ਜਗਰਾਓਂ (ਸ਼ੇਤਰਾ) - ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ 'ਤੇ ਰੇਤ ਮਾਫ਼ੀਆ ਅਤੇ ਡਰੱਗ ਮਾਫ਼ੀਆ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸ 'ਧੰਦੇ' ਵਿਚ ਸ਼ਾਮਲ ਲੋਕਾਂ ਦੇ ਹਿੱਤ ਪੂਰਨ ਦੇ ਦੋਸ਼ ਮੜ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵਿਚਕਾਰ ਛਿੜੀ ਖਾਨਾਜੰਗੀ ਨੂੰ ਅਨੁਸ਼ਾਸਨਹੀਣਤਾ ਦਾ ਨਾਂ ਦੇ ਕੇ ਸੱਚਾਈ 'ਤੇ ਪਰਦਾ ਨਹੀਂ ਪਾ ਸਕਦੇ। ਇਥੇ ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਬੈਂਸ ਨੇ ਆਖਿਆ ਕਿ ਸਤਲੁਜ ਦਰਿਆ 'ਚੋਂ ਕੁਝ ਮਿਹਨਤਕਸ਼ ਲੋਕ ਆਪਣੀਆਂ ਟਰੈਕਟਰ-ਟਰਾਲੀਆਂ ਰਾਹੀਂ ਬਕਾਇਦਾ ਸਰਕਾਰੀ ਪਰਚੀ ਕਟਵਾ ਕੇ ਰੇਤ ਢੋਅ ਕੇ ਗੁਜ਼ਾਰਾ ਕਰ ਰਹੇ ਹਨ।
ਪੁਲਸ ਇਨ੍ਹਾਂ ਨੂੰ ਨਾਜਾਇਜ਼ ਤੰਗ ਕਰਦੀ ਹੈ ਤੇ ਇਕ ਏ.ਐੱਸ.ਆਈ. ਦੀ ਰੁਪਏ ਮੰਗਣ ਦੀ ਉਨ੍ਹਾਂ ਆਡੀਓ ਕਲਿੱਪ ਵੀ ਜਾਰੀ ਕੀਤੀ, ਜੋ ਟਰੈਕਟਰ ਮਾਲਕ ਸਰਪੰਚ ਪਾਸੋਂ 60 ਹਜ਼ਾਰ ਰੁਪਏ ਦੀ ਮੰਗ ਕਰਦਾ ਹੈ। ਇਸੇ ਕਲਿੱਪ ਵਿਚ ਦਿੱਤੇ ਹੋਏ ਰੁਪਏ ਘੱਟ ਨਿਕਲਣ ਦਾ ਜ਼ਿਕਰ ਵੀ ਸੁਣਾਈ ਦਿੰਦਾ ਹੈ। ਬੈਂਸ ਨੇ ਦੱਸਿਆ ਕਿ ਐੱਸ.ਐੱਸ.ਪੀ. ਨੂੰ ਆਡੀਓ ਕਲਿੱਪ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਕਾਰਵਾਈ ਨਾ ਹੋਣ 'ਤੇ ਉਨ੍ਹਾਂ ਪੰਜਾਬ ਪੁਲਸ ਦੇ ਮੁਖੀ ਨੂੰ ਮਿਲਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੈਲੀਕਾਪਟਰ ਰਾਹੀਂ ਮਾਈਨਿੰਗ ਹੁੰਦੀ ਦੇਖ ਕਾਰਵਾਈ ਦੇ ਦਿੱਤੇ ਨਿਰਦੇਸ਼ਾਂ ਦਾ ਉਲਟਾ ਨੁਕਸਾਨ ਹੋਇਆ ਹੈ।
ਇਸ ਨਾਲ ਜਿਥੇ ਨੀਲਾਮ ਹੋਈਆਂ ਖੱਡਾਂ 'ਚੋਂ ਖਣਨ ਰੁਕ ਗਿਆ, ਉਥੇ ਹੀ ਰੇਤ ਦੇ ਭਾਅ ਅਸਮਾਨੀਂ ਜਾ ਚੜ੍ਹੇ। ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਸੁਖਦੇਵ ਸਿੰਘ ਚੱਕ ਕਲਾਂ ਤੋਂ ਇਲਾਵਾ ਹੋਰ ਅਹੁਦੇਦਾਰ ਮੌਜੂਦ ਸਨ। ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਨੇ ਵਿਧਾਇਕ ਬੈਂਸ ਵੱਲੋਂ ਥਾਣਾ ਸਿੱਧਵਾਂ ਬੇਟ ਦੇ ਏ.ਐੱਸ.ਆਈ. ਵੱਲੋਂ ਕਥਿਤ ਰਿਸ਼ਵਤ ਲੈਣ ਦਾ ਮਾਮਲਾ ਧਿਆਨ ਵਿਚ ਲਿਆਉਣ ਅਤੇ ਆਡੀਓ ਕਲਿੱਪ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਪੈੱ੍ਰਸ ਕਾਨਫਰੰਸ 'ਚ ਸਿਮਰਜੀਤ ਸਿੰਘ ਬੈਂਸ ਨੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਇਸ ਥਾਣਾ ਮੁਖੀ ਖ਼ਿਲਾਫ਼ ਠੇਕੇਦਾਰ ਵੱਲੋਂ 'ਤੰਗ' ਕਰਨ ਦੀ ਸ਼ਿਕਾਇਤ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਸਿੱਧੂ ਨੇ ਡੀ.ਜੀ.ਪੀ. ਨੂੰ ਕਹਿ ਕੇ ਉਸੇ ਵਕਤ ਤਬਾਦਲਾ ਕਰਵਾ ਦਿੱਤਾ ਸੀ। ਇਸ ਦੇ ਬਾਵਜੂਦ 'ਕਿਸੇ ਦੀ ਸ਼ਹਿ 'ਤੇ' ਇਹ ਥਾਣਾ ਮੁਖੀ ਅੱਜ ਵੀ ਤਾਇਨਾਤ ਹੈ। ਇਸ ਬਾਰੇ ਐੱਸ.ਐੱਸ.ਪੀ. ਨੇ ਦੱਸਿਆ ਕਿ ਥਾਣਾ ਮੁਖੀ ਦੇ ਤਬਾਦਲੇ ਦੇ ਹੁਕਮ ਮਿਲ ਗਏ ਹਨ।
ਕਾਂਗਰਸ 'ਚ ਨਵਾਂ ਬਵਾਲ, ਅਮਰਿੰਦਰ ਦੇ ਦਫਤਰ 'ਚ ਹੋਇਆ ਸੁਨੀਲ ਜਾਖੜ ਦਾ ਅਪਮਾਨ
NEXT STORY