ਲੁਧਿਆਣਾ (ਵਿੱਕੀ) : ਬੱਦੋਵਾਲ ਦੇ ਸਰਕਾਰੀ ਸੀ. ਸੈ. ਸਕੂਲ ਦਾ ਲੈਂਟਰ ਡਿੱਗਣ ਨਾਲ ਵਾਪਰੇ ਹਾਦਸੇ ਤੋਂ ਬਾਅਦ ਸੋਮਵਾਰ ਤੋਂ ਸਕੂਲ ਖੁੱਲ੍ਹਣ ਸਬੰਧੀ ਸਾਰਾ ਦਿਨ ਦੁਚਿੱਤੀ ਦੀ ਸਥਿਤੀ ਬਰਕਰਾਰ ਰਹੀ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿਨ ਭਰ ਚੱਲੇ ਵਿਚਾਰ-ਵਟਾਂਦਰੇ ਤੋਂ ਬਾਅਦ ਰਾਤ ਕਰੀਬ 11.45 ਵਜੇ ਫੈਸਲਾ ਲਿਆ ਗਿਆ ਕਿ ਸਕੂਲ ਦੀ ਇਮਾਰਤ ਅਗਲੇ ਹੁਕਮਾਂ ਤੱਕ ਸੀਲ ਰਹੇਗੀ ਜਦ ਕਿ ਇਥੇ ਪੜ੍ਹਦੇ 630 ਦੇ ਕਰੀਬ ਵਿਦਿਆਰਥੀਆਂ ਦੀਆਂ ਕਲਾਸਾਂ ਸੋਮਵਾਰ ਤੋਂ ਨਿਯਮਤ ਤੌਰ ’ਤੇ ਸ਼ੁਰੂ ਹੋ ਜਾਣਗੀਆਂ। ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਸਿੱਖਿਆ ਵਿਭਾਗ ਨੇ ਪਿੰਡ ਬੱਦੋਵਾਲ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਵਿਦਿਆਰਥੀਆਂ ਲਈ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐੱਲ. ਕੇ. ਜੀ. ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪ੍ਰਾਇਮਰੀ ’ਚ ਐਡਜਸਟ ਕੀਤਾ ਜਾਵੇਗਾ ਅਤੇ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਡਲ ਸਕੂਲ ’ਚ ਗਿਣਤੀ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਵੇਗਾ। ਜਦ ਕਿ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਵਿਖੇ ਲੱਗਣਗੀਆਂ। ਹਾਲਾਂਕਿ ਇਸ ਬਾਰੇ ਸਪੱਸ਼ਟ ਜਾਣਕਾਰੀ ਸੋਮਵਾਰ ਨੂੰ ਅਡਜਸਟਮੈਂਟ ਦਾ ਫੈਸਲਾ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ ਪਰ ਫਿਲਹਾਲ ਸਾਰਾ ਦਿਨ ਵਿਭਾਗ ਦਾ ਧਿਆਨ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨ ’ਤੇ ਲੱਗਾ ਰਿਹਾ।
ਇਹ ਵੀ ਪੜ੍ਹੋ : ਚੋਣਾਂ ਵੇਲੇ ਖੁਸ਼ੀ-ਗਮੀ ਦੇ ਮੌਕੇ ਪੈਰ ਮਿੱਧ-ਮਿੱਧ ਕੇ ਮੂਹਰੇ ਨਿਕਲਣ ਵਾਲੇ ਆਗੂ ਹੁਣ ਲੱਭੇ ਨਹੀਂ ਥਿਆਉਂਦੇ
ਜਾਣਕਾਰੀ ਅਨੁਸਾਰ ਬਦੋਵਾਲ ਦੇ ਇਸ ਸਰਕਾਰੀ ਸਕੂਲ ਨੂੰ ਡੀ. ਸੀ. ਦੇ ਹੁਕਮਾਂ ਤੋਂ ਬਾਅਦ ਹਾਦਸੇ ਵਾਲੇ ਦਿਨ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ, ਜਿਸ ਦੀ ਇਮਾਰਤ ਦੇ 100 ਮੀਟਰ ਦੇ ਘੇਰੇ ’ਚ ਵੀ ਜਾਣ ਦੀ ਮਨਾਹੀ ਹੈ ਪਰ ਸੋਮਵਾਰ ਨੂੰ ਜਦੋਂ ਸੂਬੇ ਭਰ ਦੇ ਸਾਰੇ ਸਕੂਲ 4 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹ ਰਹੇ ਹਨ ਤਾਂ ਇਸ ਸਕੂਲ ਦੇ ਮਾਪਿਆਂ ਕੋਲ ਵੀ ਸਵਾਲ ਸੀ ਕਿ ਹੁਣ ਉਨ੍ਹਾਂ ਦੇ ਬੱਚੇ ਕਿੱਥੇ ਪੜ੍ਹਣਗੇ। ਇਸ ਸਬੰਧੀ ਪ੍ਰਸ਼ਾਸਨਿਕ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸ਼ਨੀਵਾਰ ਤੋਂ ਹੀ ਮੀਟਿੰਗਾਂ ਕਰਨ ਵਿਚ ਲੱਗੇ ਹੋਏ ਸਨ। ਐਤਵਾਰ ਨੂੰ ਪਿੰਡ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ’ਚ ਕਲਾਸਾਂ ਲਗਾਉਣ ਦੀ ਗੱਲ ਨੂੰ ਅੰਤਿਮ ਰੂਪ ਦਿੰਦਿਆਂ ਜ਼ਿਲਾ ਸਿੱਖਿਆ ਵਿਭਾਗ ਨੇ ਪ੍ਰਸਤਾਵ ਸਰਕਾਰ ਨੂੰ ਮਨਜ਼ੂਰੀ ਲਈ ਭੇਜਿਆ ਸੀ, ਜਿਸ ਦੀ ਮਨਜ਼ੂਰੀ ਲਈ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਹੋਈ। ਦੇਰ ਰਾਤ ਪੌਣੇ 11 ਵਜੇ ਸੂਚਨਾ ਮਿਲੀ ਕਿ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਲਈ ਜਗ੍ਹਾ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸ ਦੀ ਸੂਚਨਾ ਬੱਦੋਵਾਲ ਸਕੂਲ ਦੇ ਸਟਾਫ਼ ਨੂੰ ਵੀ ਭੇਜ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਹਦਾਇਤਾਂ ’ਤੇ ਚੱਲਦਿਆਂ ਸਕੂਲ ਦੇ ਅਧਿਆਪਕਾਂ ਨੇ ਮਾਪਿਆਂ ਦੇ ਵਟਸਐਪ ਗਰੁੱਪਾਂ ’ਤੇ ਜਾਣਕਾਰੀ ਭੇਜ ਦਿੱਤੀ ਹੈ ਕਿ ਸੋਮਵਾਰ ਤੋਂ ਬੱਚਿਆਂ ਦੀ ਪੜ੍ਹਾਈ ਕਿੱਥੇ-ਕਿੱਥੇ ਸ਼ੁਰੂ ਹੋ ਰਹੀ ਹੈ।
ਇਹ ਵੀ ਪੜ੍ਹੋ : ਡਿਗਰੀ ਤੋਂ ਪਹਿਲਾਂ ਮਿਲੇ ਜੌਬ ਲੈਟਰ- ਯੂਥ ਦੇ ਉੱਜਵਲ ਭਵਿੱਖ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਬਣਨ ‘ਨੀਤੀਆਂ’
ਸਕੂਲ ਦੀ ਇਮਾਰਤ ਅਗਲੇ ਹੁਕਮਾਂ ਤੱਕ ਸੀਲ ਰਹੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਪਿੰਡ ਬੱਡੇਵਾਲ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਵੀ ਕਲਾਸਾਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਡਿੰਪਲ ਮਦਾਨ, ਡੀ. ਈ.ਓ. ਸੈਕੰਡਰੀ
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਕੀਤੇ ਜਾਣਗੇ ਆਮ ਆਦਮੀ ਕਲੀਨਿਕ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ’ਚੋਂ 9 ਸਾਲਾਂ ਵਿਚ 335 ਮੋਬਾਇਲ ਅਤੇ 22 ਸਿਮ ਕਾਰਡ ਬਰਾਮਦ
NEXT STORY