇਸ ਦੇ ਆਧੁਨਿਕੀਕਰਨ ਲਈ ਇਕ ਕਰੋੜ 65 ਲੱਖ ਦੀ ਗ੍ਰਾਂਟ ਪਾਸ ਕਰਵਾਈ ਸੀ ਪਰ ਸਰਕਾਰ ਬਦਲਣ ਕਾਰਨ ਉਹ ਵਾਅਦਾ ਵੀ ਵਫਾ ਨਾ ਹੋ ਸਕਿਆ। ਇਸ ਸਟੇਡੀਅਮ 'ਤੇ ਘੱਟੋਂ-ਘੱਟ 15-20 ਪਿੰਡਾਂ ਦੇ ਖਿਡਾਰੀ ਨਿਰਭਰ ਕਰਦੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਆਧੁਨਿਕੀਕਰਨ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।
ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY