ਜ਼ੀਰਾ(ਗੁਰਮੇਲ ਸੇਖ਼ਵਾ) - ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਸਨੇਰ ਵਿਖੇ ਸਫੈਦੇ ਦੇ ਲੱਗੇ ਦਰੱਖਤ ਵੇਚ ਕੇ ਮਿਲੇ ਪੈਸਿਆਂ 'ਚੋਂ ਪਿਓ ਵਲੋਂ ਅੱਧਾ ਹਿੱਸਾ ਮੰਗਣ 'ਤੇ ਪੁੱਤਰ ਅਤੇ ਨੂੰਹ ਵੱਲੋਂ ਦਾਤਰ ਅਤੇ ਡਾਂਗ ਨਾਲ ਸੱਟਾਂ ਮਾਰ ਆਪਣੇ ਪਿਤਾ ਨੂੰ ਜ਼ਖ਼ਮੀਂ ਕਰ ਦਿੱਤਾ ਗਿਆ।
ਇਸ ਸਬੰਧੀ ਪੁਲਸ ਥਾਣਾ ਸਦਰ ਜ਼ੀਰਾ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਮਹਿੰਦਰ ਸਿੰਘ (84 ਸਾਲਾਂ) ਪੁੱਤਰ ਮੋਹਨ ਸਿੰਘ ਵਾਸੀ ਸਨ੍ਹੇਰ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸਨੇ ਆਪਣੇ ਜ਼ਮੀਨ ਨਾਲ ਜਾਂਦੀ ਪਹੀ ਨਾਲ ਸਫੈਦੇ ਦੇ ਦਰੱਖਤ ਲਗਾਏ ਹਨ, ਜੋ ਕਿ 36 ਹਜ਼ਾਰ ਰੁਪਏ ਦੇ ਵੇਚੇ ਹਨ। ਜਿਸ ਵਿੱਚੋਂ ਉਸਦਾ ਲੜਕਾ ਸਾਹਬ ਸਿੰਘ ਅਤੇ ਨੂੰਹ ਗੁਰਸ਼ਰਨ ਕੌਰ ਅੱਧੇ ਪੈਸੇ ਮੰਗਦੇ ਹਨ। ਉਸਦੇ ਲੜਕੇ ਦਾ ਸਾਢੂ ਦੋਸ਼ੀ ਬਲਵਿੰਦਰ ਸਿੰਘ ਇਨ੍ਹਾਂ ਦੋਵਾਂ ਨੂੰਹ-ਪੁੱਤਰ ਨੂੰ ਉਸਦੇ ਖਿਲਾਫ਼ ਉਕਸਾਉਂਦਾ ਰਹਿੰਦਾ ਸੀ। ਜਿਸਦੇ ਕਹਿਣ 'ਤੇ ਦੋਸ਼ੀ ਸਾਹਬ ਸਿੰਘ ਅਤੇ ਗੁਰਸ਼ਰਨ ਕੌਰ ਨੇ ਉਸ ਉੱਪਰ ਦਾਤਰ ਅਤੇ ਡਾਂਗ ਨਾਲ ਸੱਟਾਂ ਮਾਰੀਆਂ।
ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੀੜਤ ਪਿਓ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਜਿੱਥੇ ਸੱਟਾਂ ਜ਼ਿਆਦਾ ਲੱਗੀਆਂ ਹੋਣ ਕਰਕੇ ਪੀੜਤ ਨੂੰ ਫ਼ਰੀਦਕੋਟ ਗੁਰੂ ਗੋਬਿੰਦ ਕਾਲਜ ਰੈਫਰ ਕਰ ਕੀਤਾ ਗਿਆ। ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੋਸ਼ੀ ਸਾਹਬ ਸਿੰਘ ਪੁੱਤਰ ਮਹਿੰਦਰ ਸਿੰਘ, ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਧੰਨਾ ਸਿੰਘ, ਗੁਰਸ਼ਰਨ ਕੌਰ ਪਤਨੀ ਸਾਹਬ ਸਿੰਘ ਵਾਸੀਆਨ ਪਿੰਡ ਸਨੇਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ
NEXT STORY