ਮੈਂ ਹੈਰਾਨ ਹਾਂ ਕਿ ਇਹ ਵਿਆਹ ਹੈ ਜਾਂ ਦਿਖਾਵਾ? ਵਿਆਹ ਦੇ ਨਾਂ ’ਤੇ ਪੈਸੇ ਦਾ ਪ੍ਰਦਰਸ਼ਨ, 8-10 ਸਮਾਗਮ, ਪਰ ਸਾਡੇ ਸ਼ਾਸਤਰਾਂ ਦੁਆਰਾ ਨਿਰਧਾਰਤ ਕੋਈ ਵੀ ਰੀਤੀ-ਰਿਵਾਜ ਉਨ੍ਹਾਂ ’ਚ ਨਜ਼ਰ ਨਹੀਂ ਆਉਂਦਾ। ਸਿਰਫ਼ ਤੇ ਸਿਰਫ਼ ਸ਼ੋਰ-ਸ਼ਰਾਬਾ ਅਤੇ ਹੁੜਦੰਗ ਹੀ ਹੁੰਦਾ ਹੈ। ਹਲਦੀ ਦੀ ਰਸਮ ਵਿਚ ਕੋਲਡ ਡਰਿੰਕ ਅਤੇ ਬੀਅਰ ਜਾਂ ਵਾਈਨ ਨਾਲ ਹੋਣ ਵਾਲੇ ਲਾੜਾ-ਲਾੜੀ ਨੂੰ ਭਿਓਣਾ, ਫਿਰ ਬੋਤਲਾਂ ਫੜ ਕੇ ਫੋਟੋਆਂ ਖਿੱਚਵਾਉਣਾ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕਰਨਾ—ਰਸਮਾਂ ਦੇ ਨਾਂ ’ਤੇ ਇਹ ਜੋ ਮਾਅਨੇ ਬਦਲ ਗਏ ਹਨ ਅਤੇ ਤਰੀਕੇ ਆਪਣੇ ਹੀ ਅੰਦਾਜ਼ ’ਚ ਹੋ ਗਏ ਹਨ, ਕਿਸੇ ਸ਼ਰੀਫ਼ ਅਤੇ ਸੰਸਕਾਰੀ ਇਨਸਾਨ ਦੇ ਗਲੇ ਤੋਂ ਇਹ ਗੱਲਾਂ ਨਹੀਂ ਉਤਰਦੀਆਂ। ਅੱਜਕੱਲ ਦੀ ਪੀੜ੍ਹੀ ਲਈ ਤਾਂ ਵਿਆਹ ਦੇ ਮਾਅਨੇ ਹੀ ਬਦਲ ਗਏ ਹਨ। ਜਿਨ੍ਹਾਂ ਚੀਜ਼ਾਂ ਬਾਰੇ ਸਾਡੇ ਬਜ਼ੁਰਗ ਸੋਚ ਵੀ ਨਹੀਂ ਸਕਦੇ ਸਨ, ਉਹ ਸਭ ਅੱਜਕੱਲ ਦੀ ਪੀੜ੍ਹੀ ਬੜੇ ਚਾਅ ਨਾਲ ਕਰਦੀ ਹੈ। ਰੀਤੀ-ਰਿਵਾਜਾਂ ਦੀਆਂ ਧੱਜੀਆਂ ਸ਼ਰਾਬ ਅਤੇ ਹੁੱਕੇ ਦੇ ਛੱਲਿਆਂ ਵਿਚ ਉੱਡਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਲਾੜਾ-ਲਾੜੀ ਵੀ ਇਨ੍ਹਾਂ ਸਭ ਤੋਂ ਕੋਈ ਪਰਹੇਜ਼ ਨਹੀਂ ਕਰਦੇ।
ਵਿਆਹ ਵਾਲੇ ਦਿਨ ਦੀ ਤਾਂ ਗੱਲ ਹੀ ਨਾ ਕਰੋ, ਜਦੋਂ ਅਸਲੀ ਰਸਮ (ਫੇਰਿਆਂ) ਦੀ ਵਾਰੀ ਆਉਂਦੀ ਹੈ ਤਾਂ ਪੰਡਿਤ ਜੀ ਨੂੰ ਪੈਸੇ ਦੇ ਕੇ ਜਲਦੀ ਖ਼ਤਮ ਕਰਨ ਦੀ ਗੱਲ ਪੱਕੀ ਕਰ ਲਈ ਜਾਂਦੀ ਹੈ। ਸਿਰਫ਼ ਤੇ ਸਿਰਫ਼ ਸਜਾਵਟ (ਤੌਬਾ-ਤੌਬਾ!), ਕੋਈ ਆਮ ਇਨਸਾਨ ਤਾਂ ਸੋਚ ਵੀ ਨਹੀਂ ਸਕਦਾ ਜਿੰਨਾ ਪੈਸਾ ਪਾਣੀ ਵਾਂਗ ਇਨ੍ਹਾਂ ਸਭ ’ਤੇ ਵਹਾਇਆ ਜਾਂਦਾ ਹੈ। ਖਾਣ-ਪੀਣ ਵਿਚ 50-50 ਤਰ੍ਹਾਂ ਦੇ ਸਨੈਕਸ ਅਤੇ ਮੇਨ ਕੋਰਸ ਵਿਚ ਵੀ ਇੰਨੀਆਂ ਡਿੱਸ਼ਾਂ ਕਿ ਤੁਸੀਂ ਖਾ ਹੀ ਨਹੀਂ ਸਕਦੇ। ਅਤੇ ਚਲੋ ਬਾਅਦ ਵਿਚ ਜ਼ਰਾ ਖਾਲੀ ਪਲੇਟਾਂ ਦੇਖੋ, ਜੋ ਕਦੇ ਖਾਲੀ ਮਿਲਣਗੀਆਂ ਹੀ ਨਹੀਂ, ਇੰਨਾ ਖਾਣਾ ਪਾ ਕੇ ਫਿਰ ਸੁੱਟਣਾ, ਇਹੀ ਤਾਂ ਸਾਡੀ ਸ਼ਾਨ ਹੈ! ਜ਼ਰਾ ਸੋਚੋ ਉਸ ਗਰੀਬ ਰਿਕਸ਼ੇ ਵਾਲੇ ਜਾਂ ਸਬਜ਼ੀ ਵਾਲੇ ਜਾਂ ਮੋਚੀ ਜਾਂ ਘਰ ਦੀ ਨੌਕਰਾਨੀ ਦੇ ਪਰਿਵਾਰ ਬਾਰੇ, ਜੋ ਸਾਡੀ ਬਚੀ ਹੋਈ ਸਬਜ਼ੀ ਨੂੰ ਮੱਥੇ ਨਾਲ ਲਾ ਕੇ ਆਪਣੇ ਘਰ ਜਾ ਕੇ ਖੁਸ਼ੀ ਨਾਲ ਖਾਂਦੇ ਹਨ। ਉਨ੍ਹਾਂ ਲਈ ਉਹੀ ਪਾਰਟੀ ਹੈ। ਜਿੰਨਾ ਪੈਸਾ ਅੱਜਕੱਲ ਵਿਆਹਾਂ ਵਿਚ ਲੱਗ ਰਿਹਾ ਹੈ, ਉਸ ਨਾਲ ਕਿਸੇ ਗਰੀਬ ਦਾ ਘਰ ਬਣ ਅਤੇ ਵੱਸ ਸਕਦਾ ਹੈ, ਕਿਸੇ ਗਰੀਬ ਦੀਆਂ ਧੀਆਂ ਦੇ ਵਿਆਹ ਹੋ ਸਕਦੇ ਹਨ, ਕੋਈ ਗਰੀਬ ਮਰਨ ਤੋਂ ਬਚ ਸਕਦਾ ਹੈ।
ਸਾਡਾ ਸਮਾਜ ਦਿਨੋਂ-ਦਿਨ ਕਿੱਥੇ ਜਾ ਰਿਹਾ ਹੈ, ਜਿੱਥੇ ਨਾ ਵੱਡਿਆਂ ਦੀ ਇੱਜ਼ਤ ਹੈ, ਨਾ ਆਪਣਿਆਂ ਨਾਲ ਪਿਆਰ। ਭਾਈ-ਭਾਈ ਦਾ ਦੁਸ਼ਮਣ ਹੈ, ਖ਼ੂਨ ਸਫੈਦ ਹੋ ਚੁੱਕੇ ਹਨ, ਕਿਸੇ ਵੀ ਰਿਸ਼ਤੇ ਦਾ ਕੋਈ ਸਨਮਾਨ ਤਾਂ ਰਿਹਾ ਹੀ ਨਹੀਂ। ਵਿਆਹ-ਸ਼ਾਦੀ ’ਤੇ ਇੰਨਾ ਪੈਸਾ ਲਾ ਕੇ ਦਿਖਾਵਾ ਕਰਨ ਵਾਲੇ ਕਿਸੇ ਗਰੀਬ ਦੀ ਧੀ ਨੂੰ ਪੜ੍ਹਾ-ਲਿਖਾ ਦਿਓ, ਉਸ ਦਾ ਵਿਆਹ ਕਰਵਾ ਦਿਓ, ਕਿਸੇ ਗਰੀਬ ਦੇ ਘਰ ਦਾ ਮਹੀਨੇ ਦਾ ਰਾਸ਼ਨ ਬੰਨ੍ਹ ਦਿਓ ਤਾਂ ਸਾਡੇ ਦੇਸ਼ ਦੀ ਗਰੀਬੀ ਘਟ ਹੋਵੇਗੀ। ਇਹ ਤਾਂ ਹੱਥ ਨਾਲ ਹੱਥ ਮਿਲਾਉਣ ਦੀ ਗੱਲ ਹੈ, ਸੋਚ ਦੀ ਗੱਲ ਹੈ। ਲਿਖਣ ਨੂੰ ਤਾਂ ਬਹੁਤ ਕੁਝ ਹੈ ਪਰ ਅਜੇ ਸਿਰਫ਼ ਇੰਨਾ ਹੀ ਜੋ ਮਹਿਸੂਸ ਕੀਤਾ, ਜੋ ਚਾਹਿਆ ਉਹੀ ਲਿਖਿਆ। ਵਿਆਹਾਂ ਦਾ ਸੀਜ਼ਨ ਹੈ, ਵਾਰ-ਵਾਰ ਜਾ ਕੇ ਦਿਖਾਵਾ ਦੇਖ ਕੇ, ਪਲੇਟਾਂ ਵਿਚ ਜੂਠ ਦੇਖ ਕੇ, ਗਰੀਬ ਬੱਚਿਆਂ ਜਾਂ ਉਨ੍ਹਾਂ ਦੀਆਂ ਮਾਵਾਂ ਨੂੰ ਉਸ ਜੂਠ ਦੇ ਕੋਲ ਦੇਖ ਕੇ, ਚੁਗ-ਚੁਗ ਕੇ ਖਾਂਦੇ ਦੇਖ ਕੇ ਲਿਖਣ ਨੂੰ ਦਿਲ ਕਰ ਆਇਆ। ਇਹ ਜਾਣਦੇ ਹੋਏ ਵੀ ਕਿ ਇਸ ਛੋਟੇ ਜਿਹੇ ਲੇਖ ਵਿਚ ਸਭ ਕੁਝ ਨਹੀਂ ਸਮਾ ਸਕੇਗਾ ਅਤੇ ਕਿਸੇ ’ਤੇ ਕੋਈ ਅਸਰ ਨਹੀਂ ਹੋਵੇਗਾ ਪਰ ਲਿਖ ਦਿੱਤਾ। ਜੇਕਰ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਮਾਫ ਕਰਨਾ।
-ਸਵਿਤਾ ਪੱਬੀ
ਯੂ. ਜੀ. ਸੀ. ਨਿਯਮਾਂ ਨੂੰ ਲੈ ਕੇ ਹੰਗਾਮੇ ਪਿੱਛੇ ਕੀ ਕੋਈ ਡੂੰਘੀ ਸਾਜ਼ਿਸ਼ ਹੈ?
NEXT STORY