ਬਰਨਾਲਾ — ਬਰਨਾਲਾ ਦੇ ਪਿੰਡ ਸਹਿਜੜਾ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋਈ ਮਹਿਲਾ ਤੇ ਬੱਚੀ ਨੂੰ ਪੁਲਸ ਵਲੋਂ ਹਿਰਾਸਤ 'ਚ ਲੈ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਮਹਿਲਾ ਨੇ ਅਦਾਲਤ 'ਚ ਜੋ ਬਿਆਨ ਦਿੱਤਾ ਉਸ ਨੂੰ ਸੁਣ ਕੇ ਸਾਰੇ ਦੰਗ ਰਹਿ ਗਏ। ਮਹਿਲਾ ਨੇ ਕਿਹਾ ਕਿ ਜੱਜ ਸਾਹਿਬ ਮੈ ਤਾਂ ਆਪਣੇ ਪ੍ਰੇਮੀ ਦੇ ਨਾਲ ਹੀ ਜਾਣਾ ਹੈ। ਇਸ 'ਤੇ ਕੋਰਟ ਦੇ ਹੁਕਮਾਂ 'ਤੇ ਪੁਲਸ ਨੇ ਪਰਚਾ ਰੱਦ ਕਰ ਦਿੱਤਾ ਤੇ ਮਹਿਲਾ ਆਪਣੀ ਧੀ ਤੇ ਪ੍ਰੇਮੀ ਦੇ ਨਾਲ ਚਲੀ ਗਈ।
ਜ਼ਿਕਰਯੋਗ ਹੈ ਕਿ ਮਹਿਲਾ 23 ਅਪ੍ਰੈਲ ਨੂੰ ਆਪਣੀ ਪੰਜ ਸਾਲਾ ਬੱਚੀ ਨਾਲ ਸ਼ੱਕੀ ਹਾਲਾਤ 'ਚ ਘਰੋਂ ਲਾਪਤਾ ਹੋ ਗਈ ਸੀ। ਪੁਲਸ ਨੇ ਮਹਿਲਾ ਦੇ ਪਤੀ ਜਗਸੀਰ ਦੇ ਬਿਆਨ 'ਤੇ ਅਣਪਛਾਤੇ ਨੌਜਵਾਨਾਂ 'ਤੇ ਅਗਵਾ ਕਰਨ ਦਾ ਕੇਸ ਦਰਜ ਕਰਕੇ ਤਲਾਸ਼ ਸ਼ੁਰੂ ਕੀਤੀ ਸੀ। ਪੁਲਸ ਨੇ ਇਕ ਮਈ ਨੂੰ ਬੱਸ ਸਟੈਂਡ ਮਹਿਲਕਲਾਂ ਦੇ ਸਾਹਮਣੇ ਮਹਿਲਾ ਦੇ ਨਾਲ ਨੌਜਵਾਨ ਦੀਪ ਸਿੰਘ (28) ਨਿਵਾਸੀ ਬੁੱਗਰਾਂ ਜ਼ਿਲਾ ਸੰਗਰੂਰ ਨੂੰ ਹਿਰਾਸਤ 'ਚ ਲੈ ਕੇ ਮਹਿਲਾ ਪੁਲਸ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਕੌਰ ਦੀ ਨਿਗਰਾਨੀ 'ਚ ਜੱਜ ਬਲਵਿੰਦਰ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਉਕਤ ਮਹਿਲਾ ਮਨਜੀਤ ਕੌਰ ਨੇ ਮਾਣਯੋਗ ਜੱਜ ਨੂੰ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਸ ਨੂੰ ਕਿਸੇ ਨੇ ਵੀ ਅਗਵਾ ਨਹੀਂ ਕੀਤਾ ਸੀ, ਉਹ ਆਪਣੀ ਮਰਜ਼ੀ ਨਾਲ ਗਈ ਸੀ ਕਿਉਂਕਿ ਉਸ ਦਾ ਪਤੀ ਉਸ ਨੂੰ ਘਰ ਖਰਚ ਲਈ ਪੈਸੇ ਨਹੀਂ ਦਿੰਦਾ ਸੀ, ਜਿਸ ਕਾਰਨ ਪਰਿਵਾਰ 'ਚ ਕਾਫੀ ਪਰੇਸ਼ਾਨੀ ਵਾਲਾ ਮਾਹੌਲ ਰਹਿੰਦਾ ਸੀ। ਅਜਿਹੇ ਮਾਹੌਲ ਤੋਂ ਤੰਗ ਆ ਕੇ ਉਸ ਨੇ ਆਪਣੇ ਪ੍ਰੇਮੀ ਨਾਲ ਜਾਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ। ਉਕਤ ਮਹਿਲਾ ਦੇ ਬਿਆਨ ਤੋਂ ਬਾਅਦ ਜੱਜ ਬਲਵਿੰਦਰ ਕੌਰ ਦੇ ਹੁਕਮਾਂ 'ਤੇ ਪੁਲਸ ਨੇ ਪਰਚਾ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਮਹਿਲਾ ਆਪਣੀ ਧੀ ਨੂੰ ਨਾਲ ਲੈ ਕੇ ਪ੍ਰੇਮੀ ਨਾਲ ਚਲੀ ਗਈ ਤੇ ਆਪਣੇ 9 ਸਾਲ ਦੇ ਪੁੱਤਰ ਨੂੰ ਪਿਤਾ ਜਗਸੀਰ ਕੋਲ ਛੱਡ ਗਈ।
ਮੋਬਾਇਲਾਂ 'ਤੇ ਟਿੱਕ-ਟਿੱਕ ਕਰਦਾ ਨਹੀਂ ਦਿਸਿਆ ਜੇਲ ਸਟਾਫ
NEXT STORY