ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਸਰਕਾਰ 'ਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਪੈਰਾਂ 'ਚ ਰੋਲ਼ਣ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ’ਚ ਪੰਜਾਬ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ’ਤੇ ਖਰੀ ਨਾ ਉੱਤਰਨ ਵਾਲੀ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਸੂਬਾ ਵਾਸੀਆਂ ਕੋਲੋਂ ਫ਼ਤਵਾ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਮਾਨ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜ ਸਾਲਾਂ 'ਚ ਅੱਯਾਸ਼ੀਆਂ, ਮਾਫ਼ੀਆ ਰਾਜ ਅਤੇ ਆਪਸੀ ਕਾਟੋ-ਕਲੇਸ਼ ਤੋਂ ਬਿਨਾਂ ਪੰਜਾਬ ’ਚ ਕੁਝ ਨਹੀਂ ਕੀਤਾ। ਇਸੇ ਕਾਰਨ ਅੱਜ ਵੱਖ-ਵੱਖ ਵਰਗਾਂ ਨਾਲ ਸਬੰਧਿਤ 75 ਫ਼ੀਸਦੀ ਪੰਜਾਬ ਸੜਕਾਂ, ਚੌਕਾਂ-ਚੌਰਾਹਿਆਂ, ਟੈਂਕੀਆਂ ਅਤੇ ਟਾਵਰਾਂ ’ਤੇ ਧਰਨਾ ਲਾਈ ਬੈਠਾ ਹੈ।ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਕਾਂਗਰਸ ਦੇ ਕਾਟੋ-ਕਲੇਸ਼ 'ਚ ਪੰਜਾਬ ਅਤੇ ਪੰਜਾਬ ਦੇ ਲੋਕ ਪਿਸ ਰਹੇ ਹਨ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਚੰਨੀ ਤੇ ਕੇਜਰੀਵਾਲ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਦੋਵੇਂ ਐਲਾਨਾਂ ਤਕ ਹਨ ਸੀਮਤ
ਸਰਕਾਰ ਤਮਾਸ਼ਾ ਬਣ ਕੇ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਨੀਲ ਜਾਖੜ ਨਾਲ ਨਹੀਂ ਬਣਦੀ। ਸੁਨੀਲ ਜਾਖੜ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ। ਬਾਜਵਾ ਦੀ ਸੁਖਜਿੰਦਰ ਸਿੰਘ ਰੰਧਾਵਾ ਨਾਲ, ਰੰਧਾਵਾ ਦੀ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣਦੀ ਅਤੇ ਨਵਜੋਤ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ।'' ਇਸ ਸਮੇਂ ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਵੀ ਬੈਠੇ ਸਨ। ਮਾਨ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਪੰਜਾਬ ਆਗੂਆਂ 'ਚ ਤਾਲਮੇਲ ਕਰਨ ਲਈ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਤਾਲਮੇਲ ਕਮੇਟੀ ਦੀ ਚੇਅਰਮੈਨ ਬਣਾਇਆ ਹੈ ਪਰ ਕਾਂਗਰਸ 'ਚ ਨਾ ਤਾਲ ਹੈ ਅਤੇ ਨਾ ਮੇਲ ਹੈ। ਆਪਸ ’ਚ ਲੜ ਰਹੇ ਕਾਂਗਰਸੀ ਆਗੂ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਕੋਈ ਚੰਗਾ ਭਵਿੱਖ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੀਤਾ ਟਵੀਟ, ਪੰਜਾਬ ਮਾਡਲ ਤੇ MSP ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
ਭਗਵੰਤ ਮਾਨ ਨੇ ਕਿਹਾ, ‘‘ਮੈਂ ਬਤੌਰ 'ਆਪ' ਦਾ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ਵਜੋਂ ਦਾਅਵਾ ਕਰਦਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਫ਼ਤਵੇ ਨੂੰ ਪੈਰਾਂ ’ਚ ਰੋਲ਼ ਕੇ ਰੱਖ ਦਿੱਤਾ, ਜਿਸ ਦੀ ਉਦਾਹਰਣ ਹੋਰ ਕਿੱਧਰੇ ਨਹੀਂ ਮਿਲਦੀ। ਕਾਂਗਰਸ ਨੇ ਸਰਕਾਰ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਕਿ ਪੰਜਾਬ ’ਚ ਸਰਕਾਰ ਕੌਣ ਚਲਾ ਰਿਹਾ ਹੈ। ਰਾਤੋ-ਰਾਤ ਅਧਿਕਾਰੀ ਬਦਲ ਜਾ ਰਹੇ ਹਨ। ਦੋ-ਦੋ ਵਾਰ ਏ. ਜੀ. ਅਤੇ ਡੀ. ਜੀ. ਪੀ. ਬਦਲੇ ਗਏ ਹਨ।'' ਇਕ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਬੈਠਕਾਂ ਕਰਨ ਤੋਂ ਭੱਜ ਰਹੀ ਹੈ, ਤਰੀਕਾਂ ਬਦਲ ਰਹੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਵਾਅਦਿਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ ਮੁਆਫ਼ੀ, ਘਰ-ਘਰ ਰੋਜ਼ਗਾਰ ਦੇਣ ਸਮੇਤ ਡਰੱਗ, ਰੇਤ, ਸ਼ਰਾਬ, ਕੇਬਲ, ਟਰਾਂਸਪੋਰਟ ਅਤੇ ਬਿਜਲੀ ਮਾਫ਼ੀਆ ਆਦਿ ਮਾਮਲਿਆਂ 'ਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਤੰਜ ਕੀਤਾ ਕਿ ਸਿਰਫ਼ ਅਲੀ ਬਾਬਾ ਬਦਲਿਆ, 40 ਚੋਰ ਨਹੀਂ। ਮੁੱਖ ਮੰਤਰੀ ਦੇ ਹਲਕੇ ’ਚ ਅੱਜ ਵੀ ਸ਼ਰੇਆਮ ਰੇਤ ਮਾਫ਼ੀਆ ਕੰਮ ਕਰ ਰਿਹਾ ਹੈ। ਇਨ੍ਹਾਂ ਖੱਡਾਂ ’ਤੇ ਪੱਤਰਕਾਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਮਾਫ਼ੀਆ ਰਾਜ ਚਲਾਉਣ ਲਈ ਇਹ ਸਭ ਆਪਸ ’ਚ ਮਿਲੇ ਹੋਏ ਹਨ।
ਭਗਵੰਤ ਮਾਨ ਨੇ ਮੰਤਰੀਆਂ ਦੇ ਕੰਮਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਵੀ ਵਾਹ-ਵਾਹ ਖੱਟਣ ਲਈ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਕੱਚੀ-ਪਿੱਲੀ ਕਾਰਵਾਈ ਕਰ ਰਹੇ ਹਨ। ਗ੍ਰਹਿ ਮੰਤਰੀ ਸੁੱਖੀ ਰੰਧਾਵਾ ਨਾਕਿਆਂ ’ਤੇ ਜਾ ਕੇ ਥਾਣੇਦਾਰਾਂ ਨੂੰ ਸਸਪੈਂਡ ਕਰ ਰਹੇ ਹਨ। ਹੋਰ ਤਾਂ ਹੋਰ ਮੁੱਖ ਮੰਤਰੀ ਚੰਨੀ ਕੋਲ ਜਦੋਂ ਅਧਿਆਪਕ ਪੱਕੇ (ਰੈਗੂਲਰ) ਕਰਨ ਦੀ ਦਰਖਾਸਤ ਲੈ ਕੇ ਜਾਂਦੇ ਹਨ ਤਾਂ ਮੁੱਖ ਮੰਤਰੀ ਚੰਨੀ ਕਹਿੰਦੇ ਹਨ, ''ਹਮੇਂ ਤਾਂ ਆਪ ਕੱਚੇ ਮੁੱਖ ਮੰਤਰੀ ਹੋਵਾਂ, ਥੋਨੂੰ ਕਿਆ ਪੱਕੇ ਕਰਾਂ।'' ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ’ਚ ਦਫ਼ਤਰੀ ਪੱਧਰ 'ਤੇ ਫ਼ੈਸਲੇ ਲੈਣ ਅਤੇ ਲਾਗੂ ਕਰਨ ਦਾ ਕੰਮ ਕੋਈ ਨਹੀਂ ਕਰ ਰਿਹਾ। ਸਰਕਾਰ ਬਿਨਾਂ ਡਰਾਈਵਰ ਬੱਸ ਵਾਂਗੂ ਚੱਲ ਰਹੀ ਹੈ, ਪਤਾ ਨਹੀਂ ਕਿੱਥੇ ਜਾ ਕੇ ਡਿੱਗੇਗੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪੰਜਾਬ ਸਰਕਾਰ ਵੱਲੋਂ ਦੋ IPS ਅਧਿਕਾਰੀਆਂ ਦੇ ਤਬਾਦਲੇ
NEXT STORY