ਸੰਗਤ ਮੰਡੀ (ਮਨਜੀਤ)-ਗਰੀਬੀ ਤੇ ਆਰਥਕ ਤੰਗੀ 'ਚੋਂ ਗੁਜ਼ਰ ਰਹੇ ਬੱਕਰੀ ਪਾਲਕਾਂ 'ਚ ਬੱਕਰੀਆਂ ਦੇ ਪਠੋਰਿਆਂ ਨੂੰ ਭਿਆਨਕ ਬੀਮਾਰੀਆਂ ਲੱਗਣ ਕਾਰਨ ਲਗਭਗ ਪਿਛਲੇ ਇਕ ਮਹੀਨੇ ਤੋਂ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਚੁੱਘੇ ਖੁਰਦ ਦੇ ਬੱਕਰੀ ਪਾਲਕ ਮੱਖਣ ਸਿੰਘ ਨੇ ਦੱਸਿਆ ਕਿ ਬੱਕਰੀਆਂ ਨੂੰ ਇਹ ਬੀਮਾਰੀ ਪਿਛਲੇ ਲਗਭਗ 20 ਦਿਨਾਂ ਤੋਂ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਲੱਗਣ ਕਾਰਨ ਬੱਕਰੀ ਜਾਂ ਬੱਕਰੀ ਦਾ ਪਠੋਰਾ ਇਕ ਦੋ ਦਿਨ ਮੋਕ ਮਾਰਦਾ ਹੈ ਤੇ ਫਿਰ ਉਸ ਦੀ ਮੌਤ ਹੋ ਜਾਂਦੀ ਹੈ। ਪਿੰਡ ਦੇ ਦੋ ਹੋਰ ਬੱਕਰੀ ਪਾਲਕ ਦਰਸ਼ਨ ਸਿੰਘ ਤੇ ਨਹਿਰੂ ਸਿੰਘ ਦੀਆਂ ਇਸ ਬੀਮਾਰੀ ਕਾਰਨ 15 ਦੇ ਕਰੀਬ ਬੱਕਰੀਆਂ ਮਰ ਚੁੱਕੀਆਂ ਹਨ ਤੇ ਮੱਖਣ ਸਿੰਘ ਦੀਆਂ ਵੀ ਪਿਛਲੇ ਚਾਰ ਦਿਨਾਂ 'ਚ 6 ਬੱਕਰੀਆਂ ਮਰ ਚੁੱਕੀਆਂ ਹਨ। ਇਸ ਬੀਮਾਰੀ ਨਾਲ ਪਿੰਡ ਦੇ ਹੋਰ ਬੱਕਰੀ ਪਾਲਕਾਂ ਦੀਆਂ ਵੀ ਬੱਕਰੀਆਂ ਮਰ ਰਹੀਆਂ ਹਨ। ਉਕਤ ਬੱਕਰੀ ਪਾਲਕ ਬੱਕਰੀਆਂ ਦਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਕਰਵਾ ਰਹੇ ਹਨ।
ਬੱਕਰੀ ਪਾਲਕਾਂ ਦਾ ਕਹਿਣਾ ਸੀ ਕਿ ਉਹ ਅਨਪੜ੍ਹ ਤੇ ਜ਼ਿਆਦਾ ਸਮਝ ਨਾ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਡਾਕਟਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦਕਿ ਉਨ੍ਹਾਂ ਦੀ ਪ੍ਰਾਈਵੇਟ ਡਾਕਟਰ ਇਲਾਜ ਦੇ ਨਾਂ 'ਤੇ ਲੁੱਟ ਕਰ ਰਹੇ ਹਨ ਪਰ ਉਨ੍ਹਾਂ ਕੋਲ ਵੀ ਇਸ ਬੀਮਾਰੀ ਦਾ ਪੱਕਾ ਹੱਲ ਨਹੀਂ ਹੈ। ਉਕਤ ਬੱਕਰੀ ਪਾਲਕਾਂ ਨੇ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮਰੀਆਂ ਬੱਕਰੀਆਂ ਦਾ ਮੁਆਵਜ਼ਾ ਦੇ ਕੇ ਬੀਮਾਰ ਬੱਕਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇ ਤਾਂ ਜੋ ਇਸ ਧੰਦੇ ਨਾਲ ਜੁੜੇ ਲੋਕਾਂ ਦਾ ਰੁਜ਼ਗਾਰ ਬਚ ਸਕੇ।
ਕੀ ਕਹਿੰਦੇ ਨੇ ਵੈਟਰਨਰੀ ਇੰਸਪੈਕਟਰ ਸਤਿੰਦਰ ਸੰਧੂ
ਜਦ ਇਸ ਸਬੰਧੀ ਵੈਟਰਨਰੀ ਇੰਸਪੈਕਟਰ ਸਤਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਬਾਰੇ ਉਨ੍ਹਾਂ ਨੂੰ ਬੱਕਰੀ ਪਾਲਕਾਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਹ ਆਪ ਹੀ ਦਵਾਈ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਇਹ ਛੂਤ ਦਾ ਰੋਗ ਹੈ, ਬੱਕਰੀ ਪਾਲਕਾਂ ਦੇ ਵਾੜੇ 'ਚ ਕੋਈ ਇਸ ਰੋਗ ਤੋਂ ਬੀਮਾਰ ਬੱਕਰੀ ਛੱਡ ਗਿਆ, ਜਿਸ ਕਾਰਨ ਇਹ ਰੋਗ ਬਾਕੀ ਬੱਕਰੀਆਂ ਨੂੰ ਵੀ ਲੱਗ ਗਿਆ। ਉਨ੍ਹਾਂ ਕਿਹਾ ਕਿ ਉਹ ਹੁਣ ਖੁਦ ਬੱਕਰੀਆਂ ਦੀ ਜਾ ਕੇ ਜਾਂਚ ਕਰ ਕੇ ਆਏ ਹਨ, ਸਭ ਬੱਕਰੀਆਂ ਠੀਕ ਹਨ।
25 ਹਜ਼ਾਰ ਨਾਜਾਇਜ਼ ਸੀਵਰੇਜ ਕੁਨੈਕਸ਼ਨ ਵਾਲਿਆਂ ਨੂੰ ਰੈਗੂਲਰ ਕਰਨ ਦਾ ਅਲਟੀਮੇਟਮ
NEXT STORY