ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-ਬੇਸ਼ੱਕ ਸੜਕੀ ਢਾਂਚੇ 'ਚ ਵੱਡਾ ਸੁਧਾਰ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਜ਼ਿਲਾ ਤਰਨਤਾਰਨ ਨੂੰ 555 ਕਰੋੜ ਰੁਪਏ ਜ਼ਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਐਲਾਨ ਕੇਵਲ ਐਲਾਨ ਇਸ ਕਰਕੇ ਸਾਬਤ ਹੋ ਰਿਹਾ ਹੈ, ਕਿਉਂਕਿ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਂਉਦੇ ਕਸਬਾ ਢੰਡ ਜਿਥੇ ਮਹਿਜ਼ 24 ਮੀਟਰ ਸੜਕ ਦਾ ਰਸਤਾ ਪਿੱਛਲੇ ਕਰੀਬ 24 ਮਹੀਨਿਆਂ ਤੋਂ ਨਿਰਮਾਣ ਨੂੰ ਤਰਸ ਰਿਹਾ ਹੈ। ਹਲਾਤ ਇਹ ਬਣੇ ਹੋਏ ਹਨ ਕਿ ਜ਼ਿਲਾ ਲੋਕ ਨਿਰਮਾਣ ਵਿਭਾਗ ਵੱਲੋਂ ਬਜਟ ਨਾ ਹੋਣ ਦੀ ਹਾਲ ਦੁਹਾਈ ਪਾ ਕੇ ਪੱਲਾ ਝਾੜਿਆ ਜਾ ਰਿਹਾ ਹੈ। ਇਸ ਸੜਕੀ ਟੋਟੇ 'ਤੇ ਸੁੱਟਿਆ ਗਿਆ ਪੱਥਰ ਹੁਣ ਕਸਬੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਵੱਡੀ ਮੁਸ਼ੀਬਤ ਬਣਿਆ ਹੋਇਆ ਹੈ, ਜਿਸ ਕਾਰਨ ਆਏ ਦਿਨ ਕਈ ਹਾਦਸੇ ਵਾਪਰ ਰਹੇ ਹਨ ਅਤੇ ਇਨ੍ਹਾਂ ਹਾਦਸਿਆਂ ਦੌਰਾਨ ਦੁਕਾਨਦਾਰਾਂ 'ਤੇ ਰਾਹਗੀਰਾਂ ਦਾ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਅੱਡਾ ਢੰਡ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਕੰਵਲਜੀਤ ਸਿੰਘ, ਸੰਧੂ ਮੈਡੀਕਲ ਸਟੋਰ ਦੇ ਮਾਲਕ ਕਸ਼ਮੀਰ ਸਿੰਘ, ਹਰੀ ਸਿੰਘ ਕਰਿਆਨਾ ਸਟੋਰ ਵਾਲੇ, ਬੱਗਾ ਜਿਊਲਰਜ਼ ਵਾਲੇ, ਜਸਕਰਨ ਸਿੰਘ ਜੱਸੀ ਟੈਂਟ ਹਾਊਸ ਵਾਲੇ, ਰਤਨ ਟੈਲੀਕਾਮ ਵਾਲੇ, ਕੇ. ਪੀ. ਟੈਲੀਕਾਮ ਵਾਲੇ, ਗੁਰਲਾਲ ਸਿੰਘ, ਬਿੱਟੂ ਭੈਣੀ ਵਾਲੇ, ਸ਼ਰਨਜੀਤ ਸਿੰਘ ,ਬੱਬੂ ਹਾਰਡਵੇਅਰ ਅਤੇ ਗੁਰਦੀਪ ਸਿੰਘ ਆਦਿ ਨੇ ਲੋਕਾਂ ਲਈ ਵੱਡੀ ਮੁਸ਼ੀਬਤ ਬਣੀ ਇਸ ਸੜਕ ਦੇ ਟੋਟੇ ਦਾ ਨਿਰਮਾਣ ਜਾਂ ਇਸ ਟੋਟੇ ਦਾ ਪੈੱਚ ਵਰਕ ਕਰਾਉਣ ਦੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਜ਼ਿਲਾ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਮੀਂਹ ਪੈਣ ਉਪਰੰਤ ਇਸ ਜਗ੍ਹਾ 'ਤੇ ਕਈ-ਕਈ ਦਿਨ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ ਦਾ ਇਸ ਜਗ੍ਹਾ ਤੋਂ ਲੰਘਣਾ ਔਖਾ ਹੋ ਜਾਂਦਾ ਹੈ।
ਮਾਮਲਾ ਨਹੀਂ ਧਿਆਨ 'ਚ ਪਤਾ ਕਰਾ ਕੇ ਕੀਤੀ ਜਾਵੇਗੀ ਲੋੜੀਂਦੀ ਕਾਰਵਾਈ-ਐਕਸੀਅਨ
ਲੋਕ ਨਿਰਮਾਣ ਵਿਭਾਗ ਪੰਜਾਬ ਦੇ ਐਕਸੀਅਨ ਇੰਦਰਜੀਤ ਸਿੰਘ ਨਾਲ ਸਪੰਰਕ ਕਰਨ 'ਤੇ ਉਨ੍ਹਾਂ ਹੈਰਾਨੀ ਜਨਕ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਕਤ ਖਰਾਬ ਸੜਕ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਸੜਕ ਦੇ ਮਾਮਲੇ ਨੂੰ ਧਿਆਨ 'ਚ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਉਕਤ ਖਰਾਬ ਸੜਕ ਦਾ ਪਤਾ ਕਰਾਉਣਗੇ ਅਤੇ ਉਸ ਤੋਂ ਬਾਅਦ ਵਿਭਾਗ ਅਨੁਸਾਰ ਲੋੜੀਂਦੀ ਕਾਰਵਾਈ ਜੋ ਬਣਦੀ ਹੋਵੇਗੀ ਜ਼ਰੂਰ ਕੀਤੀ ਜਾਵੇਗੀ।
'ਆਪ' ਦੇ ਕਲੇਸ਼ ਤੋਂ ਦੁਖੀ ਸੂਬਾ ਮੀਤ ਪ੍ਰਧਾਨ ਬਾਜਵਾ ਨੇ ਦਿੱਤਾ ਅਸਤੀਫਾ
NEXT STORY